ਸਥਾਪਤ ਗ਼ਜ਼ਲਗੋ ਤੇ ਕਹਾਣੀਕਾਰ : ਕੰਵਰਦੀਪ ਸਿੰਘ ਭੱਲਾ

ਭਾਂਵੇਂ ਕਿ ਕੁਝ ਕਲਮਾਂ ਵਿਰਾਸਤ ਵਿਚੋਂ ਉਪਜੀਆਂ ਹੋਈਆਂ ਹੁੰਦੀਆਂ ਹਨ ਪਰ, ਜ਼ਿਆਦਾਤਰ ਕਲਮਾਂ ਦੀ ਸ਼ੁਰੂਆਤ ਕਿਸੇ-ਨਾ-ਕਿਸੇ ਵਿਛੋੜੇ ਦੀ ਮਾਰ ਪੈਣ ਦਾ ਨਤੀਜਾ ਹੀ ਹੁੰਦੀਆਂ ਹਨ।  ਵਿਛੋੜੇ ਦੀ ਵੱਜੀ ਸੱਟ ਦੇ ਦੁੱਖ-ਦਰਦ ਦਾ ਅੰਦਰਂੋ ਲਾਵਾ ਐਸਾ ਫੁਟ ਤੁਰਦਾ ਹੈ ਕਿ ਕਲਮ ਦਾ ਸਹਾਰਾ ਲੈਣ ਤੋਂ ਸਵਾਇ ਹੋਰ ਕੋਈ ਚਾਰਾ ਹੀ ਨਹੀ ਰਹਿ ਜਾਂਦਾ ਦੁਖਿਆਰੇ ਕੋਲ। ਕਲਮ ਦੇ ਇੰਜੈਕਸ਼ਨ ਲਗਾ-ਲਗਾ ਕੇ ਦਰਦ ਨੂੰ ਬਾਹਰ ਕੋਰੇ ਕਾਗਜ਼ ਦੀ ਹਿੱਕੜੀ ਉਤੇ ਧਰਨ ਨਾਲ ਹੀ ਉਸ ਨੂੰ ਕੁਝ ਰਾਹਤ ਮਿਲਦੀ ਹੈ।  ਫਿਰ ਹੌਲੀ-ਹੌਲੀ ਉਹੀ ਕਲਮ ”ਨਿੱਜ” ਤੋਂ ”ਪਰ” ਵੱਲ ਨੂੰ ਨਿਕਲ ਤੁਰਦੀ ਹੈ।  ਅਜਿਹੇ ਵਿਛੋੜੇ ਦੇ ਦਰਦ ਵਿਚੋਂ ਉਪਜੀ ਇਕ ਜਾਨਦਾਰ ਤੇ ਸ਼ਾਨਦਾਰ ਕਲਮ ਦਾ ਨਾਂ ਹੈ- ਕੰਵਰਦੀਪ ਸਿੰਘ ਭੱਲਾ।

          ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਪਿੱਪਲਾਂ ਵਾਲਾ ਵਿੱਚ ਮਾਤਾ ਸ੍ਰੀਮਤੀ ਨਵਿੰਦਰ ਕੋਰ ਅਤੇ ਪਿਤਾ ਸ੍ਰੀ ਸ਼ਿਵਚਰਨ ਸਿੰਘ ਬਾਵਾ (ਦੋਵੇਂ ਬਤੌਰ ਅਧਿਆਪਕ ਸੇਵਾ-ਮੁਕਤ) ਦੇ ਗ੍ਰਹਿ ਵਿਖੇ ਪੈਦਾ ਹੋਏ ਕੰਵਰਦੀਪ ਨੇ ਇਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕਿਹਾ,” 24 ਜਨਵਰੀ 2014 ਨੂੰ ਮੇਰੇ ਮਾਤਾ ਜੀ ਅਕਾਲ-ਚਲਾਣਾ ਕਰ ਗਏ। 31ਜਨਵਰੀ 2015 ਨੂੰ ਪਿਤਾ ਜੀ ਚਲੇ ਗਏ। ਅਜੇ ਦਰੀਆਂ ਚੁੱਕੀਆਂ ਹੀ ਸਨ ਕਿ 16 ਫਰਵਰੀ 2015 ਨੂੰ ਮੇਰਾ ਵੱਡਾ ਭਰਾ ਬ੍ਰੇਨ ਹੈਮਰੇਜ ਦੇ ਬਹਾਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਮੈਂ ਉਸ ਸਮੇਂ ਪੂਰੀ ਤਰਾਂ ਟੁੱਟ ਗਿਆ ਸੀ। ਫਿਰ 2014 ਵਿਚ ਇਸ ਕਲਮ ਦਾ ਸਫ਼ਰ ਸ਼ੁਰੂ ਹੋਇਆ ਜ਼ੋ ਕਿ ਅੱਜ ਤੱਕ ਮੇਰੀ ਤਾਕਤ ਬਣਿਆ।  ਮੇਰੀ ਕਲਮ ਨੂੰ ਉਤਸ਼ਾਹਿਤ ਕਰਨ ਵਿਚ ਵੱਡਮੁੱਲਾ ਯੋਗਦਾਨ ਮੇਰੀ ਧਰਮ-ਪਤਨੀ ਸ਼੍ਰੀਮਤੀ ਭੁਪਿੰਦਰ ਕੌਰ ਭੱਲਾ ਜੀ ਦਾ ਹੈ, ਜਿਸ ਦਾ ਚੰਗਾ ਦਿਆਲੂ ਸੁਭਾਅ ਹੀ ਨਹੀਂ, ਬਲਕਿ ਹਰ ਕੰਮ ਵਿਚ ਮੇਰੀ ਤਾਕਤ ਬਣਨਾਂ ਵੀ ਹੈ।”

          ਲਿਖਣ ਪੱਖੋਂ ਕੰਵਰਦੀਪ ਸਿੰਘ ਭੱਲਾ ਨੂੰ ਕਹਾਣੀ ਅਤੇ ਗ਼ਜ਼ਲ ਦੀ ਬਰਾਬਰ ਦੀ ਮੁਹਾਰਤ ਹਾਸਲ ਹੈ। ਜਿਹੋ-ਜਿਹਾ ਮੂਡ ਬਣੇ ਉਹ ਆਪਣੇ ਜ਼ਜ਼ਬਾਤਾਂ ਨੂੰ ਉਹੋ ਜਿਹੇ ਰੂਪ ਵਿਚ ਢਾਲ਼ ਦਿੰਦਾ ਹੈ।  ਅੱਜ ਤੱਕ ਉਸ ਦੀਆਂ ਕਾਵਿ-ਰਚਨਾਵਾਂ ਅਤੇ ਮਿੰਨੀ ਕਹਾਣੀਆਂ ਪੰਜਾਬੀ ਸਪੋਕਸਮੈਨ, ਪੰਜਾਬੀ ਅਜੀਤ ਅਤੇ ਪੰਜਾਬੀ ਜਗਬਾਣੀ ਆਦਿ ਜਿਹੇ ਸਥਾਪਤ ਰੋਜਾਨਾ ਪੇਪਰਾਂ ਦੇ ਨਾਲ ਨਾਲ ਦੇਸ਼-ਵਿਦੇਸ਼ ਦੇ ਹੋਰ ਕਈ ਪੇਪਰਾਂ ਅਤੇ ਮੈਗਜ਼ੀਨਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ।  ਪ੍ਰਕਾਸ਼ਨਾ ਖੇਤਰ ਵਿਚ ਉਸ ਦੀਆਂ ਗ਼ਜ਼ਲਾਂ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ:) ਪੰਜਾਬ, ਦੀਆਂ ਸਾਂਝੀਆਂ ਪ੍ਰਕਾਸ਼ਨਾਵਾਂ ਦਾ ਹਿੱਸਾ ਬਣ ਚੁੱਕੀਆਂ ਹਨ, ਜਦ ਕਿ ਉਹ ਆਪਣੀਆਂ ਕਹਾਣੀਆਂ ਅਤੇ ਗ਼ਜ਼ਲਾਂ ਦੀਆਂ ਦੋ ਮੌਲਿਕ ਪੁਸਤਕਾਂ ਜਲਦੀ ਹੀ ਲੈਕੇ ਪਾਠਕਾਂ ਦੇ ਕਟਹਿਰੇ ਵਿਚ ਪੇਸ਼ ਹੋ ਰਿਹਾ ਹੈ।

          ਅਨੇਕਾਂ ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੇ, ਪੇਸ਼ੇ ਵਜੋਂ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਜ਼ਿਲੇ ਵਿੱਚ ਬਤੌਰ ਸਹਾਇਕ ਮੈਨੇਜਰ ਦੀ ਡਿਊਟੀ ਨਿਭਾ ਰਹੇ ਕੰਵਰਦੀਪ ਸਿੰਘ ਭੱਲਾ ਦੀ ਕਲਮ ਦੇ ਵਿਸ਼ਿਆਂ ਵਿਚ ਜਿਆਦਾਤਰ ਨਸ਼ੇ, ਦਾਜ-ਦਹੇਜ, ਧੀਆਂ-ਭੈਣਾਂ ਦੇ ਦੁੱਖ-ਦਰਦ, ਬਲਾਤਕਾਰ, ਭਰੂਣ-ਹੱਤਿਆ, ਦੇਸ਼-ਭਗਤੀ ਅਤੇ ਨਾਰੀ-ਵਰਗ ਨੂੰ ਉਚਾ ਚੁੱਕਣ ਆਦਿ ਸ਼ਾਮਲ ਹਨ।  ਲੱਚਰਤਾ ਤੋਂ ਸੌ ਕੋਹਾਂ ਦੂਰ ਰਹਿ ਕੇ ਜਿਸ ਸਰਗਰਮੀ ਨਾਲ ਇਹ ਕਲਮ ਸਮਾਜ-ਸੁਧਾਰਿਕ ਪੂਰਨੇ ਪਾ ਰਹੀ ਹੈ, ਉਸ ਨੂੰ ਵੇਖਦਿਆਂ ਉਸ ਪਾਸੋਂ ਸਾਹਿਤ-ਜਗਤ ਨੂੰ ਬਹੁਤ ਆਸਾਂ-ਉਮੀਦਾਂ ਅਤੇ  ਸੰਭਾਵਨਾਵਾਂ ਹਨ। ਰੱਬ ਕਰੇ !  ਇਹ ਕਲਮੀ-ਚਿਰਾਗ ਨਿਰੰਤਰ ਜਗਦਾ ਹਨੇਰੇ ਦਿਲਾਂ ਵਿਚ ਰੁਸ਼ਨਾਈਆਂ ਕਰਦਾ ਰਵੇ !   ਆਮੀਨ !

          –ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641

ਸੰਪਰਕ : #ਕੰਵਰਦੀਪ_ ਸਿੰਘ _ਭੱਲਾ# ਹੁਸ਼ਿਆਰਪੁਰ# 99881_94776# ਪ੍ਰੀਤਮ _ਲੁਧਿਆਣਵੀ_ ਚੰਡੀਗੜ

Leave a Reply

Your email address will not be published. Required fields are marked *