ਆਨਲਾਈਨ ਪੜ੍ਹਾਈ ਕਰਵਾਉਣ ਦੇ ਬਾਵਜੂਦ ਵੀ ਅਧਿਆਪਕਾਂ ਤੇ ਉਚ ਅਧਿਕਾਰੀਆਂ ਦਾ ਬੇਲੋੜਾ ਦਬਾਅ

ਕੋਰੋਨਾ ਕਾਲ ਨੇ ਲੋਕਾਂ ਦੇ ਜੀਵਨ ਵਿੱਚ ਉਥਲ-ਪੁੱਥਲ ਮਚਾ ਰੱਖੀ ਹੈ।ਸਭ ਦਾ ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ।ਕੰਮਕਾਰ ਕਰਨ ਦੇ ਢੰਗ ਤਰੀਕੇ ਬਦਲ ਦਿੱਤੇ ਹਨ।ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਆਨਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।ਅਧਿਆਪਕ ਵਰਗ ਹਰ ਸੰਭਵ ਉਪਰਾਲਾ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।ਟੀ.ਵੀ.ਅਤੇ ਰੇਡੀਓ ਰਾਹੀਂ ਮਾਹਿਰ ਅਧਿਆਪਕਾਂ ਵਲੋਂ ਲੈਕਚਰ ਪ੍ਰਸਾਰਿਤ ਕੀਤੇ ਜਾਂਦੇ ਹਨ।ਅਧਿਆਪਕਾਂ ਵਲੋਂ ਹਰੇਕ ਵਿਦਿਆਰਥੀ ਤੱਕ ਪਹੁੰਚ ਕੀਤੀ ਜ ਰਹੀ ਹੈ।ਆਨਲਾਈਨ ਸਿਲੇਬਸ ਕਰਵਾਇਆ ਜਾ ਰਿਹਾ ਹੈ ਅਤੇ ਆਨਲਾਈਨ ਹੀ ਟੈਸਟ ਵੀ ਲਏ ਜਾ ਰਹੇ ਹਨ।ਮੇਰੇ ਇੱਕ ਦੋਸਤ ਲੈਕਚਰਾਰ ਨੇ ਯੂ-ਟਿਊਬ ਚੈਨਲ ਬਣਾ ਕੇ ਉਸ ਤੇ ਰਾਜਨੀਤੀ ਸ਼ਾਸਤਰ ਵਿਸ਼ੇ ਤੇ ਲੈਕਚਰ ਦੇਣੇ ਸ਼ੁਰੂ ਕਰਕੇ ਆਪਣੇ ਪੱਧਰ ਤੇ ਹੀ ਨਵੀਂ ਪੁਲਾਂਘ ਪੁੱਟੀ ਹੈ,ਜੋ ਕਿ ਕਾਬਿਲੇ-ਤਾਰੀਫ਼ ਹੈ।
ਅਧਿਆਪਕਾਂ ਦੀ ਇਸ ਮਿਹਨਤ ਸਦਕਾ ਬੱਚਿਆਂ ਦੇ ਮਾਪੇ ਵੀ ਖੁਸ਼ ਹਨ।ਅਧਿਆਪਕਾਂ ਦਾ ਸਮਾਜ ਵਿੱਚ ਪਹਿਲਾਂ ਨਾਲੋਂ ਮਾਣ ਸਤਿਕਾਰ ਵੀ ਵਧਿਆ ਹੈ।ਈਚ ਵੰਨ ਬਰਿੰਗ ਵੰਨ ਸਕੀਮ ਤਹਿਤ ਵੀ ਅਧਿਆਪਕਾਂ ਨੇ ਤਨੋਂ-ਮਨੋਂ ਮਿਹਨਤ ਕਰਕੇ ਸਰਕਾਰੀ ਸਕੂਲਾਂ ਵਿੱਚ ਵਿਆਿਰਥੀਆਂ ਦੀ ਗਿਣਤੀ ਵਿੱਚ ਦਸ ਫੀਸਦੀ ਤੋਂ ਵੱਧ ਦਾ ਵਾਧਾ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ।ਐਨਾ ਕੁੱਝ ਕਰਨ ਦੇ ਬਾਵਜੂਦ ਵੀ ਅਧਿਆਪਕਾਂ ਤੇ ਸਰਕਾਰੀ ਸਕੂਲਾਂ ਵਿੱਚ ਗਿਣਤੀ ਹੋਰ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।ਹਰ ਖੇਤਰ,ਹਰ ਜਿਲ੍ਹੇ,ਹਰ ਬਲਾਕ ਅਤੇ ਹਰ ਪਿੰਡ ਦੀਆਂ ਪ੍ਰਸਥਿਤੀਆਂ ਵੱਖ-ਵੱਖ ਹੁੰਦੀਆਂ ਹਨ।ਕਿਸੇ ਜਿਲ੍ਹੇ ਵਿੱਚ ਗਿਣਤੀ ਵੀਹ ਫੀਸਦੀ ਵੀ ਵੱਧ ਸਕਦੀ ਹੈ ਜਦੋਂ ਕਿ ਕਿਸੇ ਦੂਜੇ ਜਿਲ੍ਹੇ ਵਿੱਚ ਵਾਧਾ ਪੰਜ ਫੀਸਦੀ ਵੀ ਰਹਿ ਸਕਦਾ ਹੈ।ਵਿਭਾਗ ਦੇ ਉਚ-ਅਧਿਕਾਰੀ ਸਾਰਿਆਂ ਨੂੰ ਇੱਕ ਹੀ ਰੱਸੇ ਨਾਲ ਬੰਨ੍ਹ ਕੇ ਗਿਣਤੀ ਵਧਾਉਣ ਲਈ ਦਬਾਅ ਪਾ ਰਹੇ ਹਨ,ਜੋ ਕਿ ਅਧਿਆਪਕਾਂ ਦੀ ਮਾਨਸਿਕ ਹਾਲਤ ਵਿਗਾੜਨ ਲਈ ਜਿੰਮੇਂਵਾਰ ਹੈ।
ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨਾ ਬਹੁਤ ਮੁਸ਼ਕਿਲ ਕੰਮ ਹੈ।ਇਸ ਮੁਸ਼ਕਿਲ ਦੇ ਬਾਵਜੂਦ ਵੀ ਅਧਿਆਪਕਾਂ ਨੇ ਇਸ ਨੂੰ ਕਰ ਵਿਖਾਇਆ ਹੈ।ਇੱਕ ਅਧਿਆਪਕਾ ਨੇ ਇੱਥੋਂ ਤੱਕ ਵੀ ਦੱਸਿਆ ਕਿ ਉਸ ਨੇ ਆਨਲਾਈਨ ਹੋ ਕੇ ਵਿਦਿਆਰਥੀਆਂ ਨੂੰ ਇੰਨਡੋਰ ਖੇਡਾਂ ਕਰਵਾਉਣ ਦੇ ਨਾਲ-ਨਾਲ ਯੋਗਾ ਵੀ ਕਰਵਾਇਆ ਅਤੇ ਪਿੰਡ ਦੇ ਗੁਰੂਦੁਆਰੇ ਜਾ ਕੇ ਪਿੰਡ ਦੇ ਲੋਕਾਂ ਨੂੰ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਜਾਣੂ ਵੀ ਕਰਵਾਇਆ।ਉਸਦੇ ਇਸ ਜਤਨ ਸਦਕਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਕਾਫੀ ਵਧੀ ਪਰ ਵਧੇ ਵਿਦਿਆਰਥੀਆਂ ਦੇ ਨਾਂ ਦੂਜੇ ਅਧਿਆਪਕਾਂ ਨੇ ਆਪਣੇ ਖਾਤੇ ਵਿੱਚ ਪਾ ਲਏ।ਉਸਦੇ ਐਨਾ ਕੁੱਝ ਕਰਨ ਦੇ ਬਾਵਜੂਦ ਵੀ ਸਕੂਲ ਪ੍ਰਿੰਸੀਪਲ ਬਜਿੱਦ ਰਹੀ ਕਿ ਉਹ ਕੋਈ ਨਾ ਕੋਈ ਬੱਚਾ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਵੇ, ਨਹੀਂ ਤਾਂ ਉਸਦਾ ਨਾਂ ਉਚ-ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਭੇਜ ਦਿੱਤ ਜਾਵੇਗਾ।ਉਸਨੇ ਜਤਨ ਕਰਕੇ ਭਾਵੇਂ ਦੋ-ਤਿੰਨ ਬੱਚੇ ਦਾਖਲ ਕਰਵਾਉ੍ਰਣ ਵਿੱਚ ਸਫਲਤਾ ਤਾਂ ਹਾਸਿਲ ਕਰ ਲਈ ਪਰ ਕਈ ਦਿਨਾਂ ਤੱਕ ਉਸਨੂੰ ਮਾਨਸਿਕ ਤਣਾਅ ਵਿੱਚੋਂ ਲੰਘਣਾ ਪਿਆ।
ਅਖਬਾਰਾਂ ਵਿੱਚ ਆਏ ਦਿਨ ਖਬਰਾਂ ਛਪ ਰਹੀਆਂ ਹਨ ਕਿ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਗਿਣਤੀ ਹੋਰ ਵਧਾਉਣ ਲਈ ਦਬਾਅ ਹੀ ਨਹੀਂ ਪਾਇਆ ਜਾ ਰਿਹਾ ਸਗੋਂ ਜ਼ਲੀਲ ਵੀ ਕੀਤਾ ਜਾ ਰਿਹਾ ਹੈ।ਅਧਿਆਪਕਾਂ ਨਾਲ ਅਣ-ਮਨੁੱਖੀ ਵਰਤਾਰਾ ਉਹਨਾਂ ਦੇ ਕੰਮ ਕਰਨ ਦੇ ਉਤਸ਼ਾਹ ਨੂੰ ਮਾਰਦਾ ਹੀ ਨਹੀਂ ਸਗੋਂ ਉਹਨਾਂ ਨੂੰ ਮਾਨਸਿਕ ਰੋਗ ਸਹੇੜਨ ਲਈ ਵੀ ਮਜਬੂਰ ਕਰਦਾ ਹੈ।ਇੱਕ ਅਧਿਆਪਕ ਹੀ ਅਜਿਹੇ ਸਰਕਾਰੀ ਮੁਲਾਜਮ ਹਨ,ਜਿਹਨਾਂ ਨੂੰ ਪੜ੍ਹਾਉਣ ਤੋਂ ਇਲਾਵਾ ਵੀ ਹਰ ਕੰਮ ਲਈ ਵਰਤ ਲਿਆ ਜਾਂਦਾ ਹੈ।ਕੋਰੋਨਾ ਤੋਂ ਬਚਾਅ ਲਈ ਵੀ ਅਧਿਆਪਕ ਲੋਕਾਂ ਨੂੰ ਜਾਗਰੂਕ ਕਰਦੇ ਹਨ ਅਤੇ ਪੁਲੀਸ ਵਾਲਿਆਂ ਨਾਲ ਨਾਕਿਆਂ ਤੇ ਡਿਊਟੀਆਂ ਵੀ ਨਿਭਾਅ ਰਹੇ ਹਨ।ਬੱਚਿਆਂ ਨੂੰ ਪੜ੍ਹਾ ਵੀ ਰਹੇ ਹਨ ਅਤੇ ਟੈਸਟ ਵੀ ਲਈ ਜਾ ਰਹੇ ਹਨ।ਅੱਧੀ ਰਾਤ ਵੀ ਬੱਚਿਆਂ ਦੇ ਫੋਨ ਸੁਣ ਰਹੇ ਹਨ।ਗਰੀਬ ਮਾਪਿਆਂ ਦੀਆਂ ਚੰਗੀਆਂ-ਮਾੜੀਆਂ ਵੀ ਸੁਣਦੇ ਹਨ।
ਅਧਿਆਪਕ ਕੋਈ ਬਿਜਲੀ ਨਾਲ ਚੱਲਣ ਵਾਲਾ ਉਪਕਰਣ ਨਹੀਂ ਹੈ।ਇਹ ਵੀ ਹੱਡ ਮਾਸ ਦਾ ਪੁਤਲਾ ਹੈ।ਇਹ ਸਮਾਜ ਦਾ ਸ਼ੀਸ਼ਾ ਹੈ।ਅਧਿਆਪਕਾਂ ਨਾਲ ਉੱਚ-ਅਧਿਕਾਰੀਆਂ ਵਲੋਂ ਦੋਸਤਾਨਾ ਵਿਵਹਾਰ ਕਰਕੇ ਉਸਦੀਆਂ ਮੁਸ਼ਕਿਲਾਂ ਨੂੰ ਵੀ ਸਮਝਣਾ ਚਾਹੀਦਾ ਹੈ।ਜਦੋਂ ਤੱਕ ਅਧਿਆਪਕਾਂ ਤੇ ਬੇਲੋੜਾ ਦਬਾਅ ਰਹੇਗਾ,ਉਦੋਂ ਤੱਕ ਉਹ ਆਪਣੀ ਇਛਾ ਮੁਤਾਬਕ ਚੰਗੇ ਨਤੀਜੇ ਨਹੀਂ ਦੇ ਸਕਣਗੇ।ਸੁਖਾਵੇਂ ਮਾਹੌਲ ਵਿੱਚ ਹੀ ਅਧਿਆਪਕ ਵਿਦਿਆਰਥੀਆਂ ਨੂੰ ਵਧੀਆ ਵਿਧੀ ਰਾਹੀਂ ਪੜ੍ਹਾਕੇ ਚੰਗੇ ਸਿੱਟੇ ਕੱਢ ਸਕੇਗਾ।ਉਚ-ਅਧਿਕਾਰੀਆਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਹੈ।ਕਈ ਜਿਲ੍ਹਿਆਂ ਦੇ ਜਿਲ੍ਹਾ ਸਿੱਖਿਆ ਅਫਸਰਾਂ ਵਲੋਂ ਚੰਗੀ ਕਾਰਗੁਜਾਰੀ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾ ਰਹੇ ਹਨ,ਜੋ ਕਿ ਬਹੁਤ ਵਧੀਆ ਸੋਚਦਾ ਨਮੂਨਾ ਹੈ।ਵਿਭਾਗ ਦੇ ਸਾਰੇ ਹੀ ਉਚ-ਅਧਿਕਾਰੀਆਂ ਨੂੰ ਅਧਿਆਪਕਾਂ ਨਾਲ ਪਿਆਰ ਭਰਿਆ ਵਤੀਰਾ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਹੈ ਤਦ ਹੀ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਣਗੀਆਂ।ਅਧਿਆਪਕਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਪਵੇਗਾ ਨਾ ਕਿ ਉਹਨਾਂ ਨੂੰ ਧਰਨੇ-ਮਜਾਹਿਰਆਂ ਦੇ ਰਾਹ ਤੋਰ ਕੇ ਵਿਭਾਗ ਦਾ ਨੁਕਸਾਨ ਕਰਨ ਵਾਲੇ ਪਾਸੇ।
# ਜਸਪਾਲ _ਸਿੰਘ _ਨਾਗਰਾ _’ਮਹਿੰਦਪੁਰੀਆ’
# ਯੂਬਾ_ ਸਿਟੀ#ਕੈਲੇਫੋਰਨੀਆ# (ਅਮਰੀਕਾ)
ਫੋਨ-1-360-448-1989

Leave a Reply

Your email address will not be published. Required fields are marked *