ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਜਨਤਾ ਖੁਦ ਆਵੇ ਮੈਦਾਨ ’ਚ-ਮਨਪ੍ਰੀਤ ਸਿੰਘ ਮੰਨਾ,

ਬੀਤੇ ਕੁਝ ਦਿਨਾਂ ’ਚ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਬਹੁਤ ਜਿਆਦਾ ਵਾਧਾ ਹੋਇਆ ਹੈ। ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬਾ ਸਰਕਾਰਾਂ ਉਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ। ਪਵੇ ਵੀ ਕਿਉਂ ਇਸਦੇ ਪਿਛੇ ਵੀ ਇਕ ਕਾਰਨ ਹੈ। ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਤੇਜ਼ੀ ਆਉਣ ਦੇ ਬਾਵਜੂਦ ਵੀ ਇਸਦੀ ਖਪਤ ਵਿਚ ਕੋਈ ਫਰਕ ਨਹੀਂ ਪਿਆ ਅਤੇ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਣ ਨਾਲ ਜਿਥੇ ਸਰਕਾਰ ਨੂੰ ਫਾਇਦਾ ਹੋਇਆ ਹੈ ਨਾਲ ਹੀ ਤੇਲ ਕੰਪਨੀਆਂ ਦੀ ਆਮਦਨ ਵੀ ਵਧੀ ਹੈ। ਜਿਥੇ ਆਮਦਨ ਵਿਚ ਵਾਧਾ ਹੁੰਦਾ ਹੋਵੇ ਉਥੇ ਸਰਕਾਰ ਜਾਂ ਤੇਲ ਕੰਪਨੀਆਂ ਤੇਲ ਦੀਆਂ ਕੀਮਤਾਂ ਨੂੰ ਕਿਉਂ ਘਟਾਉਣਗੀਆਂ, ਇਹ ਇਕ ਸੋਚਣ ਵਾਲੀ ਗੱਲ ਹੈ। ਜਦੋਂ ਕਿਸੇ ਨੂੰ ਬੈਠੇ ਬਿਠਾਏ ਹੀ ਕਰੋੜਾਂ ਅਰਬਾਂ ਰੁਪਏ ਮਿਲਦੇ ਹਨ ਉਹ ਲਕਸ਼ਮੀ ਨੂੰ ਵਾਪਸ ਕਿਉਂ ਕਰੇਗਾ ਚਾਹੇ ਉਸਦੇ ਲਈ ਕਿਸੇ ਦਾ ਕਿੰਨਾ ਵੀ ਨੁਕਸਾਨ ਹੁੰਦਾ ਹੋਵੇ, ਉਸ ਲਈ ਉਹ ਪਿਛੇ ਨਹੀਂ ਹਟੇਗਾ। ਇਥੇ ਹੁਣ ਸੋਚਣ ਵਾਲੀ ਗੱਲ ਹੈ ਕਿ ਹੁਣ ਕੀ ਕੀਤਾ ਜਾਵੇ ਜਿਸ ਨਾਲ ਸਰਕਾਰ ਤੇ ਤੇਲ ਕੰਪਨੀਆਂ ਕੀਮਤਾਂ ਘਟਾਉਣ ਲਈ ਮਜ਼ਬੂਰ ਹੋ ਜਾਣ। ਇਸਦੇ ਲਈ ਜਨਤਾ ਨੂੰ ਖੁਦ ਮੈਦਾਨ ਦੇ ਵਿਚ ਆਉਣ ਪਵੇਗਾ। ਕੁਝ ਸਖਤ ਕਦਮ ਚੁੱਕਣੇ ਪੈਣਗੇ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਸਰਕਾਰ ਤੇ ਤੇਲ ਕੰਪਨੀਆਂ ਦੇ ਖਿਲਾਫ ਸੜਕਾਂ ਤੇ ਉਤਰਨਾ ਪਵੇਗਾ। ਡੀਜ਼ਲ, ਪੈਟਰੋਲ ਤੇ ਗੈਸ ਦੀ ਕੀਮਤ ਵਿਚ ਵਾਧੇ ਨੂੰ ਲੈ ਕੇ ਵੋਟਾਂ ਦੇ ਬਾਈਕਾਟ ਕਰਨ ਦੇ ਨਾਲ ਨਾਲ ਹੋਰ ਵੀ ਸ਼ਖਤ ਕਦਮ ਚੁੱਕਣਾ ਸਮੇਂ ਦੀ ਮੰਗ ਵੀ ਕਹੀ ਜਾ ਸਕਦੀ ਹੈ। ਇਥੇ ਇਕ ਸਵਾਲ ਖੜਾ ਹੁੰਦਾ ਹੈ ਕਿ ਇਸ ਨਾਲ ਮਹਿੰਗਾਈ ਘੱਟਣ ਦੀ ਬਜਾਏ ਹੋਰ ਵੱਧਣ ਦੇ ਅਸਾਰ ਬਣਦੇ ਹਨ ਪਰੰਤੂ ਅੱਗੇ ਕਿਹੜਾ ਮਹਿੰਗਾਈ ਘੱਟ ਹੈ, ਜਨਤਾ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਕਾਫੀ ਸਮੇਂ ਤੋਂ ਪਿਸ ਰਹੀ ਹੈ। ਜਦੋਂ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀ ਵਰਤੋਂ ਘਟੇਗੀ ਤਾਂ ਸਰਕਾਰ ਤੇ ਤੇਲ ਕੰਪਨੀਆਂ ਨੂੰ ਰੋਜ਼ਾਨਾ ਘਾਟਾ ਪਵੇਗਾ, ਫਿਰ ਹੀ ਇਨਾਂ ਨੂੰ ਅਹਿਸਾਸ ਹੋਵੇਗਾ ਕਿ ਜਨਤਾ ਕਿਹੜੀਆਂ ਮੁਸ਼ਿਕਲਾਂ ਨਾਲ ਜੂਝ ਰਹੀ ਹੈ। ਸਰਕਾਰ ਨੂੰ ਵੀ ਇਹ ਗੱਲ ਸਮਝ ਆ ਜਾਵੇਗੀ ਜੇਕਰ ਜਨਤਾ ਵੋਟਾਂ ਪਾ ਕੇ ਸਰਕਾਰ ਬਣਾ ਸਕਦੀ ਹੈ ਤਾਂ ਆਪਣੀਆਂ ਸਹੂਲਤਾਂ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਜਨਤਾ ਆਪਣੀ ਆਈ ਤੇ ਆ ਜਾਵੇ ਤਾਂ ਕੁਝ ਵੀ ਕਰ ਸਕਦੀ ਹੈ। ਜਨਤਾ ਨੂੰ ਥੋੜੀ ਤੰਗੀ ਜਰੂਰ ਹੋਵੇਗੀ ਪਰ ਇਹੋ ਜਿਹੇ ਸਖਤ ਕਦਮ ਚੁੱਕਣਾ ਸਮੇਂ ਦੀ ਅਵਾਜ਼ ਹੈ। ਸਰਕਾਰ ਦਾ ਇਸ ਮੁੱਦੇ ’ਤੇ ਬਿਲਕੁਲ ਹੀ ਚੁੱਪ ਹੈ, ਇਸ ਉੱਤੇ ਕੋਈ ਬਿਆਨ ਨਹੀਂ ਆਇਆ ਕਿ ਅਸੀਂ ਕੁਝ ਸੋਚਾਂਗੇ ਜਾਂ ਕੁਝ ਕਰਾਂਗੇ ਜਿਸ ਨਾਲ ਸਰਕਾਰ ਤੋਂ ਕੋਈ ਆਸ ਕਰਨਾ ਸੁਕੇ ਖੂਹ ਵਿਚੋਂ ਪਾਣੀ ਦੀ ਆਸ ਕਰਨ ਦੇ ਬਰਾਬਰ ਹੈ। ਵਿਰੋਧੀ ਧਿਰ ਦੀ ਆਪਣੀ ਹੀ ਹਾਲਤ ਬਹੁਤ ਖਰਾਬ ਹੈ। ਕਾਂਗਰਸ ਪਾਰਟੀ ਦੀ ਹਾਲਤ ਇਸ ਵੇਲੇ ਬਹੁਤ ਹੀ ਪਤਲੀ ਹੈ। ਪੰਜਾਬ ਵਿਚ ਸਰਕਾਰ ’ਤੇ ਕਾਬਜ਼ ਕਾਂਗਰਸ ਪਾਰਟੀ ਵਿਚ ਆਪਸੀ ਗੁਟਬਾਜੀ ਵੱਡੇ ਪੱਧਰ ’ਤੇ ਹੈ। ਕੇਂਦਰ ਵਿਚ ਵਿਰੋਧੀ ਧਿਰ ਦੇ ਰੂਪ ਵਿਚ ਸਿਥਤੀ ਕਾਫੀ ਡਾਵਾਂਡੋਲ ਹੈ। ਬਾਕੀ ਰਹੀ ਦੂਸਰੀਆਂ ਵਿਰੋਧੀ ਪਾਰਟੀਆਂ ਦੀ, ਜੇਕਰ ਉਹ ਕੋਈ ਧਰਨਾ ਪ੍ਰਦਰਸ਼ਨ ਕਰਦੇ ਹਨ ਤਾਂ ਉਸਦਾ ਕੋਈ ਅਸਰ ਸਰਕਾਰ ’ਤੇ ਦਿਖਾਈ ਹੀ ਨਹੀਂ ਦਿੰਦਾ। ਆਉਣ ਵਾਲੀਆਂ ਵੋਟਾਂ ਅਤੇ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਦਿਖਾਵੇ ਦੀ ਭੇਂਟ ਚੜ ਜਾਂਦੇ ਹਨ। ਪਿਛਲੇ ਕੁਝ ਦਿਨ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਨੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਉਨਾਂ ਦਾ ਪ੍ਰਦਰਸ਼ਨ ਦੇਖਣ ਨੂੰ ਤਾਂ ਕੇਂਦਰ ਤੇ ਰਾਜ ਸਰਕਾਰਾਂ ਦੇ ਖਿਲਾਫ ਲਗ ਰਿਹਾ ਸੀ ਪਰੰਤੂ ਅਸਲੀਅਤ ਦੇ ਵਿਚ ਆਪਣਾ ਪੱਧਰ ਲੋਕਾਂ ਵਿਚ ਮਜ਼ਬੂਤ ਕਰਨ ਲਈ ਇਹ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ, ਜਿਸਦੇ ਚਲਦਿਆਂ ਇਹ ਰੋਸ਼ ਪ੍ਰਦਰਸ਼ਨ ਵੀ ਕੋਈ ਖਾਸ ਅਸਰ ਨਾ ਛੱਡਦਾ ਹੋਇਆ ਸੰਪੰਨ ਹੋ ਗਿਆ। ਇਨਾਂ ਸਾਰੀਆਂ ਗੱਲਾਂ ’ਤੇ ਸੋਚ ਵਿਚਾਰ ਕਰਦੇ ਹੋਏ ਇਹੀ ਨਤੀਜਾ ਸਾਹਮਣੇ ਆ ਰਿਹਾ ਹੈ ਕਿ ਲੋਕਾਂ ਨੂੰ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਆਪ ਹੀ ਕੁਝ ਕਰਨਾ ਪਵੇਗਾ ਜੇਕਰ ਸਮਾਂ ਰਹਿੰਦਿਆਂ ਕੋਈ ਕਦਮ ਨਾ ਚੁੱਕੇ ਗਏ ਤਾਂ ਹਾਲਤਾਂ ਵਿਚ ਸੁਧਾਰ ਦੀ ਕੋਈ ਆਸ ਰਖਣੀ ਕਾਗਜ ਦੀ ਕਿਸ਼ਤੀ ਨਾਲ ਸੰਮੂਦਰ ਨੂੰ ਪਾਰ ਕਰਨ ਦੇ ਬਰਾਬਰ ਹੈ।
ਲੇਖਕ
# ਮਨਪ੍ਰੀਤ _ਸਿੰਘ _ਮੰਨਾ#ਗੜਦੀਵਾਲਾ# ਪੈਟਰੋਲੀਅਮ _ਪਦਾਰਥਾਂ# ਗੈਸ_ ਦੀਆਂ _ਕੀਮਤਾਂ
ਮੋਬਾ. 09417717095,7814800439।

Leave a Reply

Your email address will not be published. Required fields are marked *