ਵਿਰਾਸਤ ਦੀ ਰੀੜ ਦੀ ਹੱਡੀ ਬਣੀ ਬੈਠਾ ਲੋਹ-ਪੁਰਸ਼ : ਤਸਵਿੰਦਰ ਸਿੰਘ ਬੜੈਚ

ਵਿਗਿਆਨਕ ਯੁੱਗ ਨੇ ਤਰੱਕੀ ਕਰਦਿਆਂ ਸਮੇਂ ਵਿਚ ਐਨੀ ਘੋਰ ਤਬਦੀਲੀ ਲਿਆ ਦਿੱਤੀ ਹੈ ਕਿ ਪੁਰਾਣਾ ਵਿਰਸਾ ਤਾਂ ਵਿਸਰਦਾ-ਵਿਸਰਦਾ ਲਗਭਗ ਵਿਸਰ ਹੀ ਗਿਆ ਹੈ।  ਅੱਜ ਕਿਸੇ ਨੂੰ ਖੇਤੀ-ਬਾੜੀ ਨਾਲ ਸਬੰਧਤ ਹਲ਼-ਪੰਜਾਲ਼ੀ, ਪਰੈਣ, ਛੈਂਟਾ, ਆਰ, ਸੁਹਾਗਾ, ਤੰਗਲੀ, ਸੰਲਘਾ, ਕਹੀ, ਜਿੰਦਰਾ, ਖੂਹ, ਟਿੰਡਾਂ, ਗਾਂਧੀ, ਘੇੜਾ, ਕੁੱਤਾ, ਪਾੜਛਾ, ਚੁਮੱਚਾ, ਮੌਣ, ਵੇਲਣਾ, ਕੜਾਹਾ, ਝਰਨੀ, ਗੰਡ, ਡੋਹਰਾ, ਖੁਰਚਣਾ,. . . ਘਰ ਤੇ ਰਸੋਈ ਨਾਲ ਸਬੰਧਤ ਕੜੀਆਂ-ਬਾਲੇ, ਸਤੀਰ, ਕਿੱਲੀ, ਆਲਾ, ਪਰਨਾਲਾ, . . .ਹਾਰਾ, ਕਾੜਨਾ, ਦਧੂਨਾ, ਚਾਪੜ, ਚਾਟੀ-ਮਧਾਣੀ, ਛੰਨਾ, ਲੋਟਾ, ਕੰਙਣੀ ਵਾਲਾ ਗਿਲਾਸ, ਚੁੱਲੇ-ਚੌਂਕੇ,  ਫੂਕਨਾ, ਚਿਮਟਾ, ਡੋਈ, ਕੂੰਡਾ-ਘੋਟਣਾ, ਨੇਤੀ, . . . ਤ੍ਰਿੰਜਣ ‘ਚ ਚਰਖੇ, ਪੀਹੜੀ, ਤਕਲਾ, ਗੁੱਝ, ਤੰਦ, ਪੂਣੀ, ਗਲੋਟੇ, ਬੋਹੀਆ, ਪੱਖੀ, ਹੱਥ-ਪੱਖਾ ਜਾਂ ਸੱਭਿਆਚਾਰਕ ਪੱਖ ਵਿਚ ਗੀਤਾਂ ਦੇ ਤਵੇ ਆਦਿ ਬਾਰੇ ਪੁੱਛ ਲਉ ਤਾਂ ਅਗਲਾ ਸੋਚਦਾ ਕਿ ਪਤਾ ਨਹੀ ਇਹ ਕਿਹੜੇ ਪਰੀ-ਦੇਸ਼ ਦੀਆਂ ਗੱਲਾਂ ਪੁੱਛ ਰਿਹਾ, ਸਾਥੋਂ।  ਪਰ ਬਲਿਹਾਰੇ ਜਾਈਏ ਓਸਦੇ, ਜਿਹੜਾ ਕਿ ਆਪਣੀ ਇਸ ਸ਼ਾਨਾਂ-ਮੱਤੀ ਵਿਰਾਸਤ ਨੂੰ ਅੱਜ ਦਿਨ ਵੀ ਸੰਭਾਲਣ ਅਤੇ ਜਿਊਂਦਾ-ਜਾਗਦਾ ਰੱਖ ਕੇ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਹਿੰਮਤ, ਦਲੇਰੀ ਅਤੇ ਮਿਹਨਤ ਨਾਲ ਦਿਨ-ਰਾਤ ਇਕ ਕਰ ਰਿਹਾ ਹੈ।  ਇਸ ਸਭੇ ਕੁਝ ਨੂੰ ਸੰਭਾਲਣ ਲਈ ਯਤਨਸ਼ੀਲ ਨੌ-ਜਵਾਨ ਹੈ –ਤਸਵਿੰਦਰ ਸਿੰਘ ਬੜੈਚ। 

          ਜਿਲਾ ਲੁਧਿਆਣਾ ਦੇ ਪਿੰਡ ਦੀਵਾਲਾ ਵਿਚ ਤਸਵਿੰਦਰ ਦਾ ਘਰ ਕੋਈ ਆਮ ਘਰ ਨਹੀ, ਬਲਕਿ ਇਕ ਅਜਾਇਬ-ਘਰ ਨੂੰ ਵੀ ਮਾਤ ਪਾਉਂਦਾ ਘਰ ਹੈ।  ਜਿਸ ਵਿਚ ਉਸ ਨੇ ਇਹ ਪੁਰਾਣਾ ਸਾਰਾ ਕੁਝ ਸਾਜੋ-ਸਮਾਜ ਸਾਖ਼ਸ਼ਾਤ ਸੰਭਾਲ ਰੱਖਿਆ ਹੈ।  ਪੁਰਾਣੇ- ਤੋਂ- ਪੁਰਾਣੇ ਸਿੱਕੇ, ਪੁਰਾਣੇ-ਤੋਂ-ਪੁਰਾਣਾ ਸਮਾਨ, ਪੁਰਾਣੇ ਗੀਤਾਂ ਦੇ ਤਵੇ ਆਦਿ ਦੇਖ ਕੇ ਮੱਲੋ-ਮੱਲੀ ਸ਼ਾਬਾਸ਼ੇ ਨਿਕਲਦੀ ਹੈ, ਦਰਸ਼ਕ ਦੇ ਮੂੰਹੋਂ।  ਤਸਵਿੰਦਰ ਇਸ ਵਿਰਾਸਤ ਨੂੰ ਘਰ ‘ਚ ਸੰਭਾਲਣ ਤੱਕ ਹੀ ਸੀਮਿਤ ਨਹੀ। ਉਹ ਇਕ ਉਚ-ਮਿਆਰੀ ਕਲਮ ਦਾ ਵਧੀਆ ਲੇਖਕ ਵੀ ਹੈ।  ਪੰਜਾਬੀ ਦਾ ਦੇਸ਼-ਵਿਦੇਸ਼ ਦਾ ਕਿਹੜਾ ਪੇਪਰ ਜਾਂ ਮੈਗਜ਼ੀਨ ਹੈ, ਜਿਸ ਵਿਚ ਉਸ ਦੀਆਂ ਕਹਾਣੀਆਂ, ਗੀਤ, ਲੇਖ ਅਤੇ ਮੁਲਾਕਾਤਾਂ ਨਹੀ ਛਪ ਰਹੀਆਂ। ਕਿੱਧਰੇ ਉਹ ਖੇਤਾਂ ਵਿਚ ਖੇਤੀ-ਬਾੜੀ ਦੇ ਸੰਦਾਂ ਹਲਾਂ-ਪੰਜਾਲੀਆਂ, ਬਲਦਾਂ, ਖੂਹਾਂ-ਟਿੰਡਾਂ, ਵੇਲਣਿਆਂ ਦੇ ਦਰਸ਼ਨ ਕਰਵਾ ਰਿਹਾ ਹੁੰਦਾ ਹੈ, ਕਿੱਧਰੇ ਪੁਰਾਣੇ ਕੱਖਾਂ ਦਿਆਂ ਢਾਰਿਆਂ ‘ਚ ਚੁੱਲਿਆਂ-ਚੌਕਿਆਂ, ਚਾਟੀਆਂ-ਮਧਾਣੀਆਂ ਦੇ, . . . ਕਿੱਧਰੇ ਉਹ ਤ੍ਰਿੰਜਣਾਂ ਵਿਚ ਲੈ ਵੜਦਾ ਹੈ ਅਤੇ ਕਿੱਧਰੇ ਕੱਚਿਆਂ ਕੋਠਿਆਂ ਦੇ ਬਨੇਰਿਆਂ ਉਤੇ ਵੱਜਦੇ ਸਪੀਕਰਾਂ ਦੀਆਂ ਪੈਂਦੀਆਂ ਗੂੰਜਾਂ ਵਿਚ ਲਿਜਾ ਖੜਾ ਕਰਦਾ ਹੈ, ਪਾਠਕ ਨੂੰ। ਫਿਰ, ਵਿਰਸੇ ਨੂੰ ਸੰਭਾਲ ਰਹੀਆਂ ਸਖਸ਼ੀਅਤਾਂ ਬਾਰੇ ਵੀ ਖੁੱਲਕੇ ਲਿਖਦਾ ਹੈ, ਉਹ।

          ਆਪਣੇ ਪਿੰਡ ਵਿਚ ਤਸਵਿੰਦਰ ਨੇ, ”ਗੁਰਸੇਵਕ ਸਿੰਘ” ਨਾਂ ਦੀ ਇਕ ਲਾਇਬਰੇਰੀ ਵੀ ਖੋਹਲ ਰੱਖੀ ਹੈ, ਜਿਸ ਨੂੰ ਉਹ ਖੁਦ ਮੇਨਟੇਨ ਕਰ ਰਿਹਾ  ਹੈ। ਇੱਥੇ ਹੀ ਬਸ ਨਹੀ, ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਵਿਚ ਰੁੜਨੇ ਤੋਂ ਬਚਣ ਲਈ, ਬਜ਼ੁਰਗਾਂ ਦੀ ਹੋ ਰਹੀ ਅਣਡਿੱਠੀ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਨੌਜਵਾਨਾਂ ਨੂੰ ਸਾਵਧਾਨ ਕਰਨ ਦਾ ਹੋਕਾ ਵੀ ਦਿੰਦਾ ਹੈ, ਇਹ ਨੌਜਵਾਨ ਆਪਣੀ ਕਲਮ ਰਾਂਹੀਂ।  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਉਸ ਨੇ ਆਪਣੇ ਪਿੰਡ ਦੀਵਾਲਾ ਵਿਚ ”ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ” ਬਣਾ ਕੇ ਖੇਡ ਮੈਦਾਨ ਤਿਆਰ ਕਰਵਾਇਆ ਹੈ। ਜਿਸ ਨੂੰ ਸਾਫ-ਸੁਥਰਾ ਬਣਾਉਣ ਵਿਚ ਆਪਣੇ ਸਾਥੀ ਪ੍ਰਧਾਨ ਸਤਨਾਮ ਸਿੰਘ ਬੜੈਚ, ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਫੌਜੀ, ਖਜ਼ਾਨਚੀ  ਹਰਦੀਪ ਸਿੰਘ ਫੌਜੀ ਅਤੇ ਮੈਂਬਰ ਗੁਰਪ੍ਰੀਤ ਸਿੰਘ ਗੋਪੀ, ਲਖਵੀਰ ਸਿੰਘ ਲੱਖਾ ਅਤੇ ਲੱਖੀ ਆਦਿ ਨੂੰ ਨਾਲ ਲੈਕੇ ਉਹ ਹਰ ਵਕਤ ਸਰਗਰਮ ਰਹਿੰਦਾ ਹੈ। ਇਸੇ ਤਰਾਂ ਪਿੰਡ ਦੇ ਸਕੂਲ ਦੀ ਪਾਰਕ ਦੀ ਸਾਂਭ-ਸੰਭਾਲ ਦਾ ਜਿੰਮਾ ਵੀ ਉਸਨੇ ਆਪਣੇ ਸਿਰ ਹੀ ਲੈ ਰੱਖਿਆ ਹੈ।  ਇਨਾਂ ਲੋਕ-ਭਲਾਈ ਕਾਰਜਾਂ ਵਿਚ ਉਸਦੀ ਜੀਵਨ-ਸਾਥਣ ਬੀਬੀ ਹਰਜਿੰਦਰ ਕੌਰ ਦੇ ਨਾਲ-ਨਾਲ ਬੇਟਾ ਕੋਮਲਪ੍ਰੀਤ ਸਿੰਘ ਅਤੇ ਅਕਸ਼ਪ੍ਰੀਤ ਸਿੰਘ ਵੀ ਪੂਰਾ ਸਾਥ ਦੇ ਰਹੇ ਹਨ। 

          ਸੈਂਕੜੇ ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੇ,  ”ਵਿਰਾਸਤ ਦੀ ਰੀੜ ਦੀ ਹੱਡੀ” ਬਣੀ ਬੈਠੇ ਇਸ ਲੋਹ-ਪੁਰਸ਼ ਤਸਵਿੰਦਰ ਸਿੰਘ ਬੜੈਚ ਦੀ ਸੋਚ ਨੂੰ ਕੋਟਿ-ਕੋਟਿ ਸਲਾਮ !  ਇਸ ਵਿਚ ਪੰਜਾਬ ਸਰਕਾਰ ਦਾ ਸਿਰ ਉਚਾ ਹੀ ਹੋਵੇਗਾ, ਜੇਕਰ ਇਸ ਨੌਜਵਾਨ ਨੂੰ ਸਟੇਟ ਐਵਾਰਡ ਦੇ ਕੇ ਇਸ ਦੇ ਵੱਡਮੁੱਲੇ ਸਲਾਹੁਣ-ਯੋਗ ਕਾਰਜਾਂ ਦੀ ਕਦਰ ਪਾਈ ਜਾਵੇ, ਜਿਸ ਦੇ ਲਈ ਕਿ ਹੱਕਦਾਰ ਵੀ ਬਣਦਾ ਹੈ ਉਹ।

          -ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641

ਸੰਪਰਕ : ਤਸਵਿੰਦਰ ਸਿੰਘ ਬੜੈਚ, 75279-31887

Leave a Reply

Your email address will not be published. Required fields are marked *