ਸਿੱਧੂ ਮੂਸੇਵਾਲਾ ਦੀ ਕਾਤਲਾਂ ਦੀ ਪੁਲਸ ਨੂੰ ਵੰਗਾਰ

 

ਲੁਧਿਆਣਾ: ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਸ਼ਾਰਪ ਸ਼ੂਟਰ ਮੰਨੀ ਰੱਈਆ ਅਤੇ ਮਨਦੀਪ ਸਿੰਘ ਤੂਫਾਨ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਪਰ ਦੋਵੇਂ ਹੀ ਮੁਲਜ਼ਮਾਂ ਦੇ ਨਾਮ ਨਾਲ ਬਣੇ ਫੇਸਬੁਕ ਅਕਾਊਂਟ ਲਗਾਤਾਰ ਅਪਡੇਟ ਹੋ ਰਹੇ ਹਨ। ਮੁਲਜ਼ਮਾਂ ਦੇ ਫੇਸਬੁੱਕ ਅਕਾਊਂਟ ਵਿਚ ਪੰਜ ਦਿਨ ਪਹਿਲਾਂ ਫੋਟੇ ਦੇ ਨਾਲ ਸਟੇਟਸ ਅਪਲੋਡ ਕੀਤਾ ਹੈ ਜੋ ਕਿ ਪੰਜਾਬ ਪੁਲਸ ਲਈ ਇਕ ਸਿੱਧੀ ਚੁਣੌਤੀ ਹੈ ਕਿਉਂਕਿ ਮੰਨੀ ਰੱਈਆ ਨੇ ਪੋਸਟ ਵਿਚ ਲਿਖਿਆ ਹੈ ਕਿ ਜੰਗ ਸਿਰਫ ਜਿੱਤਣ ਲਈ ਨਹੀਂ ਲੜੀ ਜਾਂਦੀ, ਕਈ ਵਾਰ ਇਹ ਦੱਸਣਾ ਵੀ ਜ਼ਰੂਰੀ ਹੁੰਦਾ ਹੈ ਕਿ ਅਜੇ ਅਸੀਂ ਜਿਊਂਦੇ ਹਾਂ, ਜਦੋਂਕਿ ਤੂਫਾਨ ਨੇ ਇਕ ਖ਼ਬਰ ’ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਇਹ ਲੋਕ ਖੁਦ ਪੇਜ ਅਪਰੇਟ ਨਹੀਂ ਕਰਦੇ ਪਰ ਫਿਰ ਵੀ ਸਾਇਬਰ ਸੈੱਲ ਦੀ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਸਲ ਵਿਚ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਪਹਿਲਾਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੇ ਆਪਣੇ ਦੋਸਤ ਸਤਬੀਰ ਸਿੰਘ ਦੀ ਮਦਦ ਨਾਲ ਮਨਪ੍ਰੀਤ ਸਿੰਘ ਉਰਫ ਮਨੀ ਰੱਈਆ, ਮਨਦੀਪ ਸਿੰਘ ਤੂਫਾਨ ਅਤੇ ਇਕ ਹੋਰ ਸ਼ਾਰਪ ਸ਼ੂਟਰ ਨੂੰ ਬਠਿੰਡਾ ਛੱਡਿਆ ਸੀ। ਉਕਤ ਮਾਮਲੇ ਵਿਚ ਸੀ.ਆਈ.ਏ-2 ਦੀ ਪੁਲਸ ਨੇ ਪਹਿਲਾਂ ਸਤਬੀਰ ਸਿੰਘ ਨੂੰ ਹਥਿਆਰਾਂ ਦੇ ਨਾਲ ਕਾਬੂ ਕਰ ਲਿਆ ਸੀ। ਫਿਰ ਉਸ ਦੀ ਨਿਸ਼ਾਨਦੇਹੀ ’ਤੇ ਸੰਦੀਪ ਕਾਹਲੋਂ ਨੂੰ ਵੀ ਦਬੋਚ ਲਿਆ ਸੀ ਪਰ ਮਨੀ ਰੱਈਆ ਅਤੇ ਮਨਦੀਪ ਤੂਫਾਨ ਦਾ ਕੁਝ ਪਤਾ ਨਹੀਂ ਲਗ ਸਕਿਆ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਹੋਏ ਮੁਕਾਬਲੇ ਵਿਚ ਇਹ ਦੋਵੇਂ ਗੈਂਗਸਟਰ ਮਾਰੇ ਗਏ ਗੈਂਗਸਟਰਾਂ ਦੇ ਨਾਲ ਹੀ ਸਨ ਪਰ ਉਥੋਂ ਕਿਸੇ ਤਰ੍ਹਾਂ ਬਚ ਨਿਕਲੇ ਸਨ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ। ਪੁਲਸ ਨੂੰ ਹੁਣ ਤੱਕ ਉਨ੍ਹਾਂ ਸਬੰਧੀ ਕੋਈ ਸੂਚਨਾ ਨਹੀਂ ਮਿਲੀ।

ਤੂਫਾਨ ਨੇ 24 ਤਾਂ ਰਈਆ ਨੇ 25 ਦੀ ਸਵੇਰ ਅਪਲੋਡ ਕੀਤੀ ਪੋਸਟ

ਸੂਤਰਾਂ ਦੀ ਮੰਨੀਏ ਤਾਂ ਦੋਵੇਂ ਹੀ ਇਕੱਠੇ ਹਨ। ਮਨਦੀਪ ਸਿੰਘ ਤੂਫਾਨ ਦਾ ਫੇਸਬੁੱਕ ਪੇਜ ਤੂਫਾਨ ਬਟਾਲਾ ਦੇ ਨਾਮ ਨਾਲ ਬਣਿਆ ਹੋਇਆ ਹੈ। ਉਕਤ ਪੇਜ ’ਤੇ 24 ਜੁਲਾਈ ਦੀ ਸਵੇਰ ਕਰੀਬ 11 ਵਜੇ ਇਕ ਨਿਊਜ਼ ਚੈਨਲ ਦੀ ਖਬਰ ਅਪਲੋਡ ਕਰਕੇ ਪੋਸਟ ਪਾਈ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਿਊਜ਼ ਚੈਨਲ ਨੇ ਉਸ ਸਬੰਧੀ ਗਲਤ ਖਬਰ ਪਾਈ ਹੈ, ਜਿਵੇਂ ਕਿਹਾ ਜਾ ਰਿਹਾ ਹੈ ਕਿ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਉਕਤ ਪੋਸਟ ’ਤੇ ਕਈ ਲੋਕਾਂ ਦੇ ਕਮੈਂਟ ਵੀ ਹਨ, ਜਦੋਂਕਿ ਮਨਪ੍ਰੀਤ ਸਿੰਘ ਦੀ ਫੇਸਬੁੱਕ ਆਈ.ਡੀ. ਮਨੀ ਰੱਈਆ ਦੇ ਨਾਮ ਨਾਲ ਬਣੀ ਹੋਈ ਹੈ ਜਿਸ ਨੇ 25 ਜੁਲਾਈ ਦੀ ਸਵੇਰ ਕਰੀਬ ਸਾਢੇ 11 ਵਜੇ ਇਕ ਪੋਸਟ ਪਾਈ ਹੈ ਅਤੇ ਚੁਣੌਤੀਪੂਰਨ ਲਹਿਜ਼ੇ ਵਿਚ ਲਿਖਿਆ ਹੈ ਕਿ ਜੰਗ ਸਿਰਫ ਜਿੱਤਣ ਲਈ ਨਹੀਂ ਲੜੀ ਜਾਂਦੀ, ਕਈ ਵਾਰ ਇਹ ਦੱਸਣਾ ਵੀ ਜ਼ਰੂਰੀ ਹੁੰਦਾ ਹੈ ਕਿ ਅਸੀਂ ਅਜੇ ਜਿਊਂਦੇ ਹਾਂ। ਉਕਤ ਪੋਸਟ ਵਿਚ ਉਸ ਨੇ ਆਪਣੀ ਫੋਟੋ ਵੀ ਅਪਲੋਡ ਕੀਤੀ ਹੈ।

ਉਧਰ, ਸੀ.ਆਈ.ਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ। ਕਈ ਇਨਪੁਟਸ ਮਿਲੇ ਸਨ ਪਰ ਮੁਲਜ਼ਮ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਸਨ। ਦੋਵੇਂ ਮੁਲਜ਼ਮ ਕਾਫੀ ਸ਼ਾਤਰ ਹਨ। ਉਨ੍ਹਾਂ ਦੀ ਭਾਲ ਵਿਚ ਪੰਜਾਬ ਪੁਲਸ ਦੀਆਂ ਕਈ ਟੀਮਾਂ ਛਾਪੇਮਾਰੀ ਕਰਨ ਵਿਚ ਜੁਟੀਆਂ ਹੋਈਆਂ ਹਨ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫੇਸਬੁੱਕ ਵਿਚ ਪਾਈ ਗਈ ਪੋਸਟ ਲਈ ਉਨ੍ਹਾਂ ਵੱਲੋਂ ਸਾਇਬਰ ਸੈੱਲ ਦੀ ਟੀਮ ਦੀ ਮਦਦ ਲਈ ਜਾ ਰਹੀ ਹੈ ਤਾਂਕਿ ਪਤਾ ਲਗਾਇਆ ਜਾ ਸਕੇ ਕਿ ਪੋਸਟ ਕਿੱਥੋਂ ਅਪਡੇਟ ਹੋਈ ਹੈ।

Leave a Reply

Your email address will not be published. Required fields are marked *