3 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਮਾਮਲੇ ‘ਚ ਭਾਜਪਾ ਨੇਤਾ ਨੂੰ ਮਿਲੀ ਜ਼ਮਾਨਤ

ਸ਼ਿਲਾਂਗ : ਮੇਘਾਲਿਆ ਹਾਈ ਕੋਰਟ ਨੇ ਵੈਸਟ ਗਾਰੋ ਹਿਲਸ ਜ਼ਿਲ੍ਹੇ ‘ਚ 3 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਮਾਮਲੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਬਰਨਾਰਡ ਐੱਨ. ਮਾਰਕ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਮਾਰਕ ਗਾਰੋ ਗਿਲਸ ਆਟੋਨੋਮਸ ਜ਼ਿਲ੍ਹਾ ਪ੍ਰੀਸ਼ਦ ਦੇ ਚੁਣੇ ਗਏ ਮੈਂਬਰ ਅਤੇ ਭਾਜਪਾ ਦੀ ਮੇਘਾਲਿਆ ਇਕਾਈ ਦੇ ਉੱਪ ਪ੍ਰਧਾਨ ਹਨ। ਮਾਰਕ ਨੂੰ ਉਨ੍ਹਾਂ ਦੇ ਫਾਰਮ ਹਾਊਸ ਤੋਂ ਮਿਲੀ ਵਿਸਫ਼ੋਟਕ ਸਮੱਗਰੀ ਅਤੇ ਇਸੇ ਫਾਰਮ ਹਾਊਸ ਤੋਂ ਦੇਹ ਵਪਾਰ ਦਾ ਗਿਰੋਹ ਚਲਾਉਣ ਦੇ ਮਾਮਲੇ ‘ਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਫਾਰਮ ਹਾਊਸ ਨਾਲ ਜੁੜੇ ਆਖ਼ਰੀ ਮਾਮਲੇ ‘ਚ ਆਦੇਸ਼ ਪਾਸ ਕਰਦੇ ਹੋਏ ਜੱਜ ਡਬਲਿਊ ਦੇਨਗਦੋਹ ਨੇ ਕਿਹਾ ਕਿ ਬੱਚੀ ਦੇ ਯੌਨ ਸ਼ੋਸ਼ਣ ਦੇ ਮਾਮਲੇ ਨਾਲ ਮਾਰਕ ਦੇ ਜੁੜੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨੇਤਾ ਨੂੰ ਬਹੁਤ ਹੀ ਫ਼ਿਲਮੀ ਤਰੀਕੇ ਨਾਲ ਫੜਿਆ ਗਿਆ।

ਅਦਾਲਤ ਨੇ ਭਾਜਪਾ ਦੇ ਨੇਤਾ ਨੂੰ ਦੇਸ਼ ਤੋਂ ਬਾਹਰ ਨਾ ਜਾਣ, ਸਬੂਤਾਂ ਨਾਲ ਛੇੜਛਾੜ ਨਾ ਕਰਨ ਅਤੇ ਜਦੋਂ ਵੀ ਜ਼ਰੂਰਤ ਹੋਵੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 30 ਹਜ਼ਾਰ ਰੁਪਏ ਦਾ ਨਿੱਜੀ ਮੁਚਲਕਾ ਜਮ੍ਹਾ ਕਰਵਾਉਣ ਅਤੇ ਇੰਨੀ ਹੀ ਰਾਸ਼ੀ ਦੀਆਂ 2 ਜ਼ਮਾਨਤਾਂ ਪੇਸ਼ ਲਈ ਕਿਹਾ ਗਿਆ। ਮਾਰਕ ਨੂੰ ਦੇਹ ਵਪਾਰ ਦਾ ਗਿਰੋਹ ਚਲਾਉਣ ਦੇ ਦੋਸ਼ ‘ਚ 26 ਜੁਲਾਈ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗਿਰੋਹ ਦਾ ਪਰਦਾਫਾਸ਼ ਹੋਣ ਤੋਂ ਬਾਅਦ 26 ਨਾਬਾਲਗਾਂ ਨੂੰ ਬਚਾਇਆ ਗਿਆ ਅਤੇ ਮਾਮਲੇ ‘ਚ 73 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਪੀੜਤ ਬੱਚੀ ਫਾਰਮ ਹਾਊਸ ‘ਤੇ ਹੀ ਮਿਲੀ ਸੀ। ਉਸ ਦੀ ਮੈਡੀਕਲ ਜਾਂਚ ‘ਚ ਯੌਨ ਸ਼ੋਸ਼ਣ ਦੀ ਪੁਸ਼ਟੀ ਹੋਈ ਅਤੇ ਜਾਂਚ ‘ਚ ਮਾਰਕ ਦਾ ਨਾਮ ਸਾਹਮਣੇ ਆਇਆ। ਬੱਚੀ ਨੂੰ ਬਾਲ ਗ੍ਰਹਿ ‘ਚ ਰੱਖਿਆ ਗਿਆ ਹੈ। ਕਰੀਬ ਇਕ ਮਹੀਨੇ ਤੱਕ ਪੁਲਸ ਹਿਰਾਸਤ ‘ਚ ਰਹਿਣ ਤੋਂ ਬਾਅਦ ਮਾਰਕ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਅਤੇ ਉਹ ਪਿਛਲੇ 3 ਮਹੀਨਿਆਂ ਤੋਂ ਜੇਲ੍ਹ ‘ਚ ਸਨ।

Leave a Reply

Your email address will not be published. Required fields are marked *