ਖੰਨਾ ਦੇ ਨਿੱਜੀ ਸਕੂਲ ’ਚ ਬੱਚਿਆਂ ਦੇ ਦਾਦਾ-ਦਾਦੀ ਦੀ ਨੌ ਐਂਟਰੀ

ਖੰਨਾ : ਖੰਨਾ ਦੇ ਮੋਹਨਪੁਰ ਸਥਿਤ ਗ੍ਰੀਨ ਗ੍ਰੋਵ ਪਬਲਿਕ ਸਕੂਲ ’ਚ ਸਲਾਨਾ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਦੇ ਫਰਮਾਨ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਰਅਸਲ ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਸਮਾਗਮ ’ਚ ਬੱਚਿਆਂ ਦੇ ਦਾਦਾ-ਦਾਦੀ ਦੀ ਐਂਟਰੀ ’ਤੇ ਪਾਬੰਦੀ ਲਗਾ ਦਿੱਤੀ ਗਈ। ਇਸਨੂੰ ਇੱਕ ਤਰ੍ਹਾਂ ਦਾ ਬਜ਼ੁਰਗਾਂ ਦਾ ਅਪਮਾਨ ਸਮਝਿਆ ਗਿਆ ਹੈ। ਇਹ ਮਸਲਾ ਡੀ. ਸੀ. ਲੁਧਿਆਣਾ ਸੁਰਭੀ ਮਲਿਕ ਕੋਲ ਵੀ ਪੁੱਜ ਗਿਆ ਹੈ। ਜਿਸ ਤੋਂ ਬਾਅਦ ਡੀ. ਸੀ. ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਤੁਰੰਤ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਇਸ ਮਗਰੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਚਰਨਜੀਤ ਸਿੰਘ ਨੇ ਇਕੋਲਾਹਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਅਗਵਾਈ ਹੇਠ ਜਾਂਚ ਟੀਮ ਬਣਾਈ ਅਤੇ ਇਸ ਟੀਮ ਨੂੰ ਤੁਰੰਤ ਸਬੰਧਤ ਸਕੂਲ ’ਚ ਭੇਜਿਆ। ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਸਟਾਫ ਦੇ ਬਿਆਨ ਲਏ ਗਏ ਹਨ। ਘਟਨਾ ਦੀ ਪੂਰੀ ਰਿਪੋਰਟ ਬਣਾਈ ਜਾ ਰਹੀ ਹੈ। 

ਦਰਅਸਲ ਹੋਇਆ ਇੰਝ ਕਿ ਉਕਤ ਸਕੂਲ ’ਚ ਸਲਾਨਾ ਸਮਾਗਮ ਸੀ। ਇਸ ਸਮਾਗਮ ’ਚ ਸ਼ਾਮਲ ਹੋਣ ਲਈ ਬੱਚਿਆਂ ਦੇ ਦਾਦਾ-ਦਾਦੀ ਉਪਰ ਪਾਬੰਦੀ ਲਗਾਈ ਗਈ। ਬਕਾਇਆ ਲਿਖਤੀ ਤੌਰ ’ਤੇ ਨੋਟਿਸ ਬੱਚਿਆਂ ਨੂੰ ਦਿੱਤਾ ਗਿਆ ਕਿ ਸੱਦਾ ਪੱਤਰ ਕੇਵਲ ਮਾਤਾ-ਪਿਤਾ ਲਈ ਹੈ। ਕੋਈ ਰਿਸ਼ਤੇਦਾਰ ਜਾਂ ਦਾਦਾ-ਦਾਦੀ ਸਮਾਗਮ ’ਚ ਸ਼ਾਮਲ ਨਹੀਂ ਹੋ ਸਕਦੇ। ਮਾਮਲੇ ਦੀ ਜਾਂਚ ਕਰਨ ਗਏ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਉਨ੍ਹਾਂ ਦੀ ਡਿਊਟੀ ਲਾਈ ਗਈ ਸੀ। ਸਕੂਲ ਮੈਨੇਜਮੈਂਟ ਨੇ ਪਹਿਲਾਂ ਪਾਬੰਦੀ ਲਗਾਈ ਸੀ। ਹੁਣ ਜਾਂਚ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਨੋਟਿਸ ਬੋਰਡ ਉਪਰ ਲਿਖ ਕੇ ਲਗਾ ਦਿੱਤਾ ਹੈ ਕਿ ਦਾਦਾ-ਦਾਦੀ ਆ ਸਕਦੇ ਹਨ। ਇਸ ਮਾਮਲੇ ਦੀ ਰਿਪੋਰਟ ਬਣਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜ ਦਿੱਤੀ ਗਈ ਹੈ। ਅਗਲੀ ਕਾਰਵਾਈ ਉਹੀ ਕਰ ਸਕਦੇ ਹਨ।

ਸਿੱਖਿਆ ਮੰਤਰੀ ਕੋਲ ਪਹੁੰਚਿਆ ਮਾਮਲਾ

ਸਕੂਲ ਦੇ ਪ੍ਰੋਗਰਾਮ ਦੀ ਸ਼ਮੂਲੀਅਤ ਵਿਚ ਦਾਦਾ-ਦਾਦੀ ਦੇ ਆਉਣ ਦੀ ਮਨਾਹੀ ਦਾ ਮਾਮਲਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਵੀ ਪਹੁੰਚ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇਸ ਉਪਰ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਅਜਿਹਾ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗਾ। ਸਕੂਲ ਖਿਲਾਫ 100 ਫੀਸਦੀ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *