ਕੇਂਦਰੀ ਬਲਾਂ ਦੀ ਹੁਕਮ ਅਦੂਲੀ ਤੋਂ ਮੁੱਖ ਸਕੱਤਰ ਖ਼ਫ਼ਾ

ਚੰਡੀਗੜ੍ਹ : ਮੁੱਖ ਸਕੱਤਰ ਵਿਨੀ ਮਹਾਜਨ ਆਪਣੀ ਨਿੱਜੀ ਸੁਰੱਖਿਆ ’ਚ ਆਂਚ ਆਉਣ ਤੋਂ ਖ਼ਫ਼ਾ ਹੋ ਗਏ ਹਨ। ਅਸਲ ’ਚ ਪੰਗਾ ਉਸ ਸਮੇਂ ਪੈ ਗਿਆ ਜਦੋਂ ਕੇਂਦਰੀ ਸੁਰੱਖਿਆ ਬਲਾਂ ਨੇ ਮੁੱਖ ਸਕੱਤਰ ਪੰਜਾਬ ਦੇ ਨਿੱਜੀ ਸੁਰੱਖਿਆ ਅਫ਼ਸਰ (ਪੀਐੱਸਓ) ਨੂੰ ਹਥਿਆਰ ਸਮੇਤ ਸਿਵਲ ਸਕੱਤਰੇਤ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਵਿਨੀ ਮਹਾਜਨ ਨੂੰ ਬਿਨਾਂ ਸੁਰੱਖਿਆ ਤੋਂ ਮੁੱਖ ਸਕੱਤਰੇਤ ਅੰਦਰ ਜਾਣਾ ਪਿਆ। ਪੀਐੱਸਓ ਨੂੰ ਰੋਕੇ ਜਾਣ ਕਰਕੇ ਵਿਨੀ ਮਹਾਜਨ ਨੂੰ ਸ਼ਰਮਿੰਦਗੀ ਝੱਲਣੀ ਪਈ ਜਿਸ ਕਰਕੇ ਉਨ੍ਹਾਂ ਔਖ ਮਹਿਸੂਸ ਕੀਤੀ।

ਮੁੱਖ ਸਕੱਤਰ ਪੰਜਾਬ ਦੇ ਦਫ਼ਤਰ ਨੇ ਹੁਣ ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ (ਸੀਆਈਐੱਸਐੱਫ) ਦੇ ਕਮਾਡੈਂਟ ਨੂੰ ਇਸ ਸਬੰਧੀ ਪੱਤਰ ਲਿਖ ਸਖਤ ਇਤਰਾਜ਼ ਜਤਾ ਦਿੱਤਾ ਹੈ। ਦੱਸਣਯੋਗ ਹੈ ਕਿ ਮੁੱਖ ਸਕੱਤਰੇਤ ਦੀ ਸੁਰੱਖਿਆ ਦਾ ਜ਼ਿੰਮਾ ਸੀਆਈਐੱਸਐੱਫ ਹਵਾਲੇ ਹੈ। ਕੇਂਦਰੀ ਸੁਰੱਖਿਆ ਫੋਰਸ ਦਾ ਤਰਕ ਹੈ ਕਿ ਮੁੱਖ ਸਕੱਤਰੇਤ ’ਚ ਹਥਿਆਰ ਸਮੇਤ ਅੰਦਰ ਜਾਣ ਦੀ ਮਨਾਹੀ ਹੈ। ਦੂਜੇ ਪਾਸੇ ਗੱਲ ਆ ਰਹੀ ਹੈ ਕਿ ਮੁੱਖ ਸਕੱਤਰ ਦੇ ਪੀਐੱਸਓ ਵਿਜੇ ਕੁਮਾਰ ਨੇ ਸਮਰੱਥ ਅਧਿਕਾਰੀ ਤੋਂ ਹਥਿਆਰ ਲਿਜਾਣ ਦੀ ਪ੍ਰਵਾਨਗੀ ਲਈ ਹੋਈ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਸਕੱਤਰ ਵਿਨੀ ਮਹਾਜਨ 21 ਜੁਲਾਈ ਨੂੰ ਦੁਪਹਿਰ 2.30 ਵਜੇ ਜਦੋਂ ਆਪਣੀ ਚਿੱਟੇ ਰੰਗ ਦੀ ਟੋਇਟਾ ਕਰੋਲਾ (ਸੀਐੱਚ 01-ਜੀਏ-0278) ’ਤੇ ਮੁੱਖ ਸਕੱਤਰੇਤ ਦੇ ਮੁੱਖ ਗੇਟ ’ਤੇ ਪੁੱਜੇ ਤਾਂ ਰੈਗੂਲਰ ਚੈਕਿੰਗ ਲਈ ਰੁਕੇ। ਚੈਕਿੰਗ ਮੌਕੇ ਪੀਐੱਸਓ ਵਿਜੇ ਕੁਮਾਰ ਨੂੰ ਹਥਿਆਰ ਸਮੇਤ ਦੇਖ ਕੇ ਪੁੱਛਗਿੱਛ ਲਈ ਗੱਡੀ ’ਚੋਂ ਉਤਰਨ ਲਈ ਕਿਹਾ ਗਿਆ। ਪਰਸਨਲ ਸੁਰੱਖਿਆ ਅਫ਼ਸਰ ਨੇ ਹਥਿਆਰ ਚੁੱਕਣ ਦੀ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਮਿਲੇ ਹੋਣ ਦੀ ਗੱਲ ਰੱਖੀ ਪਰ ਸੁਰੱਖਿਆ ਬਲਾਂ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ। ਮੁੱਖ ਸਕੱਤਰ ਨੂੰ ਬਿਨਾਂ ਸੁਰੱਖਿਆ ਤੋਂ ਹੀ ਸਕੱਤਰੇਤ ਅੰਦਰ ਜਾਣਾ ਪਿਆ ਜਿਸ ਕਰਕੇ ਉਨ੍ਹਾਂ ਨੂੰ ਨਮੋਸ਼ੀ ਝੱਲਣੀ ਪਈ। ਪੱਤਰ ’ਚ ਸਭ ਕੁਝ ਸਾਫ਼ ਲਿਖਿਆ ਗਿਆ ਹੈ। ਕਮਾਂਡੈਂਟ ਨੂੰ ਲਿਖਿਆ ਗਿਆ ਹੈ ਕਿ ਸੁਰੱਖਿਆ ਬਲਾਂ ਦੀ ਇਹ ਕਾਰਵਾਈ ਗੈਰ-ਪੇਸ਼ੇਵਰ ਹੈ ਜਿਨ੍ਹਾਂ ਮੁੱਖ ਸਕੱਤਰ ਦੇ ਰੁਤਬੇ ਦਾ ਵੀ ਲਿਹਾਜ਼ ਨਹੀਂ ਕੀਤਾ। ਉਨ੍ਹਾਂ ਲਿਖਿਆ ਹੈ ਕਿ ਅਜਿਹਾ ਸਖ਼ਤ ਰਵੱਈਆ ਪ੍ਰਵਾਨ ਨਹੀਂ ਹੈ ਜਿਸ ਕਰਕੇ ਸਬੰਧਤ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਫ਼ੌਰੀ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਸਕੱਤਰ ਦਫ਼ਤਰ ਨੇ ਕਮਾਡੈਂਟ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਵਾਸਤੇ ਆਖਿਆ ਹੈ ਤੇ ਤਿੰਨ ਦਿਨਾਂ ਅੰਦਰ ਰਿਪੋਰਟ ਮੰਗੀ ਹੈ। ਆਮ ਵਰਤਾਰਾ ਿੲਹ ਹੈ ਕਿ ਕਿਸੇ ਵੀ ਵੀਆਈਪੀ ਨੂੰ ਹਥਿਆਰ ਲੈ ਕੇ ਅੰਦਰ ਜਾਣ ਦੀ ਆਗਿਆ ਨਹੀਂ।

#ਵਿਨੀ ਮਹਾਜਨ #ਕੇਂਦਰੀ ਬਲ #ਸੁਰੱਖਿਆ #ਮੁੱਖ ਸਕੱਤਰ #ਪੀਐੱਸਓ #ਸਿਵਲ ਸਕੱਤਰੇਤ

Leave a Reply

Your email address will not be published. Required fields are marked *