ਕੰਪਿਊਟਰ ਵਿਸ਼ੇ ਨੂੰ ਸ਼ਿਖਰਾਂ ਵੱਲ ਲਿਜਾ ਰਹੀ ਮੁਟਿਆਰ : ਨਵਜੋਤ ਕੌਰ ਕੰਪਿਊਟਰ-ਅਧਿਆਪਕਾ

ਸੰਗਰੂਰ ਵਿਖੇ ਪਿਤਾ ਸ. ਲਾਭ ਸਿੰਘ (ਸਟੇਟ ਲੈਵਲ ਬਾਕਸਿੰਗ ਚੈਂਪੀਅਨ) ਅਤੇ ਮਾਤਾ ਸ਼੍ਰੀਮਤੀ ਪਰਮਿੰਦਰ ਕੌਰ ਦੇ ਘਰ ਜਨਮੀ ਨਵਜੋਤ ਨੂੰ ਸਤੰਬਰ 2008 ਵਿੱਚ ਬਤੌਰ ਕੰਪਿਊਟਰ ਅਧਿਆਪਕਾ ਸ. ਮਿ. ਸਕੂਲ ਖੁਰਾਨਾ ਵਿੱਖੇ ਅਧਿਆਪਨ ਕਿੱਤੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਸਾਹਿਤ ਵਿੱਚ ਕਵਿਤਾ ਤੇ ਲੇਖ ਲਿਖਣ ਦੀ ਰੁਚੀ ਹੋਣ ਦੇ ਨਾਲ-ਨਾਲ ਆਪਣੇ ਵਿਸ਼ੇ ਨੂੰ ਸ਼ਿਖਰਾਂ ਤੱਕ ਲਿਜਾਣ ਦਾ ਜਨੂੰਨ ਉਸਦੇ ਸਿਰ ਹਰ ਵੇਲੇ ਰਹਿੰਦਾ ਹੈ। ਸੋ, ਕੰਪਿਊਟਰ ਨਾਲ ਸਬੰਧਤ ਆਈ. ਸੀ. ਟੀ. ਕੁਇਜ਼, ਭਾਵੇਂ ਉਹ ਅਬਦੁਲ ਕਲਾਮ ਆਈ. ਟੀ. ਕੁਇਜ਼ ਹੋਵੇ, ਭਾਵੇਂ ਪੰਜਾਬੀ ਤੇ ਅੰਗਰੇਜੀ ਟਾਇਪਿੰਗ ਮੁਕਾਬਲੇ, ਸੱਭ ਵਿੱਚ ਹੀ ਸ. ਹ. ਸਕੂਲ ਘਨੌਰ ਕਲਾਂ ਦੇ ਵਿਦਿਆਰਥੀਆਂ ਨੇ 2008 ਤੋਂ ਲੈ ਕੇ ਹੁਣ ਤੱਕ ਬਲਾਕ ਪੱਧਰ ਤੇ ਹੀ ਨਹੀਂ, ਬਲਕਿ ਜਿਲਾ ਪੱਧਰ ਤੇ ਵੀ ਮੱਲਾਂ ਮਾਰੀਆਂ ਅਤੇ ਕੰਪਿਉਟਰ-ਕੁਇਜ਼ ਵਿੱਚ ਜਿਲਾ ਪੱਧਰ ਤੇ ਹਰ ਸਾਲ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ, ਜਿਸ ਦੇ ਤਹਿਤ ਸੈਸ਼ਨ 2018-19 ਵਿੱਚ ਖੁਰਦ ਸਕੂਲ ਵਿੱਚ ਕਰਵਾਏ ਗਏ ਜਿਲਾ ਪੱਧਰੀ ਕੰਪਿਊਟਰ-ਕੁਇਜ਼ ਵਿੱਚ ਜਿਲਾ ਸਿੱਖਿਆ ਅਫਸਰ ਸ਼ੀ੍ਰਮਤੀ ਹਰਕਮਲਜੀਤ ਕੌਰ ਜੀ ਵੱਲੋਂ ਨਵਜੋਤ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ,”ਈ-ਸਕੂਲ ਕੁਇਜ਼ ਸੰਸਥਾ” ਦੁਆਰਾ ਵੀ ਕੰਪਿਊਟਰ ਨਾਲ ਸਬੰਧਤ ਗਤੀਵੀਧੀਆਂ ਵਿੱਚ ਵੱਧ ਚੜ ਕੇ ਹਿਸਾ ਲੈਣ ਅਤੇ 100 ਪ੍ਰਤੀਸ਼ਤ ਕੰਪਿਊਟਰ-ਰਿਜਲਟ ਦੇਣ ਲਈ ਦੋ ਵਾਰ ਸਟੇਟ ਪੱਧਰ ਤੇ ਵੀ ਉਸਨੁੰ ਸਨਮਾਨਿਆ ਗਿਆ ਹੈ। ਆਪਣੇ ਵਿਸ਼ੇ ਨੂੰ ਉਚਾ ਲਿਜਾਣ ਦੀ ਇਹ ਇੱਛਾ ਨਵਜੋਤ ਦੇ ਮਨ ਅੰਦਰ ਇੰਨੀ ਪ੍ਰਬਲ ਹੈ ਕਿ ਹਾਲ ਦੀ ਘੜੀ ਲਾਕਡਾਊਣ ਵੀ ਉਸ ਦੇ ਇਸ ਜਨੂੰਨ ਨੂੰ ਰੋਕ ਨਾ ਸਕਿਆ ਅਤੇ ਕੰਪਿਉਟਰ-ਸਾਇੰਸ ਟੀਮ ਨਾਲ ਜੁੜਕੇ ਵਿਦਿਆਰਥੀਆਂ ਨੂੰ ਕੰਪਿਊਟਰ ਵਿਸ਼ੇ ਪ੍ਰਤੀ ਆਪਣੀਆਂ ਐਜੂਕੇਸ਼ਨਲ ਤੇ ਪ੍ਰਮੋਸ਼ਨਲ ਵੀਡੀਓਜ ਨਾਲ ਉਨਾਂ ਦਾ ਉਤਸ਼ਾਹ ਵਧਾਇਆ, ਜੋ ਇੰਨਾ ਕਮਾਲ ਨਾਲ ਵਧਿਆ ਕਿ ਕੰਪਿਊਟਰ-ਸਾਇੰਸ ਟੀਮ ਦੁਆਰਾ ਕਰਵਾਏ ਗਏ ਪਹਿਲੇ ਸਟੇਟ ਪੱਧਰ ਦੇ ਕੰਪਿਉਟਰ-ਕੁਇਜ਼ ਵਿੱਚ ਬਹੁ-ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲੈ ਕੇ ਵਰਲਡ ਰਿਕਾਰਡ ਤੋੜ ਦਿੱਤਾ। ਇੰਨਾਂ ਹੀ ਨਹੀਂ, ਇਸ ਟੀਮ ਨਾਲ ਜੁੜਕੇ ਕਰਵਾਏ ਗਏ ਦੂਜੇ ਕੰਪਿਊਟਰ-ਕੁਇਜ਼ ਵਿੱਚ ਵਿਦਿਆਰਥੀਆਂ ਨੇ ਆਪਣਾ ਹੀ ਪਹਿਲਾ ਰਿਕਾਰਡ ਵੀ ਤੋੜ ਦਿੱਤਾ। ਇਸ ਉਪਰੰਤ ਸ੍ਰੀ ਕ੍ਰਿਸ਼ਨ ਕੁਮਾਰ, ਸੈਕਟਰੀ, ਸਿੱਖਿਆ ਵਿਭਾਗ ਜੀ ਨੇ ਇੱਕ ਸਪੈਸ਼ਲ ਜੂਮ-ਮੀਟਿੰਗ ਦੁਆਰਾ ਸਾਰੀ ਟੀਮ ਨੂੰ ਇਸ ਸਬੰਧੀ ਵਧਾਈ ਦਿੱਤੀ। ਉਨਾਂ ਦੀ ਸਲਾਹ ਅਨੁਸਾਰ ਏਸ਼ੀਅਨ ਬੁੱਕ ਤੇ ਇੰਡੀਅਨ ਬੁੱਕ ਵਿੱਚ ਨਾਮ ਦਰਜ ਕਰਵਾਇਆ ਗਿਆ। ਖੁਸ਼ੀ ਵਾਲੀ ਗੱਲ ਇਹ ਹੈ ਕਿ ਉੱਥੋਂ ਡਾਟਾ ਅਪਰੂਵ ਹੋ ਕੇ ਆ ਚੁੱਕਿਆ ਹੈ ਅਤੇ ਜਲਦ ਹੀ ”ਏਸ਼ੀਅਨ ਬੁੱਕ” ਅਤੇ ”ਇੰਡੀਅਨ ਬੁੱਕ” ਵੱਲੋਂ ਟੀਮ ਨੂੰ ਪ੍ਰਸ਼ੰਸਾ-ਪੱਤਰ ਜਾਰੀ ਕਰਨ ਦਾ ਆਸਵਾਸ਼ਨ ਵੀ ਦਿੱਤਾ ਗਿਆ ਹੈ।
ਗੱਲਬਾਤ ਕਰਦਿਆਂ ਨਵਜੋਤ ਨੇ ਕਿਹਾ,”ਹਾਲ ਦੀ ਘੜੀ ਵੀ ਕੰਪਿਊਟਰ ਵਿਸ਼ੇ ਨਾਲ ਵਿਦਿਆਰਥੀਆਂ ਨੂੰ ਜੋੜੀ ਰੱਖਣ ਲਈ ਨਾ-ਸਿਰਫ ਪਾਠ-ਕ੍ਰਮ ਦੀ ਦੁਹਰਾਈ ਸਮੱਗਰੀ ਤਿਆਰ ਕਰਕੇ ਦਿੱਤੀ ਜਾ ਰਹੀ ਹੈ, ਬਲਕਿ ਯੂ-ਟਿਊਬ ਦੇ ਜ਼ਰੀਏ ਟੀਮ ਵੱਲੋਂ ਲਾਈਵ-ਲੈਕਚਰ ਵੀ ਲਗਾਏ ਜਾ ਰਹੇ ਹਨ, ਜਿਨਾਂ ਵਿੱਚ ਮੇਰੇ ਤੋਂ ਇਲਾਵਾ ਟੀਮ-ਮੈਂਬਰ ਸ਼੍ਰੀ ਮੁਹੰਮਦ ਆਰਿਫ, ਸ਼੍ਰੀ ਯੂਨਿਸ ਖੋਖਰ, ਸ. ਇੰਦਰਜੀਤ ਸਿੰਘ, ਸ਼੍ਰੀਮਤੀ ਹਰਦੀਪ ਕੌਰ ਅਤੇ ਸ਼੍ਰੀਮਤੀ ਸਰਬਜੀਤ ਕੌਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਮਾਣ ਮੈਨੂੰ ਸ. ਜਸਮੀਤ ਸਿੰਘ ਬਹਿਣੀਵਾਲ (ਸਟੇਟ ਅਵਾਰਡੀ) ਜੀ ਨੇ ਆਪਣੀ ਕਵਿਤਾ ਭੇਜ ਕੇ ਬਖਸ਼ਿਆ, ਜਿਸ ਦਾ ਮੇਰੇ ਵੱਲੋਂ ਉਚਾਰਣ ਕਰਕੇ ਇੱਕ ਵੀਡੀਓ ਦੇ ਰੂਪ ਵਿੱਚ ਪੇਸ਼ ਕੀਤਾ ਗਿਆ, ਜੋ ਸਾਰਿਆਂ ਵੱਲੋਂ ਬਹੁਤ ਸਰਾਹੀ ਗਈ।”
ਅਜੋਕੇ ਸਮੇਂ ਵਿੱਚ ਸਾਡੇ ਅਮੀਰ ਸਭਿਆਚਾਰਕ ਵਿਰਸੇ ਨੂੰ ਨਿਘਾਰ ਵੱਲ ਲਿਜਾ ਰਹੀ ਲੱਚਰ ਗਾਇਕੀ ਤੋਂ ਦੁਖੀ ਤੇ ਚਿੰਤਤ ਇਸ ਮੁਟਿਆਰ ਦਾ ਮੰਨਣਾ ਹੈ ਕਿ ਇਸ ਲੱਚਰ ਗਾਇਕੀ ਦੇ ਪ੍ਰਫੁੱਲਤ ਹੋਣ ਦਾ ਕਾਰਣ ਵੀ ਕਿਤੇ-ਨਾ-ਕਿਤੇ ਅਸੀਂ ਖੁਦ ਆਪ ਹੀ ਹਾਂ ਜੋ ਇਸ ਗਾਇਕੀ ਨੂੰ ਭਰਵਾਂ ਹੁੰਗਾਰਾ ਦੇ ਕੇ ਪ੍ਰਫੁੱਲਤ ਕਰ ਰਹੇ ਹਾਂ। ਇਸ ਕਲਮ ਦਾ ਇਕ ਰੰਗ ਦੇਖੋ-
”ਕਦੀ ਖਿੜਿਆ ਹੋਇਆ ਬਾਗ਼ ਹਾਂ,
ਕਦੀ ਸੁੰਨਾ ਬੀਆਬਾਨ ਹਾਂ।
ਮਨ ਦੇ ਇਸ ਵਰਤਾਰੇ ਤੋਂ,
ਮੈਂ ਡਾਢੀ ਹੀ ਪ੍ਰੇਸ਼ਾਨ ਹਾਂ।
ਆਪੇ ਦੋਵੇ ਹੌਂਸਲਾ ਤੇ ਆਪੇ ਢੇਰੀ ਢਾਹ ਦੇਵੇ,
ਉਦਾਸ ਜਦ ਹੋਵਾਂ ਤਾਂ ਹੌਲੀ ਜਹੇ ਮੁਸਕਰਾ ਦੇਵੇ।
ਇੰਨਾਂ ਵੀ ਸ਼ੁਕਰ ਕਿ ਛੱਡ ਦੇਵੇ ਮੇਰੇ ਹਾਲ ਤੇ,
ਇਹ ਵੀ ਮੈਂ ਮੰਨਦੀ ਉਹਦਾ ਅਹਿਸਾਨ ਹਾਂ।”
ਆਪਣੇ ਕੰਪਿਊਟਰ ਵਿਸ਼ੇ ਨੂੰ ਜਾਨੂੰਨ ਦੀ ਹੱਦ ਤੱਕ ਜਾ ਕੇ ਪ੍ਰਸਾਰਨ-ਪ੍ਰਚਾਰਨ ਵਾਲੀ ਅਤੇ ਵੱਡਮੁੱਲੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਇਸ ਲੱਚਰ ਗਾਇਕੀ ਦੀ ਸਿਉਂਕ ਤੋਂ ਬਚਾਉਣ ਲਈ ਪ੍ਰਮਾਤਮਾ ਅੱਗੇ ਹਰ ਪਲ ਅਰਦਾਸਾਂ ਕਰਨ ਵਾਲੀ ਮੁਟਿਆਰ ਨਵਜੋਤ ਕੌਰ ਦੇ ਸਭੇ ਸਜਾਏ ਸੁਪਨੇ ਪੂਰੇ ਕਰਨ ਲਈ ਮਾਲਕ ਉਸਨੂੰ ਬਲ ਬਖਸ਼ੇ ! ਦਿਲ ਦੀ ਗਹਿਰਾਈ ‘ਚੋਂ ਸ਼ੁਭ ਕਾਮਨਾਵਾਂ !
-ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641
ਸੰਪਰਕ : ਨਵਜੋਤ ਕੌਰ, 6280691486

#ਨਵਜੋਤ_ਕੌਰ_ਕੰਪਿਊਟਰ_ਅਧਿਆਪਕਾ

Leave a Reply

Your email address will not be published. Required fields are marked *