ਦਰਬਾਰ ਸਾਹਿਬ ਉੱਤੇ ਹਮਲੇ ਦੀਆਂ ਧਮਕੀਆਂ ਦੇਣ ਵਾਲਾ ਹਿੰਦੂ ਆਗੂ ਗ੍ਰਿਫ਼ਤਾਰ

ਗੁਰਦਾਸਪੁਰ: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲੇ ਦੀਆਂ ਧਮਕੀਆਂ ਦੇਣ ਵਾਲੇ ਹਿੰਦੂ ਆਗੂ ਹਰਵਿੰਦਰ ਸੋਨੀ ਨੂੰ ਆਖ਼ਰ ਗ੍ਰਿਫ਼ਤਾਰ ਕਰ ਲਿਆ ਹੈ।  ਸਿੱਖ ਸੰਗਠਨਾਂ ਵੱਲੋਂ ਹਰਵਿੰਦਰ ਸੋਨੀ ਦੇ ਖ਼ਿਲਾਫ਼ ਆਪਣਾ ਸੰਘਰਸ਼ ਤੇਜ਼ ਕੀਤਾ ਹੋਇਆ ਸੀ। ਇਹ ਉਹੀ ਹਿੰਦੂ ਆਗੂ ਹੈ ਜਿਸ ਨੇ ਕੁੱਝ ਸਾਲ ਪਹਿਲਾਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦਾਸਪੁਰ ਵਿਖੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਨੂੰ ਸੜਕ ’ਤੇ ਅੱਗ ਲਗਾ ਕੇ ਫ਼ਿਰਕੂ ਨਆਰੇਬਾਜ਼ੀ ਕੀਤੀ ਸੀ।  ਸੋਨੀ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਦੇ ਨਾਲ-ਨਾਲ ਇਸ ਨੂੰ ਗ੍ਰਿਫ਼ਤਾਰ ਕਰਵਾਉਣ ਲਈ 15 ਨਵੰਬਰ ਨੂੰ ਐੱਸ. ਐੱਸ. ਪੀ. ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ ਸੀ। ਇਹ ਘਿਰਾਓ ਵਾਰਿਸ ਪੰਜਾਬ ਸਮੇਤ ਹੋਰ ਸਿੱਖ ਸੰਗਠਨਾਂ ਵੱਲੋਂ ਕੀਤਾ ਗਿਆ ਸੀ।

ਇਸ ਸਬੰਧੀ ਪੁਲਸ ਨੇ ਸਿੱਖ ਸੰਗਠਨਾਂ ਦੀ ਮੰਗ ’ਤੇ 16 ਨਵੰਬਰ ਨੂੰ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੇ ਖ਼ਿਲਾਫ਼ ਸਿਟੀ ਪੁਲਸ ਸਟੇਸ਼ਨ ’ਚ 295 ਏ, 504,505 ਦੇ ਤਹਿਤ ਕੇਸ ਦਰਜ ਕਰ ਲਿਆ ਸੀ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ। ਪੁਲਸ ਵੱਲੋਂ ਉਸ ਦੇ ਘਰ ’ਚ ਹੀ ਉਸ ਨੂੰ ਨਜ਼ਰਬੰਦ ਕੀਤਾ ਹੋਇਆ ਸੀ, ਜਿਸ ’ਤੇ ਸਿੱਖ ਸੰਗਠਨਾਂ ਵੱਲੋਂ ਸ਼ਿਵ ਸੈਨਾ ਆਗੂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਪੁਲਸ ਦੀ ਵੀ ਨਿੰਦਾ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਅੱਜ ਸਿਟੀ ਪੁਲਸ ਗੁਰਦਾਸਪੁਰ ਵੱਲੋਂ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਉਸ ਦੇ ਘਰ ਤੋਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਵਿਚ ਸਾਡੇ ’ਤੇ ਕੋਈ ਵੀ ਦਬਾਅ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸੋਨੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਜੋ ਹੁਕਮ ਦੇਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *