ਜਿਮ ’ਚ ਕਸਰਤ ਦੌਰਾਨ ਕਿਉਂ ਪੈਂਦਾ ਹੈ ਦੌਰਾ?

ਜਲੰਧਰ: ਟੈਲੀਵਿਜ਼ਨ ਇੰਡਸਟਰੀ ਦੇ ਅਭਿਨੇਤਾ ਸਿਧਾਂਤ ਵੀਰ ਸੂਰਿਆਵੰਸ਼ੀ ਦੇ ਕਸਰਤ ਕਰਦੇ ਹੋਏ ਦਿਹਾਂਤ ਨੇ ਲੋਕਾਂ ਦੇ ਮਨਾਂ ’ਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਦਿੱਤੇ ਹਨ। ਸਿਧਾਂਤ ਵੀਰ ਸੂਰਿਆਵੰਸ਼ੀ ਦੀ ਤਬੀਅਤ ਜਿੰਮ ’ਚ ਕਸਰਤ ਕਰਦੇ ਸਮੇਂ ਵਿਗੜ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਸਿਧਾਂਤ ਦੇ ਇਸ ਅਚਾਨਕ ਦਿਹਾਂਤ ਤੋਂ ਹਰ ਕੋਈ ਸਦਮੇ ’ਚ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਸਮੇਂ-ਸਮੇਂ ’ਤੇ ਆਪਣੇ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਵਰਕ ਆਊਟ ਦੌਰਾਨ ਹਾਰਟ ਅਟੈਕ ਦਾ ਪਹਿਲਾ ਮਾਮਲਾ ਨਹੀਂ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਭਿਨੇਤਾ ਸਿਧਾਂਤ ਵੀਰ ਨੂੰ ਸੂਰਿਆਵੰਸ਼ੀ ਕਸਰਤ ਦੌਰਾਨ ਦਿਲ ਦਾ ਦੌਰਾ ਪਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਹੋਵੇ। ਇਸ ਤੋਂ ਪਹਿਲਾਂ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਵੀ ਟ੍ਰੈਡਮਿਲ ’ਤੇ ਦੌੜਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਲੰਮੇ ਇਲਾਜ ਤੋਂ ਬਾਅਦ ਦਿੱਲੀ ਏਮਜ਼ ’ਚ ਉਨ੍ਹਾਂ ਦੀ ਮੌਤ ਹੋ ਗਈ। ਪਿਛਲੇ ਕੁਝ ਮਹੀਨਿਆਂ ’ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਜਿਮ ’ਚ ਵਰਕਆਊਟ ਜਾਂ ਡਾਂਸ ਦੌਰਾਨ ਦਿਲ ਦਾ ਦੌਰਾ ਪੈਣ ਅਤੇ ਕਾਰਡੀਅਕ ਅਰੇਸਟ ਨਾਲ ਮੌਤ ਹੋਈ ਹੈ।

ਕੋਰੋਨਾ ਵਾਇਰਸ ਨਾਲ ਵੀ ਦਿਲ ’ਤੇ ਪੈਂਦਾ ਹੈ ਅਸਰ

ਇਕ ਮੀਡੀਆ ਰਿਪੋਰਟ ’ਚ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਕਾਰਡੀਓਲੋਜਿਸਟ ਡਾ. ਅਜੀਤ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦਿਲ ਬਹੁਤ ਕਮਜ਼ੋਰ ਹੋਇਆ ਹੈ। ਅਜਿਹੀ ਹੀ ਇੱਕ ਖੋਜ ’ਚ ਸਾਹਮਣੇ ਆਇਆ ਹੈ ਕਿ ਵਾਇਰਸ ਨੇ ਦਿਲ ਦੀ ਕੰਮ ਕਰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਜ਼ਿਆਦਾਤਰ ਲੋਕ ਕੋਰੋਨਾ ਨਾਲ ਪੀੜਤ ਸਨ। ਅਜਿਹੇ ’ਚ ਦਿਲ ਵੀ ਕਮਜ਼ੋਰ ਹੋ ਗਿਆ ਹੈ। ਡਾ. ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਜਿੰਮ ’ਚ ਆਪਣੀ ਸਮਰੱਥਾ ਤੋਂ ਵੱਧ ਕਸਰਤ ਕਰਦਾ ਹੈ ਤਾਂ ਮਾਸਪੇਸ਼ੀਆਂ ’ਚ ਤਣਾਅ ਆ ਜਾਂਦਾ ਹੈ, ਕਿਉਂਕਿ ਦਿਲ ਪਹਿਲਾਂ ਹੀ ਕਮਜ਼ੋਰ ਹੋ ਗਿਆ ਹੈ। ਅਜਿਹੇ ’ਚ ਅਚਾਨਕ ਜ਼ਿਆਦਾ ਭਾਰ ਚੁੱਕਣ ਨਾਲ ਦਿਲ ਦੇ ਵਾਲਵ ’ਤੇ ਅਸਰ ਪੈਂਦਾ ਹੈ, ਜਿਸ ਕਾਰਨ ਹਾਰਟ ਅਟੈਕ ਹੋਣ ਦਾ ਖ਼ਤਰਾ ਰਹਿੰਦਾ ਹੈ ਪਰ ਅਜਿਹਾ ਜ਼ਿਆਦਾਤਰ ਉਨ੍ਹਾਂ ਮਾਮਲਿਆਂ ’ਚ ਹੁੰਦਾ ਹੈ, ਜਿਨ੍ਹਾਂ ’ਚ ਦਿਲ ’ਚ ਪਹਿਲਾਂ ਤੋਂ ਹੀ ਬਲਾਕੇਜ ਜਾਂ ਬਲੱਡ ਕਲਾਟ ਹੁੰਦਾ ਹੈ।ਕਈ ਵਾਰ ਇਸ ਸਮੱਸਿਆ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਅਜਿਹੇ ’ਚ ਮਰੀਜ਼ ਦਿਲ ਦੀ ਜਾਂਚ ਨਹੀਂ ਕਰਵਾਉਂਦੇ ਤੇ ਵਰਕਆਊਟ ਦੌਰਾਨ ਅਚਾਨਕ ਕਿਸੇ ਦਿਨ ਦਿਲ ਦਾ ਦੌਰਾ ਪੈ ਜਾਂਦਾ ਹੈ।

ਸਮੇਂ ’ਤੇ ਕਰਵਾਓ ਦਿਲ ਦੀ ਜਾਂਚ

ਡਾ. ਚਿਨਮਯ ਗੁਪਤਾ ਦੱਸਦੇ ਹਨ ਕਿ ਸਾਰੇ ਨੌਜਵਾਨਾਂ ਨੂੰ ਹਰ 6 ਮਹੀਨੇ ਬਾਅਦ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਬਾਹਰੋਂ ਫਿੱਟ ਦਿਸਣ ਦਾ ਮਤਲਬ ਇਹ ਨਹੀਂ ਕਿ ਦਿਲ ਦੀ ਕੋਈ ਬਿਮਾਰੀ ਨਹੀਂ ਹੋਵੇਗੀ। ਇਸ ਲਈ ਟੈਸਟ ਕਰਵਾਉਣਾ ਜ਼ਰੂਰੀ ਹੈ। ਇਸ ਦੇ ਨਾਲ ਤੁਸੀਂ ਆਸਾਨੀ ਨਾਲ ਵਧੇ ਹੋਏ ਕੋਲੈਸਟ੍ਰੋਲ ਜਾਂ ਦਿਲ ਦੀਆਂ ਧਮਣੀਆਂ ’ਚ ਕਿਸੇ ਵੀ ਰੁਕਾਵਟ ਬਾਰੇ ਜਾਣ ਜਾਵੋਗੇ, ਜੇਕਰ ਦਿਲ ਦੀ ਕੋਈ ਬੀਮਾਰੀ ਹੈ ਤਾਂ ਤੁਸੀਂ ਕਸਰਤ ਕਰਦੇ ਸਮੇਂ ਸਾਵਧਾਨ ਰਹੋਗੇ ਤੇ ਅਟੈਕ ਹੋਣ ਦੀ ਸੰਭਾਵਨਾ ਘੱਟ ਹੋਵੇਗੀ। ਡਾ. ਗੁਪਤਾ ਦਾ ਕਹਿਣਾ ਹੈ ਕਿ ਜਿੰਮ ’ਚ ਕਸਰਤ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਧਿਆਨ ਰੱਖੋ ਕਿ ਕਦੇ ਵੀ ਭਾਰੀ ਵਰਕਆਉਟ ਅਚਾਨਕ ਸ਼ੁਰੂ ਨਾ ਕਰੋ।ਇਹ ਵੀ ਧਿਆਨ ’ਚ ਰੱਖੋ ਕਿ ਤੁਸੀਂ ਲੰਮੇ ਸਮੇਂ ਜਾਂ ਘੰਟਿਆਂ ਲਈ ਕੋਈ ਕਸਰਤ ਨਹੀਂ ਕਰ ਰਹੇ ਹੋ। ਕੋਸ਼ਿਸ਼ ਕਰੋ ਕਿ ਟ੍ਰੈਡਮਿਲ ’ਤੇ 20 ਮਿੰਟਾਂ ਤੋਂ ਵੱਧ ਨਾ ਦੌੜੋ ਤੇ ਕਸਰਤ ਡਾਕਟਰ ਦੀ ਸਲਾਹ ਅਨੁਸਾਰ ਹੀ ਕਰੋ।

Leave a Reply

Your email address will not be published. Required fields are marked *