ਦਸੂਹਾ ’ਚ ਸਕੂਲ ਬੱਸ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ: ਇਕ ਬੱਚੇ ਦੀ ਮੌਤ, 14 ਜ਼ਖ਼ਮੀ

ਦਸੂਹਾ :ਇਥੇ ਟਾਂਡਾ-ਦਸੂਹਾ ਕੌਮੀ ਮਾਰਗ ’ਤੇ ਰਿਲਾਇੰਸ ਪੈਟਰੋਲ ਪੰਪ ਨੇੜੇ ਸਵੇਰੇ ਕਰੀਬ ਸਵਾ ਸੱਤ ਵਜੇ ਸੇਂਟ ਪੌਲ ਕਾਨਵੈਂਟ ਸਕੂਲ ਦੀ ਬੱਸ ਅਤੇ ਟਰੱਕ ਵਿਚ ਟੱਕਰ ਕਾਰਨ ਬੱਚੇ ਦੀ ਮੌਤ ਹੋ ਗਈ, ਜਦੋਕਿ ਕਲੀਨਰ ਸਮੇਤ 14 ਬੱਚੇ ਗੰਭੀਰ ਜ਼ਖਮੀ ਹੋ ਗਏ। ਬੱਸ ਵਿੱਚ ਕਰੀਬ 40 ਬੱਚੇ ਸਵਾਰ ਸਨ। ਮ੍ਰਿਤਕ ਬੱਚੇ ਦੀ ਪਛਾਣ ਨੌਵੀਂ ਦੇ ਵਿਦਿਆਰਥੀ ਹਰਮਨ ਸਿੰਘ ਸੈਣੀ ਵਾਸੀ ਲੋਧੀ ਚੱਕ ਟਾਂਡਾ ਵਜੋਂ ਹੋਈ ਹੈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਦਸੂਹਾ ਬਲਬੀਰ ਸਿੰਘ ਪੁਲੀਸ ਪਾਰਟੀ ਸਮੇਤ ਹਾਦਸੇ ਵਾਲੀ ਥਾਂ ’ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸਿਵਲ ਹਸਪਤਾਲ ਜ਼ੇਰੇ ਇਲਾਜ ਜ਼ਖ਼ਮੀਆਂ ਵਿੱਚੋਂ 3 ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸਵੇਰੇ ਟਾਂਡਾ ਵੱਲੋਂ ਵੱਖ ਵੱਖ ਪਿੰਡਾਂ ਤੋਂ ਬੱਚੇ ਲਿਆ ਰਹੀ ਸਕੂਲ ਬੱਸ ਨੂੰ ਪਿਛੋਂ ਆ ਰਹੇ ਤੇਜ਼ ਰਫਤਾਰ ਟੱਰਕ ਨੇ ਟਕੱਰ ਮਾਰ ਦਿੱਤੀ। ਸਿੱਟੇ ਵਜੋਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਡਵਾਈਡਰ ’ਤੇ ਚੜ੍ਹ ਗਈ। ਵਿਧਾਇਕ ਕਰਮਬੀਰ ਘੁੰਮਣ ਨੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਬੱਚਿਆਂ ਦਾ ਹਾਲ ਪੁੱਛਿਆ ਤੇ ਪੁਲੀਸ ਨੂੰ ਹਾਦਸੇ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਡੀਐੱਸਪੀ ਬਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਫ਼ਰਾਰ ਹੋ ਗਿਆ ਹੈ। ਟਰੱਕ ਨੂੰ ਕਬਜ਼ੇ ’ਚ ਲੈ ਲਿਆ ਹੈ।

Leave a Reply

Your email address will not be published. Required fields are marked *