ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਤਾਰੀਫ਼, ਭਾਰਤ ਨੂੰ ਦੱਸਿਆ ਸੱਚਾ ਦੋਸਤ

ਰੂਸ ਤੇ ਯੂਕ੍ਰੇਨ ਸੰਘਰਸ਼ ਤੋਂ ਬਾਅਦ ਪੂਰਬੀ ਯੂਰਪ ’ਚ ਫਸੇ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਬਚਾਉਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਹਸੀਨਾ ਨੇ ਮੋਦੀ ਸਰਕਾਰ ਦੇ ਵੈਕਸੀਨ ਮੈਤਰੀ ਪ੍ਰੋਗਰਾਮ ਦੀ ਵੀ ਤਾਰੀਫ਼ ਕੀਤੀ ਹੈ, ਜਿਸ ਤਹਿਤ ਗੁਆਂਢੀ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਈ ਗਈ ਸੀ। ਹਸੀਨਾ ਨੇ ਦੋਹਾਂ ਗੁਆਂਢੀਆਂ ਦਰਮਿਆਨ ਨਜ਼ਦੀਕੀ ਸਹਿਯੋਗ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੱਤਭੇਦ ਹੋ ਸਕਦੇ ਹਨ ਪਰ ਇਸ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ’ਚ ਭਾਰਤ ਅਤੇ ਬੰਗਲਾਦੇਸ਼ ਨੇ ਬਿਲਕੁਲ ਅਜਿਹਾ ਹੀ ਕੀਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸਮਰਥਨ ਨਾਲ ਬੰਗਲਾਦੇਸ਼ੀ ਨਾਗਰਿਕਾਂ ਨੂੰ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਯੁੱਧਗ੍ਰਸਤ ਯੂਕ੍ਰੇਨ ’ਚੋਂ ਬਾਹਰ ਕੱਢਣ ਲਈ ਸਾਡੀ ਬਹੁਤ ਮਦਦ ਕੀਤੀ। ਹਸੀਨਾ ਨੇ ਕਿਹਾ, ‘‘ਮੈਂ ਸੱਚਮੁੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਰੂਸ ਅਤੇ ਯੂਕ੍ਰੇਨ ਵਿਚਾਲੇ ਇਸ ਜੰਗ ਦੌਰਾਨ ਸਾਡੇ ਕਈ ਵਿਦਿਆਰਥੀਆਂ ਨੂੰ ਭਾਰਤੀ ਵਿਦਿਆਰਥੀਆਂ ਦੇ ਨਾਲ ਹੀ ਉਥੋਂ ਕੱਢਣ ’ਚ ਮਦਦ ਕੀਤੀ। ਤੁਸੀਂ ਸਮੇਂ ’ਤੇ ਦੋਸਤੀ ਦਿਖਾਈ। ਮੈਂ ਇਸ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੀ ਹਾਂ।’’

ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਚਲਾਏ ਗਏ ਵੈਕਸੀਨ ਮੈਤਰੀ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ। ਸ਼ੇਖ ਹਸੀਨਾ ਨੇ ਕਿਹਾ, ‘‘ਦਰਅਸਲ, ਮੈਂ ਇਸ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਉਨ੍ਹਾਂ ਨੇ ਨਾ ਸਿਰਫ਼ ਬੰਗਲਾਦੇਸ਼ ਨੂੰ, ਸਗੋਂ ਕੁਝ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਵੀ ਟੀਕੇ ਦਿੱਤੇ। ਇਹ ਸੱਚਮੁੱਚ ਬਹੁਤ ਮਦਦਗਾਰ ਸੀ। ਇਹ ਸੱਚਮੁੱਚ ਇਕ ਵਿਵੇਕਪੂਰਨ ਪਹਿਲ ਹੈ। ਇਸ ਤੋਂ ਇਲਾਵਾ ਵੀ ਅਸੀਂ ਆਪਣੇ ਪੈਸਿਆਂ ਨਾਲ ਭਾਰਤ ਤੋਂ ਟੀਕੇ ਖਰੀਦੇ।’’ ਸ਼ੇਖ ਹਸੀਨਾ ਨੇ ਆਪਣੇ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ। ਬੰਗਲਾਦੇਸ਼ ਨੇ ਆਪਣੀ 90 ਫੀਸਦੀ ਆਬਾਦੀ ਨੂੰ ਕੋਵਿਡ-19 ਦੇ ਟੀਕੇ ਦਿੱਤੇ ਹਨ। ਸ਼ੇਖ ਹਸੀਨਾ ਨੇ ਭਾਰਤ ਨੂੰ ਸੱਚਾ ਦੋਸਤ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਲੋੜ ਵੇਲੇ ਬੰਗਲਾਦੇਸ਼ ਦੇ ਨਾਲ ਖੜ੍ਹਾ ਸੀ। ਉਨ੍ਹਾਂ ਕਿਹਾ, ‘‘ਅਸੀਂ ਹਮੇਸ਼ਾ 1971 ਦੀ ਜੰਗ ਦੌਰਾਨ ਭਾਰਤ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਦੇ ਹਾਂ। ਇਸ ਤੋਂ ਇਲਾਵਾ 1975 ’ਚ ਜਦੋਂ ਅਸੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਤਾਂ ਤੱਤਕਾਲੀ ਪ੍ਰਧਾਨ ਮੰਤਰੀ ਨੇ ਸਾਨੂੰ ਭਾਰਤ ’ਚ ਪਨਾਹ ਦਿੱਤੀ।’’

Leave a Reply

Your email address will not be published. Required fields are marked *