ਗਾਇਕ ਅਵਤਾਰ ਗਰੇਵਾਲ ਦਾ ਗੀਤ ‘ਬੁਰਿਆਂ ਕੰਮਾਂ ਦੇ ਬੁਰੇ ਨਤੀਜੇ’ ਰਿਲੀਜ਼

ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ): ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦੇ ਖੇਤਰ ਵਿੱਚ ਕੋਵਿਡ-19 ਦੇ ਚਲਦਿਆਂ ਸੁਰੱਖਿਆ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੀਮਿੰਤ ਸੰਗੀਤ ਪ੍ਰੇਮੀਆਂ ਦੁਆਰਾ ਗਾਇਕ ਕਲਾਕਾਰ ਅਵਤਾਰ ਗਰੇਵਾਲ ਦਾ ਨਵਾਂ-ਨਕੋਰ ਗੀਤ “ਬੁਰਿਆਂ ਕੰਮਾਂ ਦੇ ਬੁਰੇ ਨਤੀਜੇ” ਰਿਲੀਜ਼ ਕੀਤਾ ਗਿਆ। ਜੋ ਸਮਾਜਿਕ ਕੁਰੀਤੀਆਂ ਦੀ ਗੱਲ ਕਰਦਾ ਹੈ। ਇਸ ਦੇ ਗੀਤਕਾਰ ਸੁੱਖੀ ਧਾਲੀਵਲ ਹਨ ਅਤੇ ਮਿਊਜ਼ਕ ਬੀ. ਬੁਆਏ ਨੇ ਦਿੱਤਾ ਹੈ। ਇਸ ਗੀਤ ਦਾ ਸਾਰਾ ਪ੍ਰੋਜੈਕਟ ਸਥਾਨਕ ਦੋਸਤਾਂ ਨੇ ਰਲ ਕੇ ਬਣਾਇਆ ਹੈ। ਗਾਇਕ ਅਵਤਾਰ ਤੋਂ ਬਿਨਾਂ ਟੀਮ ਵਿੱਚ ਕੋਈ ਵੀ ਪ੍ਰੋਫੈਸਨਲ ਨਹੀਂ ਸੀ। ਅਵਤਾਰ ਪਹਿਲੇ ਦਹਾਕਿਆਂ ਵਿੱਚ ‘ਦਿਲਦਾਰ ਮਿਊਜ਼ੀਕਲ ਗਰੁੱਪ’ ਕੈਲੀਫੋਰਨੀਆਂ ਦਾ ਮੋਢੀ ਗਾਇਕ ਰਿਹਾ ਹੈ ਅਤੇ ਇਸ ਨੇ ਬਹੁਤ ਸਾਰੇ ਸੱਭਿਆਚਾਰਕ ਅਤੇ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ। ਇਹ ਇਕ ਨਵਾਂ ਤਜਰਬਾ ਸੀ, ਜੋ ਬੜੀ ਸਫਲਤਾ ਨਾਲ ਨਿਪਰੇ ਚਾੜਿਆ। ਸਮੁੱਚੇ ਇਸ ਗੀਤ ਨੂੰ ਰਿਕਾਰਡਿੰਗ ਤੋਂ ਵੀਡੀਉ ਤੱਕ ਮੀਡੀਆ ਸਹਿਯੋਗੀ ਕੁਲਵੰਤ ਧਾਲੀਆਂ ਦੀ ਨਿਰਦੇਸਨਾ ਅਧੀਨ ‘ਧਾਲੀਆਂ ਐਂਡ ਮਾਛੀਕੇ’ ਦੇ ਬੈਨਰ ਹੇਠ ਨੇਪਰੇ ਚਾੜਿਆ ਗਿਆ ਹੈ। ਇਸ ਸਾਦੀ ਰਿਲੀਜ਼ ਰਸ਼ਮ ਸਮੇਂ ਗਾਇਕ ਅਵਤਾਰ ਗਰੇਵਾਲ, ਗੀਤਕਾਰ ਗੈਰੀ ਢੇਸੀ, ਗੀਤਕਾਰ ਸਤਵੀਰ ਹੀਰ ਅਤੇ ਕੁਲਦੀਪ ਜੱਸ਼ੜ ਅਤੇ ਗੁਰਿੰਦਰਜੀਤ ਮਾਛੀਕੇ ਨੇ ਗੱਲਬਾਤ ਕਰਦੇ ਹੋਏ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਸਮੇਂ ਕੁਲਵੰਤ ਉੱਭੀ ਧਾਲੀਆ ਨੇ ਸਾਰੇ ਵਲੰਟੀਅਰ ਕਲਾਕਾਰਾਂ, ਸਹਿਯੋਗੀਆਂ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਇਸ ਤੋਂ ਵੀ ਪ੍ਰੋਜੈਕਟ ਲੈ ਕੇ ਆਉਣ ਦੀ ਵਚਨਬੱਧਤਾ ਪ੍ਰਗਟਾਈ। ਅੱਜ ਦੇ ਸਮੇਂ ਦੀ ਲੋੜ ਹੈ ਕਿ ਅਜਿਹੇ ਚੰਗੇ ਸੱਭਿਆਚਾਰਕ ਅਤੇ ਪਰਿਵਾਰਕ ਗੀਤ ਗਾਏ ਜਾਣ, ਜੋ ਸਾਡਾ ਮੰਨੋਰੰਜਨ ਕਰਨ ਦੇ ਨਾਲ-ਨਾਲ ਚੰਗੀ ਸਮਾਜਿਕ ਸੇਧ ਵੀ ਦੇ ਸਕਣ। ਜਿਸ ਨਾਲ ਅੱਜ ਦੀ ਨਵੀਂ ਪੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ।

Leave a Reply

Your email address will not be published. Required fields are marked *