ਰਿਹਾਅ ਹੋਣਗੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ, ਸੁਪਰੀਮ ਕੋਰਟ ਨੇ ਦਿੱਤਾ ਛੱਡਣ ਦਾ ਹੁਕਮ

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਸਾਰੇ 6 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਇਨ੍ਹਾਂ ਦੋਸ਼ੀਆਂ ’ਤੇ ਕੋਈ ਹੋਰ ਮਾਮਲਾ ਨਹੀਂ ਹੈ ਤਾਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ।

ਅਦਾਲਤ ਨੇ ਫੈਸਲੇ ’ਚ ਕਿਹਾ ਕਿ ਲੰਬੇ ਸਮੇਂ ਤੋਂ ਰਾਜਪਾਲ ਨੇ ਇਸ ’ਤੇ ਕਦਮ ਨਹੀਂ ਚੁੱਕਿਆ ਤਾਂ ਅਸੀਂ ਚੁੱਕ ਰਹੇ ਹਾਂ। ਕੋਰਟ ਨੇ ਕਿਹਾ ਕਿ ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਪੈਰਾਰੀਵਲਨ ਦੀ ਰਿਹਾਈ ਦਾ ਆਦੇਸ਼ ਬਾਕੀ ਦੋਸ਼ੀਆਂ ’ਤੇ ਵੀ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਸਾਲ ਮਈ ’ਚ ਪੈਰਾਰੀਵਲਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ।

ਇਹ 6 ਦੋਸ਼ੀ ਹੋਣਗੇ ਰਿਹਾਅ

ਰਾਜੀਵ ਗਾਂਧੀ ਕਤਲਕਾਂਡ ’ਚ ਨਲਿਨੀ, ਰਵਿਚੰਦਰਨ, ਮੁਰੁਗਨ, ਸੰਥਨ, ਜੈਕੁਮਾਰ ਅਤੇ ਰਾਬਰਟ ਪਾਯਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਪੈਰਾਰੀਵਲਨ ਪਹਿਲਾਂ ਹੀ ਇਸ ਮਾਮਲੇ ’ਚ ਰਿਹਾਅ ਹੋ ਚੁੱਕੇ ਹਨ। ਸੁਪਰੀਮ ਕੋਰਟ ਨੇ 18 ਮਈ ਨੂੰ ਜੇਲ੍ਹ ’ਚ ਚੰਗੇ ਵਤੀਰੇ ਕਾਰਨ ਪੈਰਾਰੀਵਲਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਜਸਟਿਸ ਐੱਲ. ਨਾਗੇਸ਼ਵਰ ਦੀ ਬੈਂਚ ਨੇ ਆਰਟਿਕਲ 142 ਦਾ ਇਸਤੇਮਾਲ ਕਰਦੇ ਹੋਏ ਇਹ ਆਦੇਸ਼ ਦਿੱਤਾ ਸੀ।

31 ਸਾਲ ਪਹਿਲਾਂ ਹੋਇਆ ਸੀ ਰਾਜੀਵ ਗਾਂਧੀ ਦਾ ਕਤਲ

21 ਮਈ 1991 ਨੂੰ ਇਕ ਚੋਣ ਰੈਲੀ ਦੌਰਾਨ ਤਾਮਿਲਨਾਡੂ ’ਚ ਇਕ ਆਤਮਘਾਤੀ ਹਮਲੇ ’ਚ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆਸੀ। ਉਨ੍ਹਾਂ ਨੂੰ ਇਕ ਜਨਾਨੀ ਨੇ ਮਾਲਾ ਪਹਿਨਾਈ ਸੀ, ਇਸਤੋਂ ਬਾਅਦ ਧਮਾਕਾ ਹੋ ਗਿਆ। ਇਸ ਹਾਦਸੇ ’ਚ 18 ਲੋਕਾਂ ਦੀ ਮੌਤ ਹੋਈ ਸੀ।

ਇਸ ਮਾਮਲੇ ’ਚ ਕੁੱਲ 41 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। 12 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਫਰਾਰ ਹੋ ਗਏ ਸਨ। ਬਾਕੀ 26 ਫੜੇ ਗਏ ਸਨ। ਇਸ ਵਿਚ ਸ਼੍ਰੀਲੰਕਾਈ ਅਤੇ ਭਾਰਤੀ ਨਾਗਰਿਕ ਸਨ। ਫਰਾਰ ਦੋਸ਼ੀਆਂ ’ਚ ਪ੍ਰਭਾਕਰਣ, ਪੋਟੂ ਓਮਾਨ ਅਤੇ ਅਕੀਲਾ ਸਨ। ਦੋਸ਼ੀਆਂ ’ਤੇ ਟਾਡਾ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ। 7 ਸਾਲਾਂ ਤਕ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ 28 ਫਰਵਰੀ 1998 ਨੂੰ ਟਾਡਾ ਕੋਰਟ ਨੇ ਹਜ਼ਾਰਾਂ ਪੰਨਿਆਂ ਦਾ ਫੈਸਲਾ ਸੁਣਾਇਆ। ਇਸ ਵਿਚ ਸਾਰੇ 26 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

Leave a Reply

Your email address will not be published. Required fields are marked *