ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸੰਦੀਪ ਕਾਹਲੋਂ ਗ੍ਰਿਫ਼ਤਾਰ

ਲੁਧਿਆਣਾ: ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲਸ ਨੇ ਫਰਾਰ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੂਸੇਵਾਲਾ ਕਤਲ ਕਾਂਡ ਵਿਚ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਲਈ ਵਰਤੀ ਗਈ ਗੱਡੀ ਦੇ ਗ੍ਰਿਫ਼ਤਾਰ ਕੀਤੇ ਗਏ ਮਾਲਕ ਤੇ ਘੋੜਿਆਂ ਦੇ ਵਪਾਰੀ ਸਤਬੀਰ ਸਿੰਘ ਦੇ ਪਰਿਵਾਰ ਨੇ ਇਹ ਦੋਸ਼ ਲਗਾਏ ਸਨ ਕਿ ਸਤਬੀਰ ਨੇ ਸੰਦੀਪ ਦੇ ਕਹਿਣ ’ਤੇ ਹੀ ਤਿੰਨ ਲੋਕਾਂ ਨੂੰ ਲਿਫਟ ਦਿੱਤੀ ਸੀ। ਇਸੇ ਗੱਡੀ ਦੀ ਪੈਟਰੋਲ ਪੰਪ ’ਤੇ ਆਈ ਫੁਟੇਜ ਦੇ ਆਧਾਰ ’ਤੇ ਸਤਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੰਦੀਪ ਕਾਹਲੋਂ ਇਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਅਤੇ ਲੁਧਿਆਣਾ ਪੁਲਸ ਵਲੋਂ ਸੰਦੀਪ ਦੀ ਗ੍ਰਿਫ਼ਤਾਰੀ ਲਈ ਉਸ ਦੇ ਘਰ ਪਿੰਡ ਦਾਦੂਜੋੜ ਫਤਿਹਗੜ੍ਹ ਚੂੜੀਆ, ਗੁਰਦਾਸਪੁਰ ਵਿਚ ਰੇਡ ਕੀਤੀ ਜਾ ਰਹੀ ਸੀ। ਲੁਧਿਆਣਾ ਪੁਲਸ ਦੇ ਸੀ. ਆਈ. ਏ. ਸਟਾਫ 1 ਦੀ ਇੰਚਾਰਜ ਬੇਅੰਤ ਜੁਨੇਜਾ ਦੀ ਟੀਮ ਨੇ ਐੱਫ. ਆਈ. ਆਰ. ਨੰਬਰ 139/22 ਅੰਡਰ ਸੈਕਸ਼ਨ 25/54/59 ਦੇ ਤਹਿਤ ਬਾੜੇਵਾਲ ਕੈਨਾਲ ਦੇ ਨੇੜਿਓਂ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਦਾਲਤ ’ਚ ਪੁਲਸ ਰਿਮਾਂਡ ਲਈ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

Leave a Reply

Your email address will not be published. Required fields are marked *