ਆਮ ਆਦਮੀ ਪਾਰਟੀ ਦੇ ਕੌਂਸਲਰ ਦਾ ਕਤਲ

ਮਾਲੇਰਕੋਟਲਾ: ਨਗਰ ਕੌਂਸਲ ਮਾਲੇਰਕੋਟਲਾ ਦੇ ਕੌਂਸਲਰ ਮੁਹੰਮਦ ਅਕਬਰ ਉਰਫ ਭੋਲੀ (40) ਦੀ ਅੱਜ ਸਵੇਰੇ ਕਰੀਬ 8 ਵਜੇ ਅਣਪਛਾਤੇ ਨੌਜਵਾਨ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁਹੰਮਦ ਅਕਬਰ ਉਰਫ ਭੋਲੀ ਰੋਜ਼ਾਨਾ ਦੀ ਤਰ੍ਹਾਂ ਸਥਾਨਕ ਲੁਧਿਆਣਾ ਬਾਈਪਾਸ ਨੇੜੇ ਸਥਿਤ ਆਪਣੇ ਅਕਬਰ ਜਿੰਮ ਵਿਖੇ ਮੌਜੂਦ ਸੀ। ਇੱਕ ਨੌਜਵਾਨ ਕਲੱਬ ‘ਚ ਦਾਖ਼ਲ ਹੋ ਕੇ ਮੁਹੰਮਦ ਅਕਬਰ ਉਰਫ ਭੋਲੀ ‘ਤੇ ਗੋਲੀ ਚਲਾਉਣ ਉਪਰੰਤ ਜਿੰਮ ਦੇ ਬਾਹਰ ਖੜ੍ਹੇ ਆਪਣੇ ਸਾਥੀ ਸਮੇਤ ਮੌਕੇ ‘ਤੋਂ ਫ਼ਰਾਰ ਹੋ ਗਿਆ। ਮੁਹੰਮਦ ਅਕਬਰ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪਤਾ ਲੱਗਦਿਆਂ ਹੀ ਉਪ ਪੁਲੀਸ ਕਪਤਾਨ ਕੁਲਦੀਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ਹਿਰੀ -1 ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਅਕਬਰੀ ਦੇ ਬਿਆਨ ‘ਤੇ ਅਣਪਛਾਤਿਆਂ ਖ਼ਿਲਾਫ਼ ਧਾਰਾ 302 ,34ਆਈਪੀਸੀ ,25 /54 /59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਆਰੰਭ ਕਰਦਿਆਂ ਜਿੰਮ ਵਿਚਲੇ ਅਤੇ ਜਿੰਮ ਨੇੜਲੀਆਂ ਇਮਾਰਤਾਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ਼੍ਹਾ ਪੁਲੀਸ ਮੁਖੀ ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਕਾਤਲ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ‘ਚ ਹੋਣਗੇ। ਦੱਸਣਯੋਗ ਹੈ ਕਿ ਮ੍ਰਿਤਕ ਨੇ ਨਗਰ ਕੌਂਸਲ ਦੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਜਿੱਤੀ ਸੀ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਬਾਅਦ ਉਹ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਿਆ ਸੀ। ਕਰੀਬ ਦੋ ਸਾਲ ਪਹਿਲਾਂ ਮ੍ਰਿਤਕ ਦੇ ਭਰਾ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਮ੍ਰਿਤਕ ਮੁਹੰਮਦ ਅਕਬਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਹੈ।

Leave a Reply

Your email address will not be published. Required fields are marked *