ਪੰਜਾਬੀ ਸਾਹਿਤ ਸਭਾ ਸਟਾਕਟਨ ਦੀ ਚੋਣ ਸਰਬ ਸੰਮਤੀ ਨਾਲ ਸੰਪੰਨ।
ਸਟਾਕਟਨ (ਬਿਊਰੋ ਨਿਊਜ਼) ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਬੀਤੀ 26 ਜੂਨ ਨੂੰ ਕਰੋਨਾ ਮਹਾਮਾਰੀ ਦੇ ਪਸਾਰ ਨੂੰ ਧਿਆਨ ਵਿਚ ਰੱਖਦਿਆਂ ਵੀਡੀਓ ਕਾਨਫਰੰਸ ਕੀਤੀ ਗਈ। ਰੂ-ਬ-ਰੂ ਹੋਏ ਮੈਂਬਰਾਂ ਨੂੰ ਜੀ ਆਇਆਂ ਕਹਿਣ ਉਪਰੰਤ ਮਿਥੇ ਏਜੰਡੇ ਅਨੁਸਾਰ ਪਹਿਲੇ ਦੌਰ ਦੌਰਾਨ ਸਭਾ ਦੀ ਕਾਰਜਕਰਣੀ ਦੀ ਚੋਣ ਅਰੰਭੀ ਗਈ । ਚੋਣ ਪ੍ਰਕਿਰਿਆ ਦੇ ਹਰ ਪੜ੍ਹਾਅ ਨੂੰ ਸ਼ਾਮਲ ਮੈਂਬਰਾਂ ਦੀ ਪੂਰਨ ਰਜ਼ਾਮੰਦੀ ਅਤੇ ਸਹਿਮਤੀ ਨਾਲ ਨੇਪਰੇ ਚਾੜ੍ਹਿਆ ਗਿਆ। ਵਿਧੀਵਤ ਚੋਣ ਅਨੁਸਾਰ ਡਾ. ਗੋਬਿੰਦਰ ਸਿੰਘ ਸਮਰਾਉ ਅਤੇ ਤ੍ਰਿਪਤ ਸਿੰਘ ਭੱਟੀ ਨਵੇਂ ਡਾਇਰੈਕਟਰ ਚੁਣੇ ਗਏ। ਹਰਜਿੰਦਰ ਪੰਧੇਰ ਦੀ ਅਗਵਾਈ ਵਿਚ ਪੂਰਨ ਵਿਸ਼ਵਾਸ਼ ਪ੍ਰਗਟਾਉਂਦਿਆਂ ਸਮੂਹ ਮੈਂਬਰਾਂ ਵਲੋਂ ਫਿਰ ਤੋਂ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਜ਼ਿਮੇਵਾਰੀ ਸੰਭਾਲੀ ਗਈ। ਚੋਣ ਪ੍ਰਕਿਰਿਆ ਨੂੰ ਅੱਗੇ ਤੋਰਦਿਆਂ ਗੁਰਪ੍ਰੀਤ ਕੌਰ ਨੂੰ ਜਨਰਲ ਸਕੱਤਰ, ਡਾ ਰਵੀ ਸ਼ੇਰ ਗਿੱਲ ਨੂੰ ਸਾਹਿਤ ਸਕੱਤਰ, ਮਨਜੀਤ ਕੌਰ ਸੰਧੂ ਨੂੰ ਆਰਗੇਨਾਈਜ਼ਰ, ਜਸਵੰਤ ਸਿੰਘ ਸੈਦੋਕੇ ਨੂੰ ਸਭਿਆਚਾਰਕ ਵਿੰਗ ਦਾ ਸਕੱਤਰ, ਮ੍ਰਗਿੰਦਰ ਪੰਧੇਰ ਨੂੰ ਖਜ਼ਾਨਚੀ ਅਤੇ ਹਰਨੇਕ ਸਿੰਘ ਨੂੰ ਮੀਤ ਪ੍ਰਧਾਨ ਦੇ ਤੌਰ ਤੇ ਚੁਣਿਆ ਗਿਆ। ਸਭਾ ਦੀ ਸਰਪ੍ਰਸਤੀ ਲਈ ਚਰਨਜੀਤ ਸਿੰਘ ਸਾਹੀ ਅਤੇ ਸਤਨਾਮ ਸਿੰਘ ਸੰਧੂ ਜੀ ਦੇ ਨਾਵਾਂ ਤੇ ਖੁਸ਼ੀ ਪ੍ਰਗਟਾਈ ਗਈ। ਸਭਾ ਦੇ ਮੁਢਲੇ ਮੈਂਬਰ ਜਸਵੰਤ ਸਿੰਘ ਸ਼ਾਦ ਨੇ ਫੋਨ ਉਤੇ ਗਲਬਾਤ ਕਰਦਿਆਂ ਸਭਾ ਨਾਲ ਲਗਾਤਾਰ ਜੁੜ੍ਹੇ ਰਹਿਣ ਦਾ ਅਹਿਦ ਨਿਭਾਇਆ। ਇਸ ਉਪਰੰਤ ਹਰਜਿੰਦਰ ਪੰਧੇਰ ਵਲੋਂ ਸਭਾ ਦੇ ਸਵਿਧਾਨ ਨੂੰ ਸਾਰੇ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ। ਖੁਲ੍ਹਾ ਵਿਚਾਰ ਵਟਾਂਦਰਾ ਕਰਨ ਉਪਰੰਤ ਉਨ੍ਹਾਂ ਦੀ ਸਮੂਹਿਕ ਰਜ਼ਾਮੰਦੀ ਪ੍ਰਾਪਤ ਕੀਤੀ ।
ਅਗਲੇਰਾ ਦੌਰ ਸਾਹਿਤੱਕ ਰਚਨਾਵਾਂ ਦੇ ਰੰਗ ਦਾ ਸੀ। ਜਿਸ ਵਿਚ ਬੀਬੀ ਮਨਜੀਤ ਕੌਰ ਸੇਖੋ ਅਤੇ ਚਰਨਜੀਤ ਸਿੰਘ ਸਾਹੀ ਨੇ ਧੀਆਂ ਦੇ ਮਾਣ ਵਿਚ ਆਪਣੀਆਂ ਨਵ-ਲਿਖਤ ਰਚਨਾਵਾਂ ਨਾਲ ਸਾਂਝ ਪਾਈ। ਤ੍ਰਿਪਤ ਸਿੰਘ ਭੱਟੀ ਅਤੇ ਹਰਨੇਕ ਸਿੰਘ ਨੇ ਆਪਣੀਆਂ ਮਿੰਨੀ ਕਹਾਣੀਆਂ ਪੇਸ਼ ਕੀਤੀਆਂ। ਉਸ ਦਿਨ ਦੀ ਸਭਾ ਦੀ ਸਾਰੀ ਕਾਰਗੁਜ਼ਾਰੀ ਨੂੰ ਗੁਰਪ੍ਰੀਤ ਕੌਰ ਨੇ ਸਕੱਤਰ ਦੇ ਤੌਰ ਤੇ ਮਿਥੇ ਹੋਏ ਸਮੇਂ ਦੇ ਅੰਦਰ ਬਾਖੂਬੀ ਤੇ ਸੰਜੀਦਗੀ ਨਾਲ ਨੇਪਰੇ ਚਾੜ੍ਹਿਆ। ਸਭਾ ਦੀ ਸਾਲਾਂ ਬੱਧੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਡਾ. ਦਵਿੰਦਰ ਸਿੰਘ ਸੰਧੂ, ਡਾ. ਤੇਜਿੰਦਰ ਸਿੰਘ ਸੰਧੂ ਅਤੇ ਤਰਸੇਮ ਸਿੰਘ ਘੁੰਮਣ ਨੇ ਨਵੇਂ ਮੈਂਬਰਾਂ ਦੇ ਤੌਰ ਤੇ ਨਾ ਸਿਰਫ ਸ਼ਮੂਲੀਅਤ ਹੀ ਕੀਤੀ ਸਗੋਂ ਇਸ ਦੇ ਪਸਾਰ ਲਈ ਵੱਧ ਚੜ੍ਹ ਕੇ ਹਿਸਾ ਲੈਣ ਅਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਉਤਸ਼ਾਹ ਵੀ ਪ੍ਰਗਟਾਇਆ।।
ਰਿਪੋਰਟ : ਹਰਜਿੰਦਰ ਪੰਧੇਰ, ਫੋਨ; 209-610-5055