ਧਾਰਮਿਕ ਸਥਾਨ ’ਤੇ ਪਾਣੀ ਵਾਲੇ ਬੋਰ ਦੌਰਾਨ ਆਇਆ ਸ਼ਰਾਬ ਨੁਮਾ ਪਾਣੀ, ਨੇੜੇ ਹੀ ਸ਼ਰਾਬ ਦੀ ਫ਼ੈਕਟਰੀ

ਜ਼ੀਰਾ : ਜ਼ੀਰਾ ਦੇ ਨਜ਼ਦੀਕੀ ਪਿੰਡ ਮਹੀਆ ਵਾਲਾ ਕਲਾਂ ਵਿਖੇ ਭਗਤ ਦੁੱਣੀ ਚੰਦ ਜੀ ਦੇ ਅਸਥਾਨ ’ਤੇ ਪਿੰਡ ਵਾਸੀਆਂ ਵਲੋਂ ਪਾਣੀ ਲਈ ਇਕ ਡੂੰਘਾ ਬੋਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਬੋਰ ਵਾਲੇ ਪਾਣੀ ਵਿਚੋਂ ਸ਼ਰਾਬ ਵਰਗਾ ਪਾਣੀ ਨਿਕਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਬਰਾੜ, ਨਿਰਮਲ ਸਿੰਘ, ਜਸਬੀਰ ਸਿੰਘ, ਕੇਵਲ ਸਿੰਘ, ਜਸਬੀਰ ਸਿੰਘ ਫੌਜੀ, ਗੁਰਸੇਵਕ ਸਿੰਘ ਆਦਿ ਕਮੇਟੀ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਧਾਰਮਿਕ ਅਸਥਾਨ ’ਤੇ ਕਰੀਬ 550 ਫੁੱਟ ਡੂੰਘਾ ਬੋਰ ਸੀ, ਜਿਸ ਦਾ ਪਾਣੀ ਠੀਕ ਨਾ ਹੋਣ ਕਾਰਨ ਅਸੀਂ ਡੂੰਘਾ ਬੋਰ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਚੰਗਾ ਪੀਣ ਯੋਗ ਮਿਲ ਸਕੇ।

ਕਮੇਟੀ ਮੈਂਬਰਾਂ ਨੇ ਜਦੋਂ ਕਰੀਬ 650 ਫੁੱਟ ’ਤੇ ਬੋਰ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਚੋਂ ਇਕ ਅਲਕੋਹਲ ਵਰਗਾ ਪਾਣੀ ਨਿਕਲਿਆ। ਜਿਸ ਦਾ ਟੀ. ਡੀ. ਐੱਸ. ਚੈੱਕ ਕਰਵਾਉਣ ’ਤੇ 2400 ਹੋਇਆ। ਇਸ ਤੋਂ ਬਾਅਦ ਅਸੀਂ ਬੋਰ ਨੂੰ ਹੋਰ ਡੂੰਘਾ ਕੀਤਾ, 650 ਫੁੱਟ ਤੋਂ ਉਪਰ ਗਏ ਤਾਂ 2800 ਟੀ.ਡੀ. ਐੱਸ. ਹੋਇਆ ਅਤੇ ਪਾਣੀ ਵਿਚੋਂ ਸ਼ਰਾਬ ਵਾਂਗ ਬਦਬੂ ਆ ਰਹੀ ਸੀ, ਜਿਸ ’ਤੇ ਸਾਨੂੰ ਸ਼ੱਕ ਹੋਇਆ ਕਿ ਇਥੋਂ ਲਗਭਗ 5-6 ਕਿਲੋਮੀਟਰ ਦੂਰ ਸ਼ਰਾਬ ਦੀ ਫੈਕਟਰੀ ਲੱਗੀ ਹੋਣ ਦੇ ਕਾਰਨ ਇਹ ਪਾਣੀ ਗੰਧਲਾ ਹੋਇਆ ਹੈ।

ਇਸ ਸਬੰਧੀ ਜਦੋਂ ਮੌਕੇ ’ਤੇ ਉਕਤ ਫੈਕਟਰੀ ਦੇ ਸੈਕਟਰੀ ਤੇ ਮੈਨੇਜਰ ਪਵਨ ਬਾਂਸਲ ਅਤੇ ਕੈਲਾਸ਼ ਵਰਮਾ ਨਾਲ ਇਸ ਬਾਰੇ ਪੱਖ ਜਾਣਨ ਲਈ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਫੈਕਟਰੀ ਨਿਯਮਾਂ ਅਨੁਸਾਰ 2007 ਤੋਂ ਲੱਗੀ ਹੋਈ, ਜੋ ਸਾਰੇ ਮਾਪਦੰਡ ਪੂਰੇ ਕਰਦੀ ਹੈ। ਜਿਸ ਵਿਚ ਪਾਣੀ ਨੂੰ ਟਰੀਟਮੈਂਟ ਕਰਨ ਲਈ 21 ਲੱਖ ਲਿਟਰ ਸਮਰੱਥਾ ਵਾਲਾ ਪਾਣੀ ਸਾਫ਼ ਕਰਨ ਵਾਲਾ ਸਿਸਟਮ ਲੱਗਿਆ ਹੋਇਆ ਹੈ ਅਤੇ ਅਸੀਂ ਧਰਤੀ ਵਿਚ ਫੈਕਟਰੀ ਦਾ ਪਾਣੀ ਨਹੀਂ ਪਾਉਂਦੇ। ਫਿਰ ਵੀ ਜੇਕਰ ਕਿਸੇ ਨੂੰ ਕੋਈ ਗ਼ਲਤਫਹਿਮੀ ਹੈ ਤਾਂ ਇਸ ਬਾਰੇ ਜਾਣਕਾਰੀ ਲਈ ਜਾਵੇਗੀ।

ਹੁਣ ਇਥੇ ਜ਼ਿਕਰਯੋਗ ਹੈ ਕਿ ਲੋਕਾਂ ਨੂੰ ਤੰਦਰੁਸਤ ਅਤੇ ਸਾਫ਼ ਸੁਥਰਾ ਪਾਣੀ ਕੁਦਰਤ ਵਲੋਂ ਵਰਦਾਨ ਰੂਪ ਵਿਚ ਮਿਲਦਾ ਹੈ। ਜੇਕਰ ਇਸ ਕੁਦਰਤ ਦੇ ਵਰਦਾਨ ਨਾਲ ਕੋਈ ਛੇੜਛਾੜ ਕਰਦਾ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ ਪਰ ਲੋਕਾਂ ਅਨੁਸਾਰ ਉਨ੍ਹਾਂ ਨੂੰ ਇਹ ਸਮੱਸਿਆ ਹੈ ਕਿ ਸਾਡੇ ਪਾਣੀ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਜਦਕਿ ਸ਼ਰਾਬ ਫੈਕਟਰੀ ਵਾਲਿਆਂ ਨੇ ਇਸ ਗੱਲ ਨੂੰ ਮੁੱਢ ਤੋਂ ਨਾਕਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਜ਼ਦੀਕ ਪਿੰਡ ਰਟੋਰ ਰੋਹੀ ਹੈ ਉਥੋਂ ਦੇ ਲੋਕਾਂ ਨੇ ਸਾਨੂੰ ਅੱਜ ਤਕ ਕੋਈ ਸ਼ਿਕਾਇਤ ਨਹੀਂ ਕੀਤੀ ਜਦਕਿ ਇਹ ਪਿੰਡ ਉਸ ਤੋਂ ਕਾਫ਼ੀ ਅੱਗੇ ਹੈ। ਇਸ ਸੰਬੰਧੀ ਫਿਲਹਾਲ ਪ੍ਰਸ਼ਾਸਨ ਨਾਲ ਅਜੇ ਕੋਈ ਗੱਲਬਾਤ ਨਹੀਂ ਹੋ ਸਕੀ ਹੈ।

Leave a Reply

Your email address will not be published. Required fields are marked *