SYL ਦੇ ਹਿਮਾਇਤੀਆਂ ਨੂੰ ਵੀ ਪਾਣੀ ਯਾਦ ਆ ਗਿਆ

ਚੰਡੀਗੜ੍ਹ: ਪੰਜ ਕਿਸਾਨ ਧਿਰਾਂ ਨੇ ਅੱਜ ਪਾਣੀਆਂ ਦੇ ਮਾਮਲੇ ’ਤੇ 30 ਦਸੰਬਰ ਤੋਂ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਪੰਜ ਕਿਸਾਨ ਯੂਨੀਅਨਾਂ ਦੇ ਆਗੂਆਂ ਦੀ ਮੀਟਿੰਗ ਅੱਜ ਇੱਥੇ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬੇ ’ਚ ਪਾਣੀ ਦੇ ਗੰਭੀਰ ਸੰਕਟ, ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਸੂਬੇ ਦੇ ਸੰਘੀ ਢਾਂਚੇ ’ਤੇ ਹਮਲਿਆਂ ਖ਼ਿਲਾਫ਼ ਮੋਰਚਾ ਲਾਉਣ ਲਈ ਕਿਸਾਨਾਂ ਦੀ ਤਿਆਰੀ ਅਤੇ ਲਾਮਬੰਦੀ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ 30 ਦਸੰਬਰ ਨੂੰ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਉਣ ਤੋਂ ਪਹਿਲਾਂ ਇੱਕ ਲੱਖ ਪੋਸਟਰ ਪ੍ਰਕਾਸ਼ਿਤ ਕੀਤੇ ਜਾਣਗੇ ਅਤੇ ਕਿਸਾਨਾਂ ਨੂੰ ਚੇਤੰਨ ਕਰਨ ਵਾਸਤੇ 2 ਤੋਂ 15 ਦਸੰਬਰ ਤੱਕ ਸਾਰੇ ਜ਼ਿਲ੍ਹਿਆਂ ਵਿਚ ਸਾਂਝਾ ਫਲੈਗ ਮਾਰਚ ਕੱਢਿਆ ਜਾਵੇਗਾ। ਇਸੇ ਤਰ੍ਹਾਂ ਮਾਲਵਾ, ਦੁਆਬਾ ਅਤੇ ਮਾਝਾ ਜ਼ੋਨ ਵਿਚ ਸ਼ਹਿਰੀਆਂ, ਬੁੱਧੀਜੀਵੀਆਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਸ਼ਾਮਲ ਕਰਵਾ ਕੇ ਸੈਮੀਨਾਰ ਕਰਾਏ ਜਾਣਗੇ। ਇਸ ਲੜੀ ਤਹਿਤ 24 ਨਵੰਬਰ ਨੂੰ ਚੰਡੀਗੜ੍ਹ, 28 ਨਵੰਬਰ ਨੂੰ ਜਲੰਧਰ ਅਤੇ 30 ਨਵੰਬਰ ਨੂੰ ਬਠਿੰਡਾ ਵਿਚ ਸੈਮੀਨਾਰ ਕਰਾਏ ਜਾਣਗੇ।

Leave a Reply

Your email address will not be published. Required fields are marked *