ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਚੌਥਾ ਸਾਲਾਨਾ ਸਾਖਰਤਾ ਅਤੇ ਸੱਭਿਆਚਾਰ ਸੰਮੇਲਨ 1-2 ਅਕਤੂਬਰ ਨੂੰ

ਸਰੀ: ਪਿਛਲੇ ਕਈ ਸਾਲਾਂ ਤੋਂ ਪੰਜਾਬ ਭਵਨ ਸਰੀ ਕੈਨੇਡਾ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਵਿੱਚ ਏਕਤਾ ਬਣਾਉਣ ਵਿੱਚ ਕਾਫੀ ਹੱਦ ਤੱਕ ਸਫਲ ਰਿਹਾ ਹੈ।ਇਸ ਦੇ ਮੁਖੀ ਸੁੱਖੀ ਬਾਠ ਨੇ ਕਿਹਾ ਕਿ ਸਾਨੂੰ ਇਹ ਖ਼ਬਰ ਸਾਂਝੀ ਕਰਦਿਆਂ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਭਵਨ ਸਰੀ ਕੈਨੇਡਾ ਆਪਣਾ ਸਲਾਨਾ ਸਾਖਰਤਾ ਅਤੇ ਸੱਭਿਆਚਾਰ ਸੰਮੇਲਨ 1 ਅਕਤੂਬਰ ਤੋਂ 2 ਅਕਤੂਬਰ, 2022 ਤੱਕ ਆਯੋਜਿਤ ਕਰੇਗਾ।ਇਸ ਸੰਮਲੇਨ ਵਿਚ ਦੁਨੀਆ ਭਰ ਤੋਂ ਬੁੱਧੀਜੀਵੀ, ਸਾਹਿਤਕਾਰ, ਪ੍ਰਸਿੱਧ ਲੇਖਕ, ਕਵੀ, ਗੀਤਕਾਰ ਅਤੇ ਬਹੁਤ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਹਨ।ਇਸ ਵਿਚ ਮਾਹਰਾਂ ਵੱਲੋਂ 5 ਮੁੱਖ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਹਨਾਂ ਵਿਚ ਬਲਿਹਾਰੀ ਕੁਦਰਤਿ ਵਸਿਆ, ਕੌਮਾਂਤਰੀ ਪੰਜਾਬੀ ਸਮਾਜ ਦਾ ਸੰਕਲਪ, ਕੈਨੇਡੀਅਨ ਪੰਜਾਬੀ ਕਲਾਵਾਂ ਅਤੇ ਸੰਚਾਰ ਮਾਧਿਅਮ, ਕੈਨੇਡਾ ਦਾ ਪੰਜਾਬੀ ਸਾਹਿਤ, ਸਾਹਿਤ ਦਾ ਸਿਆਸੀ ਪਰਿਪੇਖ ਹਨ।

ਇਸ ਮਹੱਤਵਪੂਰਨ ਕੌਮਾਂਤਰੀ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਸ਼ੁੱਭਕਾਮਨਾਵਾਂ ਦਿੱਤੀਆਂ। ਇਹਨਾਂ ਦੇ ਇਲਾਵਾ ਕੰਮੋਡੋਰ ਗੁਰਬਖਸ਼ ਸਿੰਘ, ਪ੍ਰਧਾਨ ਗੁਰਕਿਰਤ ਸਿੰਘ ਗਿੱਲ  ਪੰਜਾਬ ਭਵਨ ਸਰੀ ਨੂੰ ਆਗਾਮੀ 1-2 ਅਕਤੂਬਰ 2022 ਨੂੰ ਸਰੀ ਵਿਚ ਹੋਣ ਵਾਲੀ ਚੌਥੀ ਕੌਮਾਂਤਰੀ ਕਾਨਫਰੰਸ ਲਈ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾਕਟਰ ਦਰਸ਼ਨ ਸਿੰਘ ‘ਆਸ਼ਟ’ ਨੇ ਕਾਨਫਰੰਸ ਦੀ ਸਫਲਤਾ ਲਈ ਵਧਾਈ ਦਿੱਤੀ। ਇਹਨਾਂ ਦੇ ਇਲਾਵਾ ਸਾਬਕਾ ਪ੍ਰਿੰਸੀਪਲ, ਲੇਖਿਕਾ ਤੇ ਸਮਾਜਸੇਵਿਕਾ (ਕਪੂਰਥਲਾ) ਪ੍ਰੋਮਿਲਾ ਅਰੋੜਾ ਨੇ ਵੀ ਕਾਨਫਰੰਸ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਨਿਰਮਲ ਜੌੜਾ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਮੌਕੇ ਕਿਤਾਬਾਂ ਦੀ ਘੁੰਡ ਚੁਕਾਈ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿਚ ਚੰਗੇ ਵਿਸ਼ਿਆਂ ‘ਤੇ ਲਿਖੇ ਗੀਤਾਂ ਦੇ ਪੋਸਟਰ ਵੀ ਰਿਲੀਜ਼ ਕੀਤੇ ਜਾਣਗੇ। ਜਿਹਨਾਂ ਵਿਚ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਦਾ ਲਿਖਿਆ ਤੇ ਜਸਵੀਰ ਸਿੰਘ ਕੂਨਰ (ਯੂਕੇ) ਦਾ ਗਾਇਆ ਗੀਤ ‘ਰੰਗਾਂ ਦੀ ਦੁਨੀਆਂ’ ਦਾ ਪੋਸਟਰ ਰਿਲੀਜ਼ ਕੀਤਾ ਜਾਵੇਗਾ। ਸਮਾਗਮ ਸਰੀ, ਬ੍ਰਿਟਿਸ਼ ਕੋਲੰਬੀਆ ਵਿਚ ਹੋਵੇਗਾ। ਪ੍ਰੋਗਰਾਮ ਸਵੇਰੇ ਸਾਢੇ 8 ਵਜੇ ਤੋਂ ਸ਼ਾਮ 5-6 ਵਜੇ ਤੱਕ ਹੋਵੇਗਾ। ਖਾਣ ਪੀਣ ਦਾ ਪ੍ਰਬੰਧ ਹੋਵੇਗਾ।

ਦੂਸਰੀ ਯੂਰਪੀ ਪੰਜਾਬੀ ਕਾਨਫਰੰਸ ਇਟਲੀ ‘ਚ 9 ਅਕਤੂਬਰ ਨੂੰ

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਇਟਲੇ ਦੀ ਬਰੇਸ਼ੀਆ ਸ਼ਹਿਰ ਵਿਚ 9 ਅਕਤੂਬਰ, 2022 ਨੂੰ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿਚ ਮਨਦੀਪ ਖੁਰਮੀ ਹਿੰਮਤਪੁਰੀ ਦਾ ਗੀਤ ‘ਮੇਰੀ ਮਾਂ ਬੋਲੀ’ ਰਿਲੀਜ਼ ਕੀਤਾ ਜਾਵੇਗਾ।ਇਹ ਗੀਤ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਪਿਆਰਾ ਸੁਨੇਹਾ ਹੋਵੇਗਾ।

Leave a Reply

Your email address will not be published. Required fields are marked *