ਸ ਸਿਮਰਨਜੀਤ ਸਿੰਘ ਮਾਨ ਬਿਆਨਬਾਜੀ ਕਰਨ ਦੀ ਬਜਾਏ ਲੋਕ ਫ਼ਤਵੇ ਦੇ ਮਕਸਦ ਦੀ ਕਦਰ ਕਰਨ-ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)

ਇਹ ਸਵਾਲ ਵੈਸੇ ਕਿਸੇ ਤਰਾਂ ਵੀ ਬਣਦਾ ਨਹੀਂ, ਪਰ ਸੰਗਰੂਰ ਜ਼ਿਮਨੀ ਚੋਣ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਕੇ ਦੇਸ਼ ਦੀ ਲੋਕ ਸਭਾ ਚ ਪਹੁੰਚਣ ਵਾਲੇ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਚ ਪਰਵੇਸ਼ ਕਰਨ ਤੋ ਪਹਿਲਾ ਹੀ ਇਹ ਬੇਤੁਕਾ ਬਿਆਨ ਦੇ ਕੇ ਜਿੱਥੇ ਆਪਣੀ ਅਕਲ ਦਾ ਤਕਾਜ਼ਾ ਦੇ ਦਿੱਤਾ ਹੈ, ਉੱਥੇ ਇਹ ਸੰਕੇਤ ਵੀ ਦੇ ਦਿੱਤਾ ਹੈ ਮੁਲਕ ਦੀ ਆਨ ਤੇ ਸ਼ਾਨ ਬਹਾਲ ਕਰਨ ਵਾਲੇ ਸ ਭਗਤ ਸਿੰਘ ਹੀ ਨਹੀਂ ਬਲਕਿ ਇਸ ਮਕਸਦ ਵਾਸਤੇ 80 ਤੋਂ 90 ਫੀਸਦੀ ਤੱਕ ਆਪਣੀਆ ਜਾਨਾਂ ਦੀ ਆਹੂਤੀ ਦੇਣ ਵਾਲੇ ਬਾਰੀ ਪੰਜਾਬੀ ਵੀ ਅੱਤਵਾਦੀ ਹੀ ਸਨ । ਸ ਸਿਮਰਨਜੀਤ ਸਿੰਘ ਮਾਨ ਇਸ ਤਰਾਂ ਦੇ ਬੇਥਵੇ ਬਿਆਨ ਦੇ ਕੀ ਸਾਬਤ ਕਰਨਾ ਚਾਹੁੰਦੇ ਹਨ ਜਾਂ ਫਿਰ ਕਿਹੜਾ ਮਨੋਰਥ ਹੱਲ ਕਰਨਾ ਚਾਹੁੰਦੇ ਹਨ, ਇਸ ਬਾਰੇ ਤਾਂ ਸਿਰਫ ਉਹ ਹੀ ਦੱਸ ਸਕਦੇ ਹਨ, ਪਰ ਦੇਸ਼ ਦੀ ਲੋਕ ਸਭਾ ਚ ਪਰਵੇਸ਼ ਕਰਨ ਤੋਂ ਪਹਿਲਾ ਉਕਤ ਬਿਆਨ ਦੇਂਦੇ ਸਮੇਂ ਉਹ ਇਹ ਭੁੱਲ ਗਏ ਕਿ ਜਿਸ ਭਗਤ ਸਿੰਘ ਨੂੰ ਉਹ ਅੱਤਵਾਦੀ ਦੱਸ ਰਹੇ ਹਨ , ਉਸ ਦੀ ਕੁਰਬਾਨੀ ਦਾ ਦੇਸ਼ ਦੀ ਅਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਏਹੀ ਕਾਰਨ ਹੈ ਕਿ ਉਸ ਦਾ ਬੁੱਤ ਵੀ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾ ਦੇ ਨਾਲ ਉਸੇ ਲੋਕ ਸਭਾ ਵਿੱਚ ਲੱਗਾ ਹੋਇਆ ਹੈ, ਜਿੱਥੇ ਜਾ ਕੇ ਸ ਸਿਮਰਨਜੀਤ ਸਿੰਘ ਮਾਨ ਨੇ ਸੰਹੁ ਚੁੱਕਣੀ ਹੈ ਤੇ ਪੰਜਾਬ ਦੇ ਲੋਕਾਂ ਦੇ ਮਸਲੇ ਉਠਾਉਣੇ ਹਨ ।
ਜੇਕਰ ਇਸ ਤਰਾਂ ਦੀਆ ਬੇਥਵੀਆਂ ਹੀ ਮਾਰਨੀਆਂ ਹਨ ਤਾਂ ਸ ਮਾਨ ਨੂੰ ਆਪਣੇ ਨਿਸ਼ਾਨੇ ਤੋਂ ਭਟਕਿਆ ਹੋਇਆ ਲੋਕ ਸਭਾ ਮੈਂਬਰ ਸਮਝਿਆਂ ਜਾਵੇਗਾ ਜੋ ਲੋਕਾਂ ਦੇ ਮੁੱਦੇ, ਮੌਕੇ ਦੀ ਭਾਰਤ ਸਰਕਾਰ ਸਾਹਮਣੇ ਰੱਖਣ ਦੀ ਬਜਾਏ, ਉਹ ਨਵੇਂ ਬਿਖੇੜੇ ਖੜੇ ਕਰਨ ਵਿੱਚ ਆਪਣਾ ਸਮਾਂ ਬਰਬਾਦ ਕਰਨ ਵੱਲ ਵਧੇਰੇ ਧਿਆਨ ਦੇਂਦਾ ਹੋਵੇ ਜਿਹਨਾ ਵਿੱਚੋਂ ਹਰ ਰਾਲਤ ਚ ਪ੍ਰਾਪਤੀ ਮਾਈਨਸ ਜੀਰੋ ਹੋਵੇਗੀ ।
ਸ਼ਹੀਦ ਏ ਆਜਮ ਭਗਤ ਸਿੰਘ ਦੀ ਨਾ ਹੀ ਸਾਂਡਰਸ ਨਾਲ ਤੇ ਨਾ ਦੇਸ਼ ਦੀ ਪਾਰਲੀਮੈਂਟ ਜਾਂ ਕਿਸੇ ਹੋਰ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਤੇ ਨਾ ਹੀ ਉਸ ਨੇ ਉਹਨਾ ਨਾਲ ਕੋਈ ਵੱਟ ਬੰਨਾ ਵੰਡਣਾ ਸੀ । ਉਹਨਾਂ ਨੇ ਜੋ ਵੀ ਕੀਤਾ ਮੌਕੇ ਦੇ ਹਾਲਾਤਾਂ ਮੁਕਾਬਿਕ ਭਾਰਤੀ ਲੋਕਾਂ ਦੇ ਹਿਤ ਵਾਸਤੇ ਕੀਤਾ ਤੇ ਅੰਗਰੇਜ਼ਾਂ ਨੂੰ ਇਹ ਦੱਸਣ ਵਾਸਤੇ ਕੀਤਾ ਕਿ ਉਹਨਾ ਦੁਆਰਾ ਕੀਤਾ ਜਾ ਰਿਹਾ ਦਮਨ ਸ਼ੋਸ਼ਣ ਦੇਸ਼ ਦੇ ਲੋਕਾਂ ਵੱਲੋਂ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਹਨਾਂ ਨੇ ਆਪਣੇ ਤਰੀਕੇ ਨਾਲ ਅੰਗਰੇਜ ਨੂੰ ਖ਼ਬਰਦਾਰ ਕੀਤਾ ਕਿ ਲੋਕ ਹੁਣ ਜਾਗ ਪਏ ਹਨ, ਉਹਨਾਂ ਦੇ ਹੱਕ ਦੇ ਦਿੱਤੇ ਜਾਣ ਨਹੀਂ ਤਾਂ ਉਹ ਆਪਣੇ ਹੱਕ ਖੋਹ ਕੇ ਲੈ ਲੈਣਗੇ ।
ਸ ਸਿਮਰਨਜੀਤ ਸਿੰਘ ਮਾਨ ਸਾਬਕਾ ਪੁਲਿਸ ਅਫਸਰ ਰਹਿ ਚੁੱਕੇ ਹਨ । ਸ ਭਗਤ ਸਿੰਘ ਵੱਲੋਂ ਕੀਤੀ ਕਾਰਵਾਈ ਨੂੰ ਤਾਂ ਉਹ ਅੱਤਵਾਦੀ ਕਾਰਵਾਈ ਦੱਸ ਰਹੇ ਹਨ, ਕੀ ਉਹ ਜਲਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਵਲੋ ਕੀਤੀ ਕਾਰਵਾਈ ਬਾਰੇ ਤੇ ਇਸ ਦੇ ਨਾਲ ਹੀ ਨਨਕਾਣਾ ਸਾਹਿਬ ਸਾਕੇ ਬਾਰੇ ਆਪਣਾ ਪੱਖ ਸ਼ਪੱਸ਼ਟ ਕਰ ਸਕਦੇ ਹਨ ਜੋ ਕਿ ਅਸਲ ਰੂਪ ਚ ਅੱਤਵਾਦੀ ਕਾਰਨਾਈਆ ਸਨ ।
ਸ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲਾ ਇਹ ਸ਼ਖਸ਼ ਕਿੱਡੀ ਕੁ ਵੱਡੀ ਤੇ ਪਾਏਦਾਰ ਸੋਚ ਦਾ ਮਾਲਿਕ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਕੋਈ ਬਹੁਤਾ ਔਖਾ ਨਹੀਂ ਬੱਸ ਇਸ ਦੁਆਰਾ ਪਿਛਲੇ ਸਮੇਂ ਚ ਦਿੱਤੇ ਜਾਂਦੇ ਬਿਆਨਾਂ ਨੂੰ ਦੇਖ ਲਓ, ਸਾਫ ਪਤਾ ਲੱਗ ਜਾਵੇਗਾ ਕਿ ਮਾਨ ਸਾਹਿਬ ਹੁਣ ਉਹ ਪਹਿਲਾਂ ਮਾਨ ਨਹੀਂ ਰਹੇ ਸਗੋਂ ਮਾਨ + ਸਿਕ ਤਵਾਜ਼ਨ ਗੁਆ ਚੁੱਕੇ ਹਨ ।
ਉਹਨਾਂ ਨੂੰ ਲੋਕਾਂ ਨੇ ਦੂਸਰੀ ਵਾਰ ਮੌਕਾ ਦਿੱਤਾ ਹੈ, ਪਹਿਲੀ ਵਾਰ 1999 ਚ ਦਿੱਤਾ ਗਿਆ ਮੌਕਾ ਉਹਨਾਂ ਨੇ ਸ਼ੋਕ ਸਭਾ ਦੀ ਡਿਓਢੀ ਵਿੱਚ ਕਿਰਪਾਨ ਫਸਾ ਕੇ ਗੁਆ ਲਿਆ ਸੀ ਹੁਣਵੇ ਮੌਕੇ ਬਾਰੇ ਵੀ ਉਹਨਾ ਦੇ ਨਿੱਤ ਦੇ ਬਿਆਨਾਂ ਨੂੰ ਸੁਣ ਦੇਖ ਕੇ ਇੰਜ ਹੀ ਲਗਦਾ ਹੈ ਕਿ ਇਸ ਵਾਰ ਵੀ ਲੋਕਾਂ ਦੇ ਹੱਕਾ ਦੀ ਅਵਾਜ ਦੇਸ਼ ਦੀ ਲੋਕ ਸਭਾ ਚ ਉਠਾਉਣ ਦੀ ਬਜਾਏ ਕੋਈ ਏਹੋ ਜਿਹਾ ਹੀ ਬਿਖੇੜਾ ਖੜ੍ਹਾ ਕਰਨਗੇ ਜਿਸ ਨਾਲ ਉਹ ਲੋਕ ਭਾਵਨਾਵਾਂ ਦਾ ਸਤਿਕਾਰ ਕਰਨ ਤੋ ਸ਼ਾਇਦ ਪਹਿਲਾਂ ਵਾਂਗ ਹੀ ਕੋਰੇ ਰਹਿ ਜਾਣ ।
ਦਿਸ ਉਮਰ ਵਿੱਚ ਇਸ ਵੇਲੇ ਮਾਨ ਸਾਹਿਬ ਹਨ, ਇਸ ਉਮਰ ਚ ਉਹਨਾਂ ਨੂੰ ਅਪਲ ਟਪਲੀਆ ਮਾਰਨ ਦੀ ਬਜਾਏ ਅਮਲੀ ਤੌਰ ਦੇਸ਼ ਦੀ ਲੋਕ ਸਭਾ ਅੰਦਰ ਜਾ ਕੇ ਕੁੱਜ ਅਜਿਹਾ ਕਰਨਾ ਚਾਹੀਦਾ ਹੈ ਕਿ ਉਹ ਲੋਕਾਂ ਦਾ ਮਨ ਪੱਕੀ ਤਰਾਂ ਜਿੱਤ ਲੈਣ । ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ ਭਗਤ ਸਿੰਘ ਬਾਰੇ ਕੀਤੀ ਬੇਹੂਦਾ ਟਿੱਪਣੀ ਉਹਨਾਂ ਦੀ ਆਪਣੀ ਹੀ ਖੁੰਢੀ ਤੇ ਇਤਿਹਾਸਕ ਤੱਥਾਂ ਤੋ ਬਿਰਵੀ ਹੋ ਚੁੱਕੀ ਸੋਚ ਜਾ ਨਤੀਜਾ ਹੈ ਤੇ ਕਿਰਪਾਨ ਤੇ ਖਾਲਿਸਤਾਨ ਦੇ ਮੁੱਦੇ ਛੇੜਕੇ ਉਹ ਇਕੱਲੇ ਕੁੱਜ ਵੀ ਹਾਸਿਲ ਨਹੀਂ ਕਰ ਸਕਣਗੇ । ਬਾਕੀ ਰਹੀ ਗੱਲ ਸ ਭਗਤ ਸਿੰਘ ਬਾਰੇ ਕੀਤੀ ਗਈ ਉਹਨਾਂ ਦੀ ਟਿੱਪਣੀ ਦੀ, ਦੇਸ਼ ਦੇ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਸ ਭਗਤ ਸਿੰਘ ਕੌਣ ਤੇ ਕੀ ਸਨ ਤੇ ਹਨ, ਸ ਮਾਨ ਦੀ ਟਿੱਪਣੀ ਸ ਭਗਤ ਸਿੰਘ ਦੇ ਸੰਦਰਭ ਵਿੱਚ ਬਿਲਕੁਲ ਬੇਹੂਦਾ, ਤਰਕ ਰਹਿਤ ਹੈ ਤੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ।
ਸੋ ਵਧੀਆ ਹੋਵੇਗਾ ਜੇਕਰ ਪੰਜਾਬ ਦੇ ਚਿਰਾਂ ਤੋ ਲਟਕਦੇ ਮੁੱਦਿਆਂ ਵੱਲ ਆਪਣਾ ਧਿਆਨ ਕੇਂਦਰਤ ਕਰਨ ਤੇ ਜ਼ੋਰਦਾਰ ਅਵਾਜ ਉਠਾਉਣ । ਉਹ ਇਸ ਵੇਲੇ ਉਮਰ ਦਰਾਜ਼ ਹਨ ਇਸ ਕਰਕੇ ਪੰਜਾਬ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਨ , ਸ਼ਾਇਦ ਏਹੀ ਕਾਰਨ ਹੈ ਲੋਕ ਫ਼ਤਵਾ ਭਾਰੀ ਬਹੁਮੱਤ ਨਾਲ ਉਹਨਾਂ ਦੇ ਹੱਕ ਵਿੱਚ ਦਿੱਤਾ ਗਿਆ ਹੈ, ਹੁਣ ਮਾਨ ਸਾਹਿਬ ਨੂੰ ਇਹ ਗੱਲ ਸਮਝਲੈਣੀ ਚਾਹੀਦੀ ਹੈ ਤੇ ਲੋਕਾਂ ਦੀਆ ਬਾਵਨਾਵਾ ਦਾ ਸਤਿਕਾਰ ਕਰਕੇ ਉਹਨਾਂ ਦੇ ਹਿਤਾਂ ਦੀ ਰਾਖੀ ਕਰਨ ਵਾਸਤੇ ਕਮਰਕੱਸਾ ਕਰਨਾ ਹੈ ਜਾਂ ਫਿਰ ਬੇਲੋੜੀ ਬਿਆਨਬਾਜੀ ਕਰਕੇ ਨਵੇਂ ਬਿਖੇੜੇ ਖੜੇ ਕਰਕੇ ਆਪਣਾ ਤੇ ਪੰਜਾਬ ਦੇ ਲੋਕਾਂ ਦਾ ਸਮਾਂ ਬਰਬਾਦ ਕਰਨਾ ਹੈ, ਕਿਉਕਿ ਇਹਨਾਂ ਬਿਖੇੜਿਆ ‘ਚੋ ਪ੍ਰਾਪਤੀ ਜੀਰੋ ਹੀ ਹੋਣੀ ਹੈ ਤੇ ਨਮੋਸ਼ੀ ਬੋਨਸ ਵਜੋਂ ਮਿਲ ਜਾਏਗੀ । ਅਸੀਂ ਸਮਝ ਸਕਦੇ ਹਾਂ ਕਿ ਸ ਮਾਨ ਧਾਰਮਿਕ ਰੱਖੋ ਬਹੁਤ ਕੱਟੜ ਹਨ ਤੇ ਉਹਨਾਂ ਨੂੰ ਰਹਿਣਾ ਵੀ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਦੇ ਮਕਸਦ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ । ਉਹਨਾਂ ਦੁਆਰਾ ਕੀਤੀ ਜਾ ਰਹੀ ਤਾਜਾ ਬਿਆਨਬਾਜੀ ਲੋਕ ਫ਼ਤਵੇ ਨਾਲ ਦੂਰ ਦੂਰ ਤੱਕ ਵੀ ਮੇਚ ਨਹੀਂ ਖਾਂਦੀ । ਆਸ ਕਰਦੇ ਹਾਂ ਕਿ ਮਾਨ ਸਾਹਿਬ ਜ਼ਾਬਤੇ ਚ ਰਹਿ ਕੇ ਜ਼ੁੰਮੇਵਾਰੀ ਨਾਲ ਬਿਆਨਬਾਜੀ ਕਰਨਗੇ ਤੇ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਤੇ ਨਾਮਣਾ ਖੱਟਣਗੇ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
17/07/2022

Leave a Reply

Your email address will not be published. Required fields are marked *