ਵਿਆਹ ਦੇ ਬੰਧਨ ‘ਚ ਬੱਝੇ CM ਭਗਵੰਤ ਮਾਨ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਇੱਥੇ ਆਪਣੀ ਰਿਹਾਇਸ਼ ’ਤੇ ਇੱਕ ਨਿੱਜੀ ਸਮਾਗਮ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਪਰਿਵਾਰਕ ਮੈਂਬਰਾਂ ਅਤੇ ਕੁਝ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ ਹੋਏ ਇਸ ਵਿਆਹ ਵਿੱਚ ਬੈਂਡ, ਬਾਜਾ ਅਤੇ ਬਾਰਾਤ ਨਹੀਂ ਸਨ। ਟੈਲੀਵਿਜ਼ਨ ਅਤੇ ਟਵਿੱਟਰ ‘ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ, ਮਾਨ ਅਤੇ ਉਨ੍ਹਾਂ ਦੀ ਲਾੜੀ ਨੂੰ ਆਨੰਦ ਕਾਰਜ (ਸਿੱਖ ਵਿਆਹ) ਦੀ ਰਸਮ ਪੂਰੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਉਥੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਕ ਟਵੀਟ ਕਰਕੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ‘@BhagwantMann ਤੁਹਾਡੇ ਆਨੰਦ ਕਾਰਜ ਦੀਆਂ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਤੁਹਾਨੂੰ ਤੇ ਭਾਭੀ ਜੀ ਨੂੰ ਸੁਖੀ ਤੇ ਸੁਖਾਵਾਂ ਵਿਵਾਹਿਤ ਜੀਵਨ ਬਖ਼ਸ਼ਣ।’

ਦੱਸ ਦੇਈਏ ਕਿ ਮਾਨ (48) ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਅਹੁਦੇ ‘ਤੇ ਰਹਿੰਦਿਆਂ ਹੀ ਵਿਆਹ ਕੀਤਾ ਹੈ। ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਹੋਵਾ ਦੀ ਰਹਿਣ ਵਾਲੀ ਹੈ। ਗੁਰਪ੍ਰੀਤ ਕੌਰ ਨੇ 2018 ਵਿੱਚ ਹਰਿਆਣਾ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਆਪਣੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕੀਤੀ ਸੀ। ਉਨ੍ਹਾਂ ਦੀਆਂ 2 ਵੱਡੀਆਂ ਭੈਣਾਂ ਹਨ, ਜੋ ਵਿਦੇਸ਼ ਵਿੱਚ ਰਹਿੰਦੀਆਂ ਹਨ। ਮਾਨ ਦਾ ਇਹ ਦੂਜਾ ਵਿਆਹ ਹੈ। ਉਹ 2015 ਵਿੱਚ ਆਪਣੀ ਪਹਿਲੀ ਪਤਨੀ ਤੋਂ ਵੱਖ ਹੋ ਗਏ ਸਨ। ਮਾਨ ਦੇ ਪਹਿਲੇ ਵਿਆਹ ਤੋਂ 2 ਬੱਚੇ ਸੀਰਤ ਕੌਰ (21) ਅਤੇ ਦਿਲਸ਼ਾਨ (17) ਹਨ।

Leave a Reply

Your email address will not be published. Required fields are marked *