ਰਾਜਸਥਾਨ : ਪੀਣ ਵਾਲੇ ਪਾਣੀ ਦਾ ਘੜਾ ਛੂਹਣ ‘ਤੇ ਸਵਰਨ ਟੀਚਰ ਨੇ ਦਲਿਤ ਬੱਚੇ ਨੂੰ ਕੁੱਟ-ਕੁੱਟ ਮਾਰਿਆ

ਜੋਧਪੁਰ : ਰਾਜਸਥਾਨ ਦੇ ਜਾਲੋਰ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਸਕੂਲ ‘ਚ ਇਕ ‘ਸਵਰਨ’ ਅਧਿਆਪਕ ਨੇ ਪੀਣ ਵਾਲੇ ਪਾਣੀ ਦੇ ਘੜੇ ਨੂੰ ਛੂਹਣ ‘ਤੇ 9 ਸਾਲਾ ਇਕ ਦਲਿਤ ਬੱਚੇ ਬਹੁਤ ਹੀ ਬੇ-ਰਹਿਮੀ ਨਾਲ ਕੁੱਟਿਆ ਜਿਸ ਕਾਰਨ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ 40 ਸਾਲਾ ਅਧਿਆਪਕ ਚੈਲ ਸਿੰਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ‘ਤੇ ਕਤਲ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਹਨ। ਸੁਰਾਣਾ ਪਿੰਡ ਦੇ ਇਕ ਨਿੱਜੀ ਸਕੂਲ ਦੀ ਵਿਦਿਆਰਥਣ ਇੰਦਰਾ ਮੇਘਵਾਲ ਦੀ 20 ਜੁਲਾਈ ਨੂੰ ਕੁੱਟਮਾਰ ਕੀਤੀ ਗਈ ਸੀ ਅਤੇ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਸੀ। ਸੂਬੇ ਦੇ ਸਿੱਖਿਆ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਲੋਰ ਦੇ ਪੁਲਸ ਸੁਪਰਡੈਂਟ ਹਰਸ਼ਵਰਧਨ ਅਗਰਵਾਲ ਨੇ ਦੱਸਿਆ ਕਿ ਮੁੰਡੇ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦੱਸਿਆ ਗਿਆ ਹੈ ਕਿ ਪੀਣ ਦੇ ਪਾਣੀ ਦਾ ਘੜਾ ਛੂਹਣ ਕਾਰਨ ਬੱਚੇ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਹਾਲੇ ਜਾਂਚ ਕੀਤੀ ਜਾਣੀ ਹੈ। ਬੱਚੇ ਦੇ ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਚਿਹਰੇ ਅਤੇ ਕੰਨ ‘ਤੇ ਸੱਟਾਂ ਲੱਗੀਆਂ ਸਨ ਅਤੇ ਉਹ ਲਗਭਗ ਬੇਹੋਸ਼ ਹੋ ਗਿਆ ਸੀ। ਪਿਤਾ ਅਨੁਸਾਰ, ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਉਦੇਪੁਰ ਦੇ ਇਕ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਮੁੰਡੇ ਦੇ ਪਿਤਾ ਦੇਵਾਰਾਮ ਮੇਘਵਾਲ ਨੇ ਕਿਹਾ,”ਉਹ (ਬੱਚਾ) ਲਗਭਗ ਇਕ ਹਫ਼ਤੇ ਤੱਕ ਉਦੇਪੁਰ ਦੇ ਹਸਪਤਾਲ ‘ਚ ਦਾਖ਼ਲ ਰਿਹਾ ਪਰ ਕੋਈ ਸੁਧਾਰ ਨਾ ਹੋਣ ‘ਤੇ ਅਸੀਂ ਉਸ ਨੂੰ ਅਹਿਮਦਾਬਾਦ ਲੈ ਗਏ। ਉਸ ਦੀ ਹਾਲਤ ‘ਚ ਉੱਥੇ ਵੀ ਸੁਧਾਰ ਨਹੀਂ ਹੋਇਆ ਅਤੇ ਉਸ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ।” ਸੂਬੇ ਦੇ ਸਿੱਖਿਆ ਵਿਭਾਗ ਨੇ 2 ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰ ਕੇ ਇਸ ਦੀ ਰਿਪੋਰਟ ਬਲਾਕ ਸਿੱਖਿਆ ਅਧਿਕਾਰੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਹੈ।

Leave a Reply

Your email address will not be published. Required fields are marked *