ਸਾਹਿਤ, ਸਿੱਖਿਆ ਅਤੇ ਸਮਾਜ-ਸੇਵੀ ਖੇਤਰ ਦਾ ਕੋਹੇਨੂਰ ਹੀਰਾ : ਪ੍ਰਿੰ. ਬਹਾਦਰ ਸਿੰਘ ਗੋਸਲ

ਕਿਸੇ ਕਵੀ ਨੇ ਲਿਖਿਆ ਹੈ:-
”ਵੈਸੇ ਤੋ ਬਦਲਤੇ ਰਹਿਤੇ ਹੈਂ, ਜਮਾਨੇ ਕੇ ਸਾਥ ਯੇ ਲੋਗ
ਮਗਰ ਮਰਦ ਵੋ ਹੈ ਜੋ ਬਦਲ ਡਾਲੇ ਜ਼ਮਾਨੇ ਕੋ।”
ਜੀ ਹਾਂ, ਅਜਿਹਾ ਹੀ ਜ਼ਜਬਾ ਆਪਣੇ ਦਿਲ ਵਿੱਚ ਸਮੋਈ ਜ਼ਮਾਨੇ ਨੂੰ ਬਦਲ ਦੇਣ ਲਈ ਜਾਨੂੰਨ ਦੀ ਹੱਦ ਤੱਕ ਸੇਵਾ ਨਿਭਾ ਰਹੇ ਹਨ, ਪ੍ਰਿੰ. ਬਹਾਦਰ ਸਿੰਘ ਗੋਸਲ ਜੀ। ਹਰ ਗਰੀਬ ਬੱਚੇ ਅਤੇ ਖ਼ਾਸ ਕਰਕੇ ਪੱਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਲਈ ਇੱਕ ਵਰਦਾਨ ਸਾਬਤ ਹੋਂਇਆ ”ਪ੍ਰਿੰ. ਬਹਾਦਰ ਸਿੰਘ ਗੋਸਲ” ਨਾਂਓ ਇਕ ਵਿਅੱਕਤੀ ਦਾ ਨਾਂਓ ਨਾ ਹੋ ਕੇ ਕਿਸੇ ਇਕ ਸੰਪੂਰਨ ਸਮਾਜ-ਸੇਵੀ ਸੰਸਥਾ ਦਾ ਜਾਪਦਾ ਹੈ। ਜ਼ਿਲਾ ਲੁਧਿਆਣਾ ਦੇ ਪਿੰਡ ਗੋਸਲਾਂ ਵਿੱਚ ਪਿਤਾ ਰਾਮ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਜਨਮੇ ਬਹਾਦਰ ਸਿੰਘ ਨੇ ਨੈਸ਼ਨਲ ਹਾਈ ਸਕੁਲ, ਮਾਨੂੰਪੁਰ ਤੋਂ ਦਸਵੀਂ ਕਰਨ ਤੋਂ ਬਾਅਦ ਏ. ਐਸ. ਕਾਲਜ, ਖੰਨਾ ਤੋਂ ਬੀ. ਐਸ. ਸੀ., ਕਾਲਜ ਆਫ ਐਜੂਕੇਸ਼ਨ, ਚੰਡੀਗੜ ਤੋਂ ਬੀ. ਐਡ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ. ਏ. (ਹਿਸਟਰੀ, ਪਬਲਿਕ ਐਡਮਨਿਸਟ੍ਰੇਸ਼ਨ), ਐਮ. ਐੱਡ, ਪੀ. ਜੀ. ਡੀ. ਓ. ਓ. ਪੀ ਅਤੇ ਪੀ. ਈ. ਡੀ ਆਦਿ ਦੀਆਂ ਡਿਗਰੀਆਂ ਪ੍ਰਾਪਤ ਕਰਨ ਉਪਰੰਤ ਦੋ-ਸਾਲਾਂ ਸਿੱਖ ਸਟੱਡੀ ਡਿਪਲੋਮਾ ਵੀ ਹਾਸਲ ਕੀਤਾ।
ਉਨਾ ਨੇ ਆਪਣੇ ਅਧਿਆਪਕ ਕਿੱਤੇ ਦੀ ਸ਼ੁਰੂਆਤ ਬਤੌਰ ਸਾਇੰਸ ਅਧਿਆਪਕ ਸਰਕਾਰੀ ਹਾਈ ਸਕੂਲ, ਬਡਹੇੜੀ (ਯੂ. ਟੀ.), ਚੰਡੀਗੜ ਤੋਂ 1972 ਵਿੱਚ ਕੀਤੀ। ਇਸ ਤੋਂ ਬਾਅਦ ਖੁੱਡਾ ਲਾਹੌਰਾ, ਸੈਕਟਰ-20, ਸੈਕਟਰ-27, ਸੈਕਟਰ-37 ਆਦਿ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਹੋਇਆਂ ਆਪਣੀਆਂ ਸਮਾਜ-ਸੇਵੀ ਗਤੀ-ਵਿਧੀਆਂ ਅਤੇ ਅਧਿਆਪਨ ਦੇ ਕੰਮ ਦੀਆਂ ਐਸੀਆਂ ਛਾਪਾਂ ਛੱਡਦੇ ਗਏ ਕਿ ਚੰਡੀਗੜ ਪ੍ਰਸ਼ਾਸਨ ਵਲੋਂ ਸੰਨ 1982 ਵਿੱਚ ਉਨਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਆ ਗਿਆ। ਸਾਲ 1994 ਵਿੱਚ ਜਦੋਂ ਉਨਾਂ ਨੇ ਸਰਕਾਰੀ ਹਾਈ ਸਕੂਲ, ਸੈਕਟਰ-40, ਚੰਡੀਗੜ ਵਿੱਚ ਬਤੌਰ ਹੈੱਡਮਾਸਟਰ ਚਾਰਜ ਸੰਭਾਲਿਆ ਤਾਂ ਉਨਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦਾ ਇੱਕ ਨਵਾਂ ਹੀ ਅਧਿਆਇ ਸ਼ੁਰੂ ਹੋਇਆ। ਇਸ ਸਕੂਲ ਵਿੱਚ ਉਨਾਂ ਵਲੋਂ ਸਾਲ 1995 ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟ ”ਬੋਰੀ ਤੋਂ ਬਸਤਾ” ਨੇ ਰੂੜੀਆਂ (ਗੰਦ ਦੇ ਢੇਰਾਂ) ਵਿਚੋਂ ਬੋਰੀ ਵਿੱਚ ਕਾਗਜ਼ ਆਦਿ ਚੁੱਗਦੇ ਬੱਚਿਆਂ ਦੇ ਮੋਢਿਆਂ ਤੋਂ ਬੋਰੀਆਂ ਲੁਹਾ ਕੇ ਬਸਤੇ ਪਵਾ ਦਿੱਤੇ। ਫਿਰ, ਆਰਥਿਕ ਮੰਦੀ ਕਾਰਨ ਪੜਾਈ ਅੱਧ-ਵਿਚਕਾਰ ਹੀ ਛੱਡ ਚੁੱਕੇ ਬੱਚਿਆਂ ਨੂੰ ਮੁੜ ਸਕੂਲ ਲਿਆਉਣ ਲਈ ਪ੍ਰੋਜੈਕਟ ”ਆਸਰਾ” ਸ਼ੁਰੂ ਕੀਤਾ। ਸਾਲ 1998 ਵਿੱਚ ਉਨਾਂ ਨੇ ਲੜਕੀਆਂ ਨੂੰ ਪੜਾਈ ਲਈ ਉਤਸ਼ਾਹਿਤ ਕਰਨ ਲਈ ਤੀਸਰਾ ਪ੍ਰੋਜੈਕਟ ”ਚੱਲੋ ਬੇਟੀ ਸਕੂਲ” ਸ਼ੁਰੂ ਕੀਤਾ, ਜਿਸ ਦੇ ਅੰਤਰਗਤ ਸਕੂਲ ਦੇ ਹਰ ਇੱਕ ਅਧਿਆਪਕ ਵੱਲੋਂ ਇੱਕ ਗਰੀਬ ਲੜਕੀ ਨੂੰ ਅਪਣਾਉਣ ਦੇ ਨਾਲ-ਨਾਲ ਉਸ ਦੀ ਪੜਾਈ ਦਾ ਸਾਰਾ ਖਰਚਾ ਦੇਣ ਦਾ ਵੀ ਪ੍ਰਣ ਕੀਤਾ। ਇਸ ਪ੍ਰੋਜੈਕਟ ਅਧੀਨ 55 ਗਰੀਬ ਲੜਕੀਆਂ ਨੂੰ ਉਨਾਂ ਦੇ ਸਕੂਲ ਵਿੱਚ ਮੁਫਤ ਪੜਾਈ ਲਈ ਦਾਖਲ ਕੀਤਾ ਗਿਆ। ਇਸ ਤੋਂ ਇਲਾਵਾ ਉਨਾਂ ਵੱਲੋਂ ਸਕੂਲ ਵਿੱਚ, ”ਸੰਡੇ ਸਕੂਲ”, ”ਨਾਈਟ ਸਕੂਲ” ਅਤੇ ਨਰਸਰੀ ਪੈਰਾਡਾਈਸ ਆਦਿ ਕਈ ਹੋਰ ਪ੍ਰੋਜੇਕਟਾਂ ਦੀ ਸ਼ੁਰੂਆਤ ਕੀਤੀ ਗਈ। ਵੱਖ-ਵੱਖ ਸਮੇਂ ਤੇ ਵਣ-ਮਹਾਂ-ਉਤਸਵ, ਦਹੇਜ ਵਿਰੋਧੀ ਪ੍ਰੋਗਰਾਮ, ਨਸ਼ਾ- ਵਿਰੋਧੀ ਪ੍ਰੋਗਰਾਮ, ਗਰੀਬ ਬੱਚਿਆਂ ਨੂੰ ਮੁਫਤ ਵਰਦੀਆਂ ਤੇ ਬਸਤੇ ਆਦਿ ਵੰਡਣੇ, ਪਲਸ ਪੋਲੀਓ ਮੁਹਿੰਮ ਅਤੇ ਪੇਂਟਿੰਗ ਮੁਕਾਬਲਿਆਂ ਆਦਿ ਵਿੱਚ ਬੱਚਿਆਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕਰਕੇ ਮੁੱਢਲੇ ਸਮੇਂ ਤੋਂ ਹੀ ਵਿਦਿਆਰਥੀਆਂ ਨੂੰ ਸਮਾਜ-ਸੁਧਾਰ ਦੀ ਗੁੜਤੀ ਦੇਣ ਦੀ ਉਨਾਂ ਦੀ ਕੋਸ਼ਿਸ਼ ਰਹੀ।
ਸ. ਮਾਡਲ ਸੀ. ਸੈਕੰ. ਸਕੂਲ, ਸੈਕਟਰ-56, ਚੰਡੀਗੜ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਡਿਊਟੀ ਬਾਖੂਬੀ ਨਿਭਾ ਕੇ ਸੇਵਾ-ਮੁਕਤ ਹੋਏ ਗੋਸਲ ਜੀ ਸਿੱਖਿਆ ਵਿਭਾਗ (ਯੂ. ਟੀ.), ਚੰਡੀਗੜ ਦੇ ਕਈ ਅਹਿਮ ਕੰਮ ਜਿਵੇਂ ਕਿ ਗਿਆਰਵੀਂ ਜਮਾਤ ਦਾ ਦਾਖਲਾ, ਵਿਦਿਆਰਥੀਆਂ ਨੂੰ ਮਿੱਡ-ਡੇ-ਮੀਲ ਸਰਬ ਸਿੱਖਿਆ ਅਭਿਆਨ ਆਦਿ ਕੰਮਾਂ ਨੂੰ ਵੀ ਸੁਚੱਜੇ ਢੰਗ ਨਾਲ ਨੇਪਰੇ ਚੜਾ ਰਹੇ ਹਨ। ਹੁਣ ਤੱਕ 40 ਤੋਂ ਵੱਧ ਸਰਕਾਰੀ, ਗੈਰ ਸਰਕਾਰੀ ਅਤੇ ਸਮਾਜ-ਸੇਵੀ ਸੰਸਥਾਵਾਂ ਉਨਾਂ ਦਾ ਸਨਮਾਨ ਕਰ ਚੁੱਕੀਆਂ ਹਨ, ਜਿਨਾਂ ਵਿੱਚ, ਰੋਟਰੀ ਕਲੱਬ ਚੰਡੀਗੜ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:), ਪੰਜਾਬੀ ਪੁਆਧੀ ਸੱਥ, ਪੰਜਾਬ ਅਤੇ ਸਿਟੀਜ਼ਨ ਅਵੇਅਰਨੈਸ ਗਰੁੱਪ, ਚੰਡੀਗੜ ਆਦਿ ਪ੍ਰਮੁੱਖ ਹਨ। ਇਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ ਉਹ ਦੋ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ, ਬਸਤੇ ਅਤੇ ਸਕੂਲੀ ਵਰਦੀਆਂ ਵੰਡ ਚੁੱਕੇ ਹਨ। ਸੰਨ 2006 ਵਿੱਚ ਉਨਾਂ ਨੂੰ ਉਨਾਂ ਦੇ ਸਿੱਖਿਆ ਦੇ ਖੇਤਰ ਵਿੱਚ ਅਜੋਕੇ ਯੋਗਦਾਨ ਲਈ ਚੰਡੀਗੜ ਦੀ ਇੱਕ ਪ੍ਰਮੁੱਖ ਸਮਾਜ-ਸੇਵੀ ਸੰਸਥਾ ”ਜਨ ਸੇਵਾ ਟਰਸਟ” ਵਲੋਂ, ”ਸ੍ਰੀ ਤਾਰਾ ਚੰਦ ਸਾਬੂ ਐਕਸੀਲੈਂਸ ਅਵਾਰਡ ਫਾਰ ਲਾਈਫ-ਟਾਈਮ ਅਚੀਵਮੈਂਟ -2006 ” ਪ੍ਰਦਾਨ ਕੀਤਾ ਗਿਆ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਉੱਚ-ਕੋਟੀ ਦਾ ਸਨਮਾਨ ਸਮਝਿਆ ਜਾਂਦਾ ਹੈ। ਅੱਜ-ਕੱਲ ਉਹ ਸਰਬ ਸਿੱਖਿਆ ਸੁਧਾਰ ਸਮਿਤੀ ਚੰਡੀਗੜ ਦੇ ਚੇਅਰਮੈਨ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ, ”ਕਲਗੀਧਰ ਟਰੱਸਟ ਬੜੂ ਸਾਹਿਬ” ਵਲੋਂ ਚਲਾਈਆਂ ਜਾ ਰਹੀਆਂ 130 ਅਕਾਲ ਅਕੈਡਮੀਆਂ ਲਈ ਡਿਪਟੀ ਜ਼ੋਨਲ- ਡਾਇਰੈਕਟਰ, ”ਭਾਈ ਜੈਤਾ ਜੀ ਫਾਉੂਂਡੇਸ਼ਨ ਆਫ ਇੰਡੀਆ” ਦੇ ਪ੍ਰੋਜੈਕਟ-ਇੰਚਾਰਜ਼ ਅਤੇ ਐਨ. ਆਈ. ਓ. ਐਸ. (ਓਪਨ ਸਕੂਲਜ਼) ਦੀ ਇੰਸਪੈਕਸ਼ਨ-ਟੀਮ ਦੇ ਮੈਂਬਰ ਵਜੋ ਸੇਵਾ ਨਿਭਾ ਰਹੇ ਹਨ। ਗਰੀਬ ਬੱਚਿਆਂ ਨੂੰ ਕੰਪਿਊਟਰ ਸਿਖਲਾਈ ਲਈ ”ਗੁੱਡ ਲਾਈਫ ਅਕੈਡਮੀ ਮਲੋਆ (ਚੰਡੀਗੜ)” ਅਤੇ ”ਚੰਡੀਗੜ ਕੰਪਿਊਟਰ ਇੰਸਟੀਚਿਊਟ, ਖਰੜ” ਦੇ ਉਹ ਪ੍ਰਿੰਸੀਪਲ ਹਨ।
ਜੇਕਰ ਗੋਸਲ ਜੀ ਦੀ ਸਾਹਿਤਕ ਖੇਤਰ ਨੂੰ ਦੇਣ ਦੀ ਗੱਲ ਕਰੀਏ ਤਾਂ ਹੁਣ ਤੱਕ 48 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਕੇ ਗੋਸਲ ਜੀ, ”ਸਾਹਿਤ ਦੇ ਬਾਬਾ ਬੋਹੜ” ਦਾ ਰੁੱਤਬਾ ਪਾ ਗਏ ਹਨ। ਦੇਸ਼-ਵਿਦੇਸ਼ ਦੇ ਅਖਬਾਰਾਂ-ਮੈਗਜ਼ੀਨਾਂ ਵਿੱਚ ਉਨਾਂ ਦੇ ਲੇਖ ਆਮ ਹੀ ਰੋਜ਼ਾਨਾ ਪੜਨ ਨੂੰ ਮਿਲਦੇ ਹਨ। ਮਹਾਂ-ਭਾਰਤ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਉਪਦੇਸ਼,”ਕਰਮ ਕੀਏ ਜਾ ਔਰ ਫਲ ਕੀ ਇੱਛਾ ਮੱਤ ਕਰ” ਉਤੇ ਵਿਸ਼ਵਾਸ਼ ਕਰਨ ਵਾਲੇ ਗੋਸਲ ਜੀ ਨੂੰ ਆਦਰ ਵਜੋਂ ਮਿਲ ਰਹੇ ਇਹ ਮਾਨ-ਸਨਮਾਨ ਉਨਾਂ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਪ੍ਰਤੀ ਉਨਾਂ ਦਾ ਵਿਸ਼ਵਾਸ ਦ੍ਰਿੜ ਬਣਾਉਦੇ ਅਗਾਂਹ ਵੱਲ ਕਦਮ ਪੁੱਟਣ ਲਈ ਪ੍ਰੇਰਦੇ ਹਨ। ਰੱਬ ਕਰੇ ! ਸਾਹਿਤ, ਸਿੱਖਿਆ ਅਤੇ ਸਮਾਜ-ਸੇਵੀ ਕਾਰਜਾਂ ਲਈ ਮਾਰਗ-ਦਰਸ਼ਕ ਬਣੇ ਇਨਾਂ ਕਦਮਾਂ ਨੂੰ ਹਿੰਮਤ, ਦਲੇਰੀ ਅਤੇ ਲਗਨ ਨਾਲ ਸਰਗਰਮ ਪੁਲਾਂਘਾਂ ਪੁੱਟਦੇ ਰਹਿਣ ਲਈ ਮੇਰਾ ਓਹ ਪ੍ਰਵਰਦਗਾਰ ਹੋਰ ਵੀ ਬਲ ਬਖ਼ਸ਼ੇ!#ਪ੍ਰਿੰ. _ਬਹਾਦਰ_ ਸਿੰਘ_ ਗੋਸਲ# ਪ੍ਰੀਤਮ_ ਲੁਧਿਆਣਵੀ_ ਚੰਡੀਗੜ # ਸਾਹਿਤ _ਦੇ_ ਬਾਬਾ _ਬੋਹੜ
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਪ੍ਰਿੰ. ਬਹਾਦਰ ਸਿੰਘ ਗੋਸਲ, ਚੰਡੀਗੜ, 9876452223

Leave a Reply

Your email address will not be published. Required fields are marked *