2 ਧੀਆਂ ਦੀ ਮਾਂ ਦੀ ਮੌਤ ਦਾ ਜਿੰਮੇਵਾਰ ਕੌਣ – ਸਮਾਜ, ਪਤੀ, ਵਿਦੇਸ਼ ਦੀ ਚਾਹ ਜਾਂ ਫ਼ਿਰ ਉਸਦਾ ਪਰਿਵਾਰ?-ਜੱਸ ਮੱਕੜ ਜਲੰਧਰ

30 ਸਾਲਾਂ ਦੀ ਮਨਦੀਪ ਕੌਰ ਦੀ ਆਤਮਹੱਤਿਆ ਤੋਂ ਪਹਿਲਾਂ ਕੀਤੀ ਗਈ ਰਿਕਾਰਡਿੰਗ ਅੱਜਕਲ੍ਹ ਖ਼ੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ| ਜਿੱਥੇ ਮਨਦੀਪ ਨੇ ਅਜਿਹਾ ਖੌਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਘਰਦਿਆਂ, ਨਜ਼ਦੀਕੀ ਰਿਸ਼ਤੇਦਾਰਾਂ ਕੋਲੋਂ ਬਹੁਤ ਵਾਰ ਮਦਦ ਮੰਗੀ ਪਰ ਕੋਈ ਵੀ ਰਾਹ ਨਾ ਮਿਲਦਾ ਦੇਖ ਉਸਨੇ ਮੌਤ ਨੂੰ ਗਲੇ ਲਗਾ ਲਿਆ, ਉਥੇ ਹੀ ਉਸਦੇ ਪਤੀ ਨੇ ਉਸਦੇ ਗੰਭੀਰ ਇਲਜ਼ਾਮ ਲਗਾਉਂਦੇ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਦੱਸਿਆ ਕਿ ਉਸਦੀ ਪਤਨੀ ਨੂੰ ਗੁੱਸੇ ਅਤੇ ਪਾਗਲਪਨ ਦੇ ਦੌਰੇ ਪੈਂਦੇ ਸਨ| ਜਦਕਿ ਮਨਦੀਪ ਕੌਰ ਵਲੋਂ ਰਿਕਾਰਡ ਕੀਤੀਆਂ ਗਈਆਂ ਵੀਡੀਓ ਜਦੋ ਵਾਇਰਲ ਹੋਈਆਂ ਤਾਂ ਕਹਾਣੀ ਨੇ ਨਵਾਂ ਹੀ ਮੋੜ ਲੈ ਲਿਆ| ਇੱਕ ਵਾਇਰਲ ਵੀਡੀਓ ਮੁਤਾਬਿਕ ਮਨਦੀਪ ਦਾ ਪਤੀ ਉਸਨੂੰ ਸਿਰਫ ਇਸ ਕਰਕੇ ਬੇਦਰਦੀ ਨਾਲ ਕੁੱਟ-ਮਾਰ ਕਰ ਰਿਹਾ ਹੈ ਕਿਉਕਿ ਉਹ ਉਸਦੇ ਨਾਜਾਇਜ਼ ਸੰਬੰਧਾਂ ਅਤੇ ਜ਼ਿਆਦਤੀ ਦੇ ਖ਼ਿਲਾਫ਼ ਆਵਾਜ਼ ਚੁਕਦੀ ਹੈ| ਬਦਲੇ ਵਿਚ ਰੰਜੋਧਬੀਰ (ਮਨਦੀਪ ਦਾ ਪਤੀ) ਬੜੀ ਹੀ ਬੇਰਹਿਮੀ ਨਾਲ ਤੋਲੀਏ ਨਾਲ ਉਸਦਾ ਮੂੰਹ ਘੁੱਟਦਾ ਦੇਖਿਆ ਗਿਆ| ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਰੰਜੋਧਬੀਰ ਦੇ ਘਰ ਦਾ ਘੇਰਾਵ ਕੀਤਾ ਪਰ ਸਰਕਾਰ ਵਲੋਂ ਹਜੇ ਤੱਕ ਉਸ ਖ਼ਿਲਾਫ਼ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ|ਇੱਕ ਹੋਰ ਵਾਇਰਲ ਰਿਕਾਰਡਿੰਗ ਵਿਚ ਮਨਦੀਪ ਕੌਰ ਦੀ ਸੱਸ ਉਸ ਲਈ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੀ ਹੋਈ ਉਸਦੇ ਪੇਕੇ ਨੂੰ ਵੀ ਗਾਲ੍ਹਾਂ ਕਡ ਰਹੀ ਹੈ| ਮਨਦੀਪ ਕੌਰ ਨੇ ਖੁਦ ਵੀ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਵੀਡੀਓ ਵਿਚ ਬਿਆਨ ਦਿੰਦਿਆਂ ਸਾਰੇ ਦੁੱਖ ਸਾਂਝਾ ਕੀਤੇ ਹਨ|

ਸੂਤਰਾਂ ਮੁਤਾਬਕ ਰੰਜੋਧਬੀਰ ਦੇ ਮਾਪੇ ਅਤੇ ਭਰਾ ਇਸ ਘਟਨਾ ਤੋਂ ਬਾਅਦ ਹੀ ਆਪਣੇ ਮੱਧ-ਪ੍ਰਦੇਸ਼ ਵਾਲਾ ਘਰ ਛੱਡ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਤਲਾਸ਼ ਵਿਚ ਹਜੇ ਵੀ ਛਾਪਾਮਾਰੀ ਕੀਤੀ ਜਾ ਰਹੀ ਹੈ| ਸੂਚਨਾ ਮੁਤਾਬਕ ਉਨ੍ਹਾਂ ਤਿੰਨੋ ‘ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਜਲਦੀ ਹੀ ਅਪਰਾਧੀ ਸਲਾਖ਼ਾਂ ਪਿੱਛੇ ਹੋਣਗੇ|ਫਿਲਹਾਲ ਦੀ ਘੜੀ, ਮਨਦੀਪ ਦੀ ਦੋਵੇਂ ਧੀਆਂ ਕਿਸੇ ਰਿਸ਼ਤੇਦਾਰ ਨੇ ਸੰਭਾਲੀਆਂ ਹੋਈਆਂ ਹਨ ਅਤੇ ਉਹ ਅਦਾਲਤ ਦੀ ਸੁਣਵਾਈ ਤੱਕ ਉਹਨਾਂ ਕੋਲ ਹੀ ਰਹਿਣਗੀਆਂ| ਮਨਦੀਪ ਦੇ ਪੇਕੇ ਅਤੇ ਪਤੀ ਦੋਵੇਂ ਧੀਆਂ ਦੀ ਕਸਟਡੀ ਲੈਣ ਲਈ ਕੇਸ ਲੜ ਰਹੇ ਹਨ| ਹੁਣ ਦੇਖਣਾ ਇਹ ਹੋਵੇਗਾ ਕਿ ਸਾਰੇ ਸਬੂਤ ਹੋਣ ਦੇ ਬਾਵਜੂਦ ਰੰਜੋਧ ਕਦੋਂ ਤੱਕ ਆਜ਼ਾਦੀ ਦਾ ਨਿੱਘ ਮਾਣੇਗਾ ਅਤੇ ਕਦੋਂ ਇੱਕ ਲਾਚਾਰ ਮਾਪਿਆਂ ਨੂੰ ਉਹਨਾਂ ਦੀ ਲਾਡਲੀ ਦੇ ਕਤਲ ਦਾ ਇਨਸਾਫ਼ ਮਿਲੇਗਾ|

3੦-ਸਾਲਾਂ ਮਨਦੀਪ ਵਲੋਂ ਕੀਤੀ ਆਤਮਹੱਤਿਆ ਹੁਣ ਅੰਤਰਰਾਸ਼ਟਰੀ ਮੁੱਦਾ ਬਣ ਚੁੱਕਿਆ ਹੈ| ਜਿੱਥੇ ਜਾਣੀ-ਮਾਣੀ ਹਸਤੀਆਂ ਮਨਦੀਪ ਦੇ ਹੱਕ ਵਿਚ ਇਨਸਾਫ਼ ਦੀ ਮੰਗ ਕਰ ਰਹੀਆਂ ਹਨ, ਉੱਥੇ ਕੁੱਝ ਸਵਾਲ ਅਜਿਹੇ ਉੱਠ ਰਹੇ ਹਨ ਜੋ ਕਿ ਸਾਨੂੰ ਸੋਚਣ ਨੂੰ ਮਜ਼ਬੂਰ ਕਰ ਰਹੇ ਹਨ ਕਿ

“ਆਖਿਰ ਮਨਦੀਪ ਦੀ ਮੌਤ ਦਾ ਅਸਲੀ ਜਿੰਮੇਵਾਰ ਕੌਣ ਹੈ?”

ਸਮਾਜ – ਜਿੱਥੇ ਇੱਕ ਕੁੜੀ ਨੂੰ ਇਹ ਸਾਬਿਤ ਕਰਨ ਲਈ ਆਪਣੀ ਜਾਨ ਗਵਾਉਣੀ ਪੈਂਦੀ ਹੈ ਕਿ ਉਸਦੇ ਨਾਲ ਧੱਕਾ ਹੋ ਰਿਹਾ ਹੈ??????

ਪਤੀ – ਜੋ ਕਿ ਇੱਕ ਵਾਇਰਲ ਵੀਡੀਓ ਵਿੱਚ ਸਾਫ਼-ਸਾਫ਼ ਬੋਲਦਾ ਨਜ਼ਰ ਆਉਂਦਾ ਹੈ ਕਿ ਉਹ ਮਨਦੀਪ ਨੂੰ ਇਸ ਲਈ ਨਫ਼ਰਤ ਕਰਦਾ ਹੈ ਕਿਉਂਕਿ ਉਸਨੇ ਬੱਸ 2 ਧੀਆਂ ਨੂੰ ਜਨਮ ਦਿੱਤਾ ਹੈ ਅਤੇ ਉਸਨੂੰ ਪੁੱਤ ਦਾ ਮੂੰਹ ਨਹੀਂ ਦਿਖਾਇਆ????

ਵਿਦੇਸ਼ ਦੀ ਚਾਹ – ਜਿਹਨੇ ਇੱਕ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਮੁੰਡੇ ‘ਤੇ ਵੀ ਯਕੀਨ ਕਰਵਾ ਦਿੱਤਾ ਕਿ ਉਹ ਵਿਦੇਸ਼ ਬੈਠਾ ਹੈ ਤਾਂ ਉਹਨਾਂ ਦੀ ਕੁੜੀ ਨੂੰ ਖੁਸ਼ ਹੀ ਰੱਖੇਗਾ| ਕੀ ਬੱਸ ਵਿਦੇਸ਼ ਵਿੱਚ ਹੋਣਾ ਹੀ ਧੀ ਦੀ ਖੁਸ਼ੀ ਦੀ ਗਾਰੰਟੀ ਦਿੰਦਾ ਹੈ?????

ਪਰਿਵਾਰ – ਜਦੋਂ ਮਨਦੀਪ ਨੇ ਬਾਰ ਬਾਰ ਰੋਂਦਿਆਂ, ਆਪਣੇ ਜ਼ਖਮਾਂ ਦੀ ਫੋਟੋਆਂ ਪਰਿਵਾਰ ਨੂੰ ਭੇਜਦਿਆਂ ਉਸਨੂੰ ਬਚਾਉਣ ਦੀ ਗੁਹਾਰ ਲਗਾਈ ਤਾਂ ਉਸਦੀ ਗੱਲ ਨੂੰ ਕਿਉਂ ਨਹੀਂ ਧਿਆਨ ਨਾਲ ਸੁਣਿਆ ਗਿਆ????

ਮੈਨੂੰ ਕੁੱਝ ਸਵਾਲਾਂ ਦੇ ਜਵਾਬ ਹਜੇ ਵੀ ਨਹੀਂ ਮਿਲ ਰਹੇ:

“ਮੇਰੇ ਨਾਲ ਧੱਕਾ ਹੋ ਰਿਹਾ ਹੈ” ਇਹ ਗੱਲ ਸਾਬਿਤ ਕਰਨ ਲਈ ਇੱਕ ਧੀ ਨੂੰ ਆਪਣੀ ਜਾਨ ਦੀ ਗਵਾਹੀ ਕਿਉਂ ਦੇਣੀ ਪੈਂਦੀ ਹੈ?????
ਸਮਾਜ ਇੱਕ ਧੀ ਦੀ ਲਾਸ਼ ਚੁੱਕਣ ਨੂੰ ਤਿਆਰ ਰਹਿੰਦਾ ਪਰ ਓਹੀ ਧੀ ਜਦੋਂ ਮਿੰਨਤਾਂ ਕਰਕੇ ਕਹਿੰਦੀ ਹੈ ਕਿ ਮੈਨੂੰ ਇਥੋਂ ਲੈ ਜਾਓ, ਤਾਂ ਇਹ ਸਮਾਜ ਉਸਨੂੰ ਸਮਝੌਤੇ ਕਰਨ ਨੂੰ ਕਿਉਂ ਕਹਿੰਦਾ ਹੈ????
ਜਿਨ੍ਹਾਂ ਪੈਸਾ ਮਾਪੇ ਧੀਆਂ ਦੇ ਵਿਆਹ ਅਤੇ ਦਾਜ ਉੱਤੇ ਲਗਾਉਂਦੇ ਹਨ, ਓਹੀ ਪੈਸਿਆਂ ਨਾਲ ਉਸਨੂੰ ਪੈਰਾਂ ‘ਤੇ ਖੜੀ ਹੋ ਕੇ ਆਪਣੀ ਜਿੰਦਗੀ ਜੀਉਣ ਜੋਗਾ ਕਿਉਂ ਨਹੀਂ ਬਣਾਉਂਦੇ???
ਧੀ ਦੀ ਕਾਮਯਾਬੀ ਬਸ ਉਸਦੇ ਅਮੀਰ ਘਰ ਵਿੱਚ ਵਿਆਹ ਹੋਣ ਨਾਲ ਕਿਉਂ ਮਾਪੀ ਜਾਂਦੀ ਹੈ????
ਕੁੜੀਆਂ ਆਪਣੇ ਤੋਂ ਵੱਧ ਤਨਖਾਹ ਵਾਲੇ ਮੁੰਡੇ ਨਾਲ ਹੀ ਕਿਉਂ ਜ਼ਿੰਦਗੀ ਦੇ ਸੁਪਨੇ ਦੇਖਦੀਆਂ ਜਦਕਿ ਉਹ ਆਪ ਵੀ ਮਿਹਨਤ ਨਾਲ ਉਸਤੋਂ ਜਿਆਦਾ ਕਮਾ ਸਕਦੀਆਂ ਹਨ????
ਜੋ ਸਹੁਰੇ ਆਪਣੀ ਧੀਆਂ ਦੀ ਸੁਖ ਮੰਗਦੇ, ਓਹੀ ਕਿਸੇ ਹੋਰ ਦੀ ਧੀ ਦੀ ਮੌਤ ਦੀ ਵਜ੍ਹਾ ਕਿਵੇਂ ਬਣ ਜਾਂਦੇ?
ਇੰਨੇ ਸ਼ਗਨਾਂ ਨਾਲ ਵਿਆਹ ਕੇ ਲਿਆਉਂਦੀ ਕੁੜੀ ਉਹਨਾਂ ਨੂੰ ਬੋਝ ਕਿਉਂ ਲੱਗਣ ਲਗ ਜਾਂਦੀ?
ਸਭ ਤੋਂ ਖਾਸ ਗੱਲ, ਕੋਈ ਕਿਸੇ ਵਿਆਹੇ ਇਨਸਾਨ ਨਾਲ ਨਾਜਾਇਜ਼ ਰਿਸ਼ਤਾ ਕਿਵੇਂ ਰੱਖ ਸਕਦਾ ਹੈ???? ਕੀ ਸੰਸਕਾਰ ਰਹੇ ਹੋਣਗੇ ਉਸ ਇਨਸਾਨ ਦੇ ਜੋ ਇੱਕ ਵਿਆਹੇ ਮਰਦ ਨਾਲ ਰਿਸ਼ਤਾ ਰੱਖ ਕੇ ਉਸਦੀ ਪਤਨੀ, ਮਾਪੇ, ਸਹੁਰੇ, ਬਾਲ-ਬੱਚੇ ਦੀ ਜਿੰਦਗੀ ਰੋਲ ਦਿੰਦੀਆਂ ਹਨ| ਉਸਤੋਂ ਵੀ ਵੱਡੀ ਹੈਰਾਨੀ ਉਹਨਾਂ ‘ਤੇ, ਜੋ ਆਪਣੇ ਬੱਚੇ ਭੁੱਲ ਕੇ ਬੇਗਾਨਿਆਂ ਪਿੱਛੇ ਜਾਂਦੇ ਹਨ|

ਵੇਲਾ ਆ ਗਿਆ ਹੈ ਜਦੋਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ:

ਤਲਾਕਸ਼ੁਦਾ ਧੀ ਸਿਵਿਆਂ ਵਿੱਚ ਬਣੀ ਧੀ ਦੀ ਰਾਖ ਨਾਲੋਂ ਵਧੀਆ ਹੁੰਦੀ ਹੈ|
ਦੁਖੀ ਧੀ ਆਪਣੇ ਪਿਓ ਘਰ ਰੱਖਣੀ, ਅਰਥੀ ਵਿੱਚ ਰੱਖਣ ਨਾਲੋਂ ਵਧੀਆ ਹੁੰਦੀ ਹੈ|
ਕੁੜੀ ਨੂੰ ਸਮਝੌਤੇ ਕਰਨਾ ਸਿਖਾਉਣ ਦੀ ਜਗ੍ਹਾ ਉਸਨੂੰ ਸੱਚ ਲਈ ਖੜੇ ਰਹਿਣ ਦੀ ਸਿਖਿਆ ਦੇਣੀ ਵਧੀਆ ਹੁੰਦੀ ਹੈ|
ਜਵਾਨ ਧੀ ਦੀ ਫੋਟੋ ਨੂੰ ਹਾਰ ਪਾਉਣ ਨਾਲੋਂ ਦੁਖੀ ਧੀ ਨੂੰ ਹੱਕ ਨਾਲ ਵਾਪਿਸ ਲਿਆਉਣਾ ਦੀ ਪਹਿਲ ਵਧੀਆ ਹੁੰਦੀ ਹੈ|

ਧੀਆਂ ਪਿਓ ਦੀ ਜਾਨ ਹੁੰਦੀਆਂ ਹੈ| ਬਚਪਨ ਤੋਂ ਜਵਾਨੀ ਤੱਕ ਜਿਸ ਧੀ ਦੇ ਨਖਰਿਆਂ ਨੂੰ ਪਲਕਾਂ ‘ਤੇ ਚੁੱਕਿਆ ਹੋਵੇ, ਓਹੀ ਧੀ ਦੀ ਲਾਸ਼ ਚੁੱਕਣਾ ਕੋਈ ਸੌਖਾ ਕੰਮ ਨਹੀਂ| ਪਹਾੜ ਜਿਡਾ ਜਿਗਰਾ ਚਾਹੀਦਾ ਘਰ ਦੀ ਉਸ ਰੌਣਕ ਦੀ ਲਾਸ਼ ਨੂੰ ਅੱਗ ਲਾਉਣ ਲਈ, ਜਿਸ ਦੇ ਸਿਰਫ ਨਰਾਜ਼ ਹੋਣ ‘ਤੇ ਸਾਰਾ ਘਰ ਨੱਖਰੇ ਚੁੱਕਦਾ ਸੀ|

ਇੰਨੇ ਲਾਡਾਂ ਨਾਲ ਪਾਲੀ ਧੀ ‘ਤੇ ਜਦੋਂ ਕੋਈ ਮੁੰਡਾ ਹੱਥ ਚੁੱਕਦਾ, ਤਾਂ ਇੱਕ ਬੇਬਸ ਪਿਓ ਦੀ ਰੂਹ ਰੋਂਦੀ ਹੈ| ਫ਼ਿਰ ਵੀ ਉਸ ਵੇਲੇ ਉਸਨੂੰ ਆਪਣੀ ਧੀ ਨਾਲੋਂ ਸਮਾਜ ਦੀ ਫਿਕਰ ਜਿਆਦਾ ਕਿਉਂ ਹੋ ਜਾਂਦੀ?

ਧੀ ਗਵਾਉਣ ਤੋਂ ਬਾਅਦ ਇਹ ਸਮਾਜ ਅਫਸੋਸ ਕਰਨ ਤੋਂ ਇਲਾਵਾ ਕੁੱਝ ਨਹੀਂ ਕਰਦਾ|

ਸਮਾਜ ਬਾਕੀ ਧੀਆਂ ਖ਼ਿਲਾਫ਼ ਆਵਾਜ਼ ਚੁੱਕਣ ਵਿੱਚ ਵਿਅਸਤ ਹੋ ਜਾਂਦਾ,
ਪਤੀ ਦੂਸਰਾ ਵਿਆਹ ਕਰਵਾ ਲੈਂਦਾ,
ਜ਼ਿੰਦਗੀ ਪਟੜੀ ‘ਤੇ ਆਉਣ ਲਗ ਪੈਂਦੀ,
ਨਹੀਂ ਆਉਂਦੀ ਤਾਂ ਬੱਸ ਮਾਪਿਆਂ ਦੇ ਵਿਹੜੇ ਦੀ ਰੌਣਕ,
ਜੋ ਸਿਵਿਆਂ ਵਿੱਚ ਰਾਖ ਬਣ ਚੁੱਕੀ ਹੁੰਦੀ|

ਮਨਦੀਪ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਪਤੀ ਦਾ ਕਹਿਣਾ ਹੈ ਕਿ ਮਨਦੀਪ ਨੂੰ ਪਾਗਲਪਨ ਦੇ ਦੌਰੇ ਪੈਂਦੇ ਸੀ, ਜਦਕਿ ਵੀਡੀਓ ਵਿੱਚ ਉਹ ਸਾਫ਼ ਸਾਫ਼ ਮਨਦੀਪ ਦਾ ਮੂੰਹ ਤੋਲੀਏ ਨਾਲ ਘੁੱਟਦਾ ਨਜ਼ਰ ਆ ਰਿਹਾ ਹੈ|
ਨਾ ਤਾਂ ਉਸਦੇ ਪਤੀ ਨੂੰ ਹੁਣ ਤੱਕ ਕੋਈ ਸਜ਼ਾ ਹੋਈ, ਨਾ ਉਸਦੇ ਤੜਪਦੇ ਪੇਕਿਆਂ ਨੂੰ ਕੋਈ ਇਨਸਾਫ਼ ਮਿਲਿਆ| ਦੋ ਮਾਸੂਮ ਧੀਆਂ ਪਿਓ ਦੇ ਜ਼ੁਲਮ ਤੋਂ ਅਣਜਾਣ ਮਾਪਿਆਂ ਦੀ ਗੋਦੀ ਦੀ ਨਿੱਘ ਮਾਣਨ ਦਾ ਇੰਤਜ਼ਾਰ ਕਰ ਰਹੀਆਂ ਹਨ| ਮਨਦੀਪ ਦੀ ਸੱਸ, ਸਹੁਰਾ ਅਤੇ ਦਿਓਰ ਘਰ ਛੱਡ ਕੇ ਫਰਾਰ ਹੋ ਚੁੱਕੇ ਹਨ|

ਤਿੰਨ ਹਸਦੇ ਖੇਲਦੇ ਪਰਿਵਾਰ ਖੇਰੂ-ਖੇਰੂ ਹੋ ਚੁੱਕੇ ਹਨ| ਇਸ ਨੂੰ ਰੋਕਿਆ ਜਾਂ ਸਕਦਾ ਸੀ|

ਜੇਕਰ ਰੰਜੋਧਬੀਰ ਦੇ ਨਾਜਾਇਜ਼ ਸੰਬੰਧ ਨਾ ਹੁੰਦੇ ਅਤੇ ਮਨਦੀਪ ਦੀ ਗੁਹਾਰ ਨੂੰ ਉਸਦੇ ਪਰਿਵਾਰ ਨੇ ਧਿਆਨ ਨਾਲ ਸੁਣਿਆ ਹੁੰਦਾ ਤਾਂ ਅੱਜ ਉਹ ਸਿਵਿਆਂ ਦੀ ਥਾਂ ਆਪਣੇ ਪਿਓ ਕੋਲ ਸੁਰੱਖਿਅਤ ਹੁੰਦੀ| ਉਸਦੀ ਧੀਆਂ ਅਨਾਥਾਂ ਦੀ ਜਿੰਦਗੀ ਨਾ ਜਿਉਂਦੀਆਂ| ਉਸਦੇ ਸਹੁਰਿਆਂ ਨੂੰ ਆਪਣਾ ਘਰ ਛੱਡਕੇ ਨਾ ਭੱਜਣਾ ਪੈਂਦਾ|

ਨਾਜਾਇਜ਼ ਸੰਬੰਧ ਦੀ ਉੱਠੀ ਇੱਕ ਚਿੰਗਾਰੀ ਨੇ ਤਿੰਨ ਘਰ ਅਤੇ ਅਣਗਿਣਤ ਜਿੰਦਗੀਆਂ ਤਬਾਹ ਕਰ ਦਿਤੀਆਂ|

ਮਨਦੀਪ ਦਾ ਕੇਸ ਚਲਦਾ ਰਹੇਗਾ,
ਸ਼ਾਇਦ ਉਸਨੂੰ ਇਨਸਾਫ਼ ਮਿਲ ਜਾਵੇਗਾ|||

ਬਸ ਨਹੀਂ ਮਿਲੇਗਾ ਤਾਂ ਮਨਦੀਪ ਦਾ ਹਾਸਾ,
ਉਸਦੇ ਬੱਚਿਆਂ ਨੂੰ ਮਾਪਿਆਂ ਦਾ ਆਸਰਾ,
ਉਸਦੇ ਵੀਰ ਨੂੰ ਰੱਖੜੀ ਦਾ ਧਾਗਾ,
ਉਸਦੇ ਬਾਪ ਨੂੰ ਧੀ ਦਾ ਲਾਡ|

ਮਰਨਾ ਕਿਸੇ ਵੀ ਸੱਮਸਿਆ ਦਾ ਹੱਲ ਨਹੀਂ ਹੈ, ਜੇਕਰ ਤੁਸੀ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਲਈ ਬੋਲਣਾ ਸ਼ੁਰੂ ਕਰੋ| NAPA ਵਰਗੀਆਂ ਬਹੁਤ ਵਧੀਆ ਸੰਸਥਾਵਾਂ ਆਪਣੇ ਭਾਈਚਾਰੇ ਦੀ ਮਦਦ ਲਈ ਹਮੇਸ਼ਾ ਤਿਆਰ ਹਨ| ਬੱਸ ਤੁਸੀ ਹਿੰਮਤ ਕਰੋ ਅਤੇ ਆਪਣੇ ‘ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਆਵਾਜ਼ ਚੁੱਕੋ|

 

 

 

 

Leave a Reply

Your email address will not be published. Required fields are marked *