ਸੁਰੇਸ਼ ਕੁਮਾਰ ਦੇ ਅਸਤੀਫ਼ੇ ਦੀਆਂ ਅਟਕਲਾਂ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੱਲੋਂ ਸਰਕਾਰੀ ਗੱਡੀਆਂ ਤੇ ਸਟਾਫ਼ ਵਾਪਸ ਕਰਨ ਤੋਂ ਨਵੇਂ ਚਰਚੇ ਛਿੜ ਗਏ ਹਨ। ਅਹਿਮ ਸੂਤਰਾਂ ਅਨੁਸਾਰ ਸੁਰੇਸ਼ ਕੁਮਾਰ ਵੱਲੋਂ ਅਸਤੀਫ਼ਾ ਦੇਣ ਦੀਆਂ ਕਨਸੋਆਂ ਹਨ ਪਰ ਮੁੱਖ ਮੰਤਰੀ ਦਫ਼ਤਰ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਸੂਤਰਾਂ ਮੁਤਾਬਕ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਆਖ ਦਿੱਤਾ ਹੈ ਕਿ ਉਹ ਹੋਰ ਸੇਵਾਵਾਂ ਨਹੀਂ ਦੇ ਸਕਣਗੇ। ਸੂਤਰਾਂ ਅਨੁਸਾਰ ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਨੇ ਆਪਣਾ ਸਰਕਾਰੀ ਸਟਾਫ਼ ਤੇ ਗੱਡੀਆਂ ਵਾਪਸ ਕਰ ਦਿੱਤੀਆਂ ਹਨ। ਮੁੱਖ ਮੰਤਰੀ ਦੇ ਭਰੋਸੇਯੋਗ ਸੀਨੀਅਰ ਅਧਿਕਾਰੀ ਵੱਲੋਂ ਤੀਸਰੀ ਦਫ਼ਾ ਅਜਿਹਾ ਕਦਮ ਚੁੱਕਿਆ ਗਿਆ ਹੈ। ਅਹਿਮ ਸੂਤਰਾਂ ਅਨੁਸਾਰ ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ 20 ਜੁਲਾਈ ਨੂੰ ਦੁਪਹਿਰ ਵਕਤ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ’ਤੇ ਗਏ ਸਨ ਅਤੇ ਕਰੀਬ ਡੇਢ ਘੰਟਾ ਫਾਰਮ ਹਾਊਸ ’ਤੇ ਰਹੇ। ਉਸ ਮਗਰੋਂ ਕਰੀਬ ਚਾਰ ਵਜੇ ਸੁਰੇਸ਼ ਕੁਮਾਰ ਸਿਸਵਾਂ ਫਾਰਮ ਹਾਊਸ ’ਤੇ ਗਏ ਅਤੇ ਕਰੀਬ ਇੱਕ ਘੰਟਾ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਠਹਿਰੇ। ਦੋਹਾਂ ਅਧਿਕਾਰੀਆਂ ਦੀ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੀ ਕੋਈ ਕਨਸੋਅ ਨਹੀਂ ਮਿਲ ਸਕੀ ਪਰ ਮੰਗਲਵਾਰ ਹੀ ਚੀਫ਼ ਪ੍ਰਮੁੱਖ ਸਕੱਤਰ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਦੇ ਆਏ ਸਨ ਜਿਸ ਦੀ ਪੁਸ਼ਟੀ ਨਹੀਂ ਹੋ ਸਕੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦਾ ਕਹਿਣਾ ਸੀ ਕਿ ਸਰਕਾਰ ਨੂੰ ਹਾਲੇ ਤੱਕ ਕੋਈ ਅਸਤੀਫ਼ਾ ਨਹੀਂ ਮਿਲਿਆ ਹੈ।

ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਕਾਫ਼ੀ ਸਮੇਂ ਤੋਂ ਕੈਂਪ ਦਫ਼ਤਰ ਤੋਂ ਹੀ ਸਰਕਾਰੀ ਕੰਮ ਨਿਪਟਾ ਰਹੇ ਸਨ। ਕੋਵਿਡ ਕਰ ਕੇ ਏਕਾਂਤਵਾਸ ਹੋਣ ਕਰਕੇ ਉਨ੍ਹਾਂ ਨੇ 15 ਜੁਲਾਈ ਨੂੰ ਦਫ਼ਤਰ ਪਰਤਣਾ ਸੀ ਪਰ ਉਹ ਦਫ਼ਤਰ ਨਹੀਂ ਆਏ। ਵੇਰਵਿਆਂ ਮੁਤਾਬਕ ਸਰਕਾਰ ਵੱਲੋਂ ਉਨ੍ਹਾਂ ਦੇ ਹਾਈ ਕੋਰਟ ਵਿਚ ਚੱਲਦੇ ਕੇਸ ਨੂੰ ਸੰਜੀਦਗੀ ਨਾਲ ਨਾ ਲੈਣ ਤੋਂ ਉਹ ਨਾਰਾਜ਼ ਸਨ। ਸੂਤਰ ਆਖਦੇ ਹਨ ਕਿ ਨਵੀਂ ਮੁੱਖ ਸਕੱਤਰ ਵਿਨੀ ਮਹਾਜਨ ਦੇ ਆਉਣ ਮਗਰੋਂ ਉਹ ਅੰਦਰੋਂ-ਅੰਦਰੀਂ ‘ਘੁਟਣ’ ਮਹਿਸੂਸ ਕਰ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਏ ਤਬਾਦਲਿਆਂ ਵਿਚ ਸੁਰੇਸ਼ ਕੁਮਾਰ ਦੇ ਕੁੱਝ ਨੇੜਲੇ ਅਧਿਕਾਰੀ ਵੀ ਬਦਲ ਦਿੱਤੇ ਗਏ ਸਨ ਜਿਸ ਮਗਰੋਂ ਉਹ ਕਾਫ਼ੀ ਔਖ ਵਿਚ ਸਨ। ਮੁੱਖ ਮੰਤਰੀ ਦੀ ਸੁਰੇਸ਼ ਕੁਮਾਰ ’ਤੇ ਨਿਰਭਰਤਾ ਰਹੀ ਹੈ। ਚਰਚੇ ਇਹ ਵੀ ਹਨ ਕਿ ਸੁਰੇਸ਼ ਕੁਮਾਰ ਹਰ ਵਰ੍ਹੇ ਇਸੇ ਤਰ੍ਹਾਂ ਕਰਦੇ ਹਨ ਕਿਉਂਕਿ ਹਾਈ ਕੋਰਟ ਵਿਚ ਅਗਲੀ ਤਾਰੀਕ ਵੀ ਨੇੜੇ ਹੈ। ਦੱਸਣਯੋਗ ਹੈ ਕਿ ਹਾਈ ਕੋਰਟ ਨੇ 17 ਜਨਵਰੀ 2018 ਨੂੰ ਸੁਰੇਸ਼ ਕੁਮਾਰ ਦੀ ਨਵੀਂ ਨਿਯੁਕਤੀ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਸੀ। ਸਰਕਾਰ ਨੇ ਇਸ ਫ਼ੈਸਲੇ ਨੂੰ ਡਬਲ ਬੈਂਚ ਕੋਲ ਚੁਣੌਤੀ ਦੇ ਦਿੱਤੀ ਸੀ। ਹਾਈ ਕੋਰਟ ’ਚੋਂ ਸਟੇਅ ਮਿਲਣ ਮਗਰੋਂ ਸੁਰੇਸ਼ ਕੁਮਾਰ ਨੇ ਮੁੜ 19 ਫਰਵਰੀ 2018 ਨੂੰ ਜੁਆਇਨ ਕਰ ਲਿਆ ਸੀ। ਦੂਸਰੀ ਦਫ਼ਾ ਸੁਰੇਸ਼ ਕੁਮਾਰ ਨੇ ਸਤੰਬਰ 2019 ਵਿਚ ਵੀ ਅਸਤੀਫ਼ਾ ਦੇ ਦਿੱਤਾ ਸੀ। ਮੁੱਖ ਮੰਤਰੀ ਉਨ੍ਹਾਂ ਨੂੰ ਰਾਜ਼ੀ ਕਰਕੇ ਮੁੜ ਲੈ ਆਏ ਸਨ।

Leave a Reply

Your email address will not be published. Required fields are marked *