ਉਤਰਾਖੰਡ ਵਿੱਚ ਪੰਜਾਬ ਦੇ 9 ਵਿਅਕਤੀਆਂ ਦੀ ਮੌਤ

 

ਨੈਨੀਤਾਲ : ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਅੱਜ ਤੜਕੇ ਮੀਂਹ ਕਾਰਨ ਢੇਲਾ ਨਦੀ ਵਿੱਚ ਕਾਰ ਵਹਿਣ ਕਾਰਨ ਪੰਜਾਬ ਦੇ 9 ਵਸਨੀਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਪੁਲੀਸ ਅਨੁਸਾਰ ਹਾਦਸਾ ਸਵੇਰੇ 6.45 ਵਜੇ ਦੇ ਕਰੀਬ ਉਸ ਸਮੇਂ ਹੋਇਆ, ਜਦੋਂ ਇਹ ਪੰਜਾਬ ਪਰਤ ਰਹੇ ਸਨ। ਹਾਦਸੇ ਦਾ ਸ਼ਿਕਾਰ ਹੋਏ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਪੰਜ ਹੋਰ ਕਾਰ ਵਿੱਚ ਫਸੇ ਹੋਏ ਹਨ। ਹਾਦਸੇ ਵਿੱਚ ਬਚੀ 22 ਸਾਲਾ ਔਰਤ ਨਾਜ਼ੀਆ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਸ ਨੂੰ ਇਲਾਜ ਲਈ ਰਾਮਨਗਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ 10 ਸੈਲਾਨੀ ਢੇਲਾ ਦੇ ਇੱਕ ਰਿਜ਼ੋਰਟ ਵਿੱਚ ਰੁਕੇ ਹੋਏ ਸਨ।

ਪਟਿਆਲਾ : ਮਾਰੇ ਗਏ 9 ਜਣਿਆਂ ਵਿੱਚੋਂ ਤਿੰਨ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ, ਜਦਕਿ ਇਕ ਸੰਗਰੂਰ ਦਾ ਹੈ। ਇਹ ਸਾਰੇ ਡੀਜੇ ਪਾਰਟੀ ਦੇ ਮੈਂਬਰ ਸਨ ਅਤੇ ਪ੍ਰੋਗਰਾਮ ਭੁਗਤਾਉਣ ਲਈ ਉੱਤਰਾਖੰਡ ਗਏ ਸਨ। ਮ੍ਰਿਤਕਾਂ ਵਿਚੋਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਜਣਿਆਂ ਵਿਚੋਂ ਦੋ ਔਰਤਾਂ ਹਨ। ਇਨ੍ਹਾਂ ਵਿਚੋਂ ਜਾਹਨਵੀ ਉਰਫ ਸਪਨਾ ਵਾਸੀ ਪਿੰਡ ਇੰਦਰਪੁਰਾ ਪਟਿਆਲਾ ਅਤੇ ਕਵਿਤਾ ਪਤਨੀ ਭੁਪਿੰਦਰ ਸਿੰਘ ਵਾਸੀ ਅੰਗਦ ਦੇਵ ਕਲੋਨ਼ੀ ਰਾਜਪੁਰਾ ਦੀ ਰਹਿਣ ਵਾਲੀ ਸੀ। ਪਵਨ ਜੈਕਬ ਪੁੱਤਰ ਸੁਰਜੀਤ ਜੈਕਬ ਪਟਿਆਲਾ ਦੀ ਭੀਮ ਬਸਤੀ ਸਫਾਬਾਦੀ ਗੇਟ ਦਾ ਵਸਨੀਕ ਸੀ। ਮਿ੍ਤਕਾ ’ਚ ਅਮਨਦੀਪ ਸਿੰਘ ਵਾਸੀ ਭਵਾਨੀਗੜ੍ਹ ਵੀ ਸ਼ਾਮਲ ਹੈ। ਮ੍ਰਿਤਕਾਂ ਵਿੱਚੋਂ ਇੱਕ ਹੋਰ ਪਟਿਆਲਾ ਵਾਸੀ ਦੀ ਸ਼ਨਾਖ਼ਤ ਇਕਬਾਲ ਕੁਮਾਰ ਪੁੱਤਰ ਬਾਵਾ ਰਾਮ ਵਾਸੀ ਭੀਮ ਕਲੋਨੀ ਸਫਾਬਾਦੀ ਗੇਟ ਵਜੋਂ ਹੋਈ ਹੈ।

Leave a Reply

Your email address will not be published. Required fields are marked *