ਸੌਦਾ ਸਾਧ ਬਰਗਾੜੀ ਬੇਅਦਬੀ ਮਾਮਲੇ ’ਚ ਨਾਮਜ਼ਦ

ਫ਼ਰੀਦਕੋਟ : ਪੰਜਾਬ ਦੇ ਧਾਰਮਿਕ ਤੇ ਸਿਆਸੀ ਖੇਤਰ ਵਿਚ ਤਰਥੱਲੀ ਮਚਾਉਣ ਵਾਲੇ ਬਰਗਾੜੀ ਬੇਅਦਬੀ ਕਾਂਡ ‘ਚ ਪੰਜ ਸਾਲ ਬਾਅਦ ਹੁਣ ਨਵਾਂ ਮੋੜ ਆ ਗਿਆ ਹੈ। ਘਟਨਾ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਸੌਦਾ ਸਾਧ ਨੂੰ ਨਾਮਜ਼ਦ ਕਰ ਲਿਆ ਹੈ। ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਨੂੰ ਹਿਰਾਸਤ ਵਿਚ ਲੈਣ ਲਈ ਐੱਸਆਈਟੀ ਨੇ ਅਦਾਲਤ ਵਿਚ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ ਜਿਸ ਦੀ ਸੁਣਵਾਈ ਅਦਾਲਤ ਵੱਲੋਂ ਅੱਠ ਜੁਲਾਈ ਨੂੰ ਨਿਸ਼ਚਤ ਕੀਤੀ ਗਈ ਹੈ।

ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮੁਕੱਦਮਿਆਂ (ਪਾਵਨ ਸਰੂਪ ਚੋਰੀ ਕਰਨ, ਪੋਸਟਰ ਲਾਉਣ ਤੇ ਬੇਅਦਬੀ ਕਰਨ) ਦੀ ਜਾਂਚ ਕਰ ਰਹੇ ਐੱਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ੰਥ ਸਾਹਿਬ ਦੇ ਚੋਰੀ ਹੋਏ ਸਰੂਪ ਦੇ ਮਾਮਲੇ ਦੀ ਅੱਜ ਤਕ ਦੀ ਜਾਂਚ ਦਾ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ ਜਿਸ ਵਿਚ 11 ਲੋਕ ਮੁਲਜ਼ਮ ਹਨ। ਐੱਸਆਈਟੀ ਵੱਲੋਂ ਮੁਕੱਦਮੇ ਵਿਚ ਜੋ ਹੋਰ ਨਾਂ ਜੋੜੇ ਗਏ ਹਨ ਉਨ੍ਹਾਂ ਵਿਚ ਸੌਦਾ ਸਾਧ ਤੇ ਉਸਦੇ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ ਹਨ। ਉਨ੍ਹਾਂ ਦੱਸਿਆ ਕਿਸ ਾਧ ਨੂੰ ਹਿਰਾਸਤ ਵਿਚ ਲੈਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਹੈ ਜਦਕਿ ਬਾਕੀ ਤਿੰਨਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮੇ ਵਿਚ ਡੇਰਾ ਮੁਖੀ ਦਾ ਨਾਂ ਜੋੜੇ ਜਾਣ ਕਾਰਨ ਉਨ੍ਹਾਂ ਨੇ ਹੁਣ ਤਕ ਦੀ ਛਾਣਬੀਨ ਤੇ ਤੱਥਾਂ ਦਾ ਹੋਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁਕੱਦਮੇ ਵਿਚ ਜੋ ਵੀ ਲੋਕ ਗਿ੍ਫ਼ਤਾਰ ਕੀਤੇ ਗਏ ਹਨ ਉਨ੍ਹਾਂ ਦੇ ਬਿਆਨਾਂ ਤੋਂ ਤੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕਿਸ ਤਰ੍ਹਾਂ ਚੋਰੀ ਕੀਤੀ, ਚੋਰੀ ਕੀਤੇ ਜਾਣ ਬਾਅਦ ਅਗਲੇ ਚਾਰ ਮਹੀਨਿਆਂ ਤਕ ਮੁਲਜ਼ਮਾਂ ਨੇ ਡੇਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਗ੍ੰਥ ਸਾਹਿਬ ਨੂੰ ਲੁਕਾ ਕੇ ਰੱਖਿਆ ਤੇ ਡੇਰੇ ਤੋਂ ਹੀ ਮਿਲੇ ਨਿਰਦੇਸ਼ਾਂ ਅਨੁਸਾਰ ਮੁਲਜ਼ਮਾਂ ਨੇ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਕੀਤੀ।

ਮੁਲਜ਼ਮਾਂ ਵੱਲੋਂ ਬੇਅਦਬੀ ਕੀਤੇ ਜਾਣ ਦਾ ਕਾਰਨ ਡੀਆਈਜੀ ਖੱਟੜਾ ਨੇ ਦੱਸਿਆ ਕਿ 2007 ਤੋਂ ਬਾਅਦ ਮਾਲਵੇ ਦੇ ਇਸ ਹਿੱਸੇ ਵਿਚ ਡੇਰੇ ਦਾ ਪ੍ਰਭਾਵ ਤੇਜ਼ੀ ਨਾਲ ਵੱਧ ਰਿਹਾ ਸੀ, ਇਸ ਦਰਮਿਆਨ 2015 ਵਿਚ ਡੇਰਾ ਮੁਖੀ ਦੀ ਐੱਮਐੱਸਜੀ ਫਿਲਮ ਰਿਲੀਜ਼ ਹੋਈ ਜਿਸ ਨੂੰ ਲੈ ਕੇ ਇੱਥੇ ਕੁਝ ਸਿੱਖ ਜਥੇਬੰਦੀਆਂ ਨਾਲ ਡੇਰੇ ਦੀ ਤਕਰਾਰ ਵੀ ਹੋਈ, ਅਜਿਹੇ ਵਿਚ ਮੁਲਜ਼ਮਾਂ ਨੇ ਡੇਰਾ ਹੈੱਡਕੁਆਰਟਰ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਬਦਲੇ ਦੀ ਭਾਵਨਾ ਨਾਲ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ੰਥ ਸਾਹਿਬ ਦਾ ਸਰੂਪ ਚੋਰੀ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸਬੂਤਾਂ ਤੇ ਬਿਆਨਾਂ ਦੇ ਆਧਾਰ ‘ਤੇ ਅੱਗੇ ਵੱਧ ਰਹੀ ਹੈ ਅਤੇ ਸਹੀ ਦਿਸ਼ਾ ਵਿਚ ਜਾ ਰਹੀ ਹੈ।

Leave a Reply

Your email address will not be published. Required fields are marked *