ਪੂਰਬੀ ਲੱਦਾਖ ’ਚੋਂ ਫ਼ੌਜਾਂ ਪਿੱਛੇ ਹਟਾਉਣ ਦਾ ਫ਼ੈਸਲਾ ਜਟਿਲ: ਫ਼ੌਜ

ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਅੱਜ ਪੂਰਬੀ ਲੱਦਾਖ ਵਿੱਚ ਸ਼ਾਂਤੀ ਬਹਾਲ ਕਰਨ ਸਬੰਧੀ ਹਾਲਾਤ ’ਤੇ ਹੋਈ ਫ਼ੌਜੀ ਗੱਲਬਾਤ ਦੇ ਚੌਥੇ ਗੇੜ ਤੋਂ ਬਾਅਦ ਕਿਹਾ ਕਿ ਭਾਰਤ ਤੇ ਚੀਨ ਆਪੋ-ਆਪਣੇ ਸੈਨਿਕ ਪਿੱਛੇ ਹਟਾਉਣ ਲਈ ਵਚਨਬੱਧ ਹਨ ਅਤੇ ਇਹ ਪ੍ਰਕਿਰਿਆ ਪੇਚੀਦਾ ਹੈ, ਜਿਸ ਦੀ ਲਗਾਤਾਰ ਨਿਗਰਾਨੀ ਕਰਨ ਦੀ ਲੋੜ ਹੈ। ਫ਼ੌਜ ਨੇ ਕਿਹਾ ਕਿ ਭਾਰਤ ਤੇ ਚੀਨੀ ਫ਼ੌਜ ਦੇ ਸੀਨੀਅਰ ਕਮਾਂਡਰਾਂ ਵੱਲੋਂ ਫ਼ੌਜਾਂ ਪਿੱਛੇ ਹਟਾਉਣ ਸਬੰਧੀ ਪਹਿਲੇ ਗੇੜ ਦੇ ਲਾਗੂ ਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ‘ਫ਼ੌਜਾਂ ਪੂਰੀ ਤਰ੍ਹਾਂ ਪਿੱਛੇ ਹਟਾਉਣ’ ਲਈ ਅਗਲੇ ਕਦਮਾਂ ਬਾਰੇ ਚਰਚਾ ਕੀਤੀ ਗਈ। ਅਸਲ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਚੁਸ਼ੁਲ ਵਿੱਚ ਕੋਰ ਕਮਾਂਡਰਾਂ ਵਿਚਾਲੇ ਮੰਗਲਵਾਰ ਸਵੇਰੇ 11 ਵਜੇ ਤੋਂ ਲੈ ਕੇ ਬੁੱਧਵਾਰ ਸਵੇਰੇ 2 ਵਜੇ ਤੱਕ 15 ਘੰਟੇ ਲੰਬੀ ਗੱਲਬਾਤ ਚੱਲੀ। ਇਸ ਦੌਰਾਨ ਰੀਅਰ ਬੇਸਾਂ ਤੋਂ ਮਿੱਥੇ ਸਮੇਂ ਵਿੱਚ ਹਜ਼ਾਰਾਂ ਸੈਨਿਕਾਂ ਨੂੰ ਪਿੱਛੇ ਹਟਾਉਣ ਸਮੇਤ ਫ਼ੌਜਾਂ ਪਿੱਛੇ ਹਟਾਉਣ ਸਬੰਧੀ ਜਟਿਲ ਪ੍ਰਕਿਰਿਆ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਹੋਈ। ਭਾਰਤੀ ਫ਼ੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਇਕ ਬਿਆਨ ਵਿੱਚ ਕਿਹਾ, ‘‘ਸੀਨੀਅਰ ਕਮਾਂਡਰਾਂ ਨੇ ਫ਼ੌਜਾਂ ਪਿੱਛੇ ਹਟਾਉਣ ਦੇ ਪਹਿਲੇ ਫੇਜ਼ ਦੇ ਲਾਗੂ ਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਫ਼ੌਜਾਂ ਮੁਕੰਮਲ ਤੌਰ ’ਤੇ ਪਿੱਛੇ ਹਟਾਉਣਾ ਯਕੀਨੀ ਬਣਾਉਣ ਲਈ ਅੱਗੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਗੱਲਬਾਤ ਕੀਤੀ।’’ ਉਨ੍ਹਾਂ ਕਿਹਾ, ‘‘ਦੋਵੇਂ ਦੇਸ਼ ਮੁਕੰਮਲ ਤੌਰ ’ਤੇ ਫ਼ੌਜਾਂ ਪਿੱਛੇ ਹਟਾਉਣ ਦੇ ਇਰਾਦੇ ’ਤੇ ਦ੍ਰਿੜ੍ਹ ਹਨ।

ਅਸਲ ਕੰਟਰੋਲ ਰੇਖਾ ਦੀ ਮੌਜੂਦਾ ਸਥਿਤੀ ’ਚ ਬਦਲਾਅ ਦੀ ਕੋਸ਼ਿਸ਼ ਬਰਦਾਸ਼ਤ ਨਹੀਂ: ਵਿਦੇਸ਼ ਮੰਤਰਾਲੇ

ਭਾਰਤ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਫ਼ੌਜਾਂ ਪਿੱਛੇ ਹਟਾਉਣ ਦੀ ਚੱਲ ਰਹੀ ਪ੍ਰਕਿਰਿਆ ਦਾ ਮਕਸਦ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਪੈਦਾ ਹੋਏ ਹਾਲਾਤ ਨਾਲ ਨਜਿੱਠਣਾ ਹੈ। ਮੀਡੀਆ ਨਾਲ ਆਨਲਾਈਨ ਕੀਤੀ ਗਈ ਗੱਲਬਾਤ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਅਸਲ ਕੰਟਰੋਲ ਰੇਖਾ ਦਾ ਸਨਮਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦੀ ਮੌਜੂਦਾ ਸਥਿਤੀ ਵਿੱਚ ਬਦਲਾਅ ਕਰਨ ਸਬੰਧੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Leave a Reply

Your email address will not be published. Required fields are marked *