ਰਿੰਦਾ ਤੇ ਸੰਘੇੜਾ ਦੀ ਮੌਤ ਦੀ ਅਧਿਕਾਰਤ ਜਾਣਕਾਰੀ ਨਹੀਂ : ਡੀਜੀਪੀ

ਤਰਨਤਾਰਨ : ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਕਿਹਾ ਹੈ ਕਿ ਵਿਦੇਸ਼ ਰਹਿੰਦੇ ਗੈਂਗਸਟਰਾਂ ਨੂੰ ਜਲਦ ਹੀ ਇੰਟਰਪੋਲ ਤੇ ਭਾਰਤ ਸਰਕਾਰ ਦੀ ਮਦਦ ਨਾਲ ਪੰਜਾਬ ਲਿਆਂਦਾ ਜਾਵੇਗਾ। ਇਨ੍ਹਾਂ ਗੈਂਗਸਟਰਾਂ ਦੇ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ ਜਦੋਂਕਿ ਗੈਂਗਸਟਰਾਂ ਨਾਲ ਜੁੜਨ ਵਾਲੇ ਨਾਬਾਲਿਗ ਜਿਨ੍ਹਾਂ ਨੇ ਕੋਈ ਸਿੱਧਾ ਅਪਰਾਧ ਨਹੀਂ ਕੀਤਾ ਹੈ, ਨੂੰ ਵੀ ਵਾਪਸ ਆਉਣ ਦਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਉਹ ਮੁੱਖ ਧਾਰਨਾ ਨਾਲ ਜੁੜ ਸਕਣ।

ਤਰਨਤਾਰਨ ਦੀ ਪੁਲਿਸ ਲਾਈਨ ’ਚ ਪੱਤਰਕਾਰ ਵਾਰਤਾ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੈਂਗਸਟਰਵਾਦ ਤੇ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਰਕਾਰ ਸਖ਼ਤ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ’ਚ 500 ਕਿੱਲੋ ਹੈਰੋਇਨ ਫੜੀ ਗਈ ਹੈ ਜਦੋਂਕਿ ਸਮੁੰਦਰੀ ਰਸਤੇ ਆਈ 75 ਕਿੱਲੋ ਹੈਰੋਇਨ ਦੀਆਂ ਖੇਪਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਵਾਪਸੀ ਜਲਦ ਹੋਵੇਗੀ। ਇਸਦੇ ਲਈ ਇੰਟਰਪੋਲ ਤੇ ਕੇਂਦਰ ਸਰਕਾਰ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਨਾਲ ਜੁੜ ਰਹੇ ਨਾਬਾਲਗਾਂ ਨੂੰ ਵੀ ਵਾਪਸ ਪਰਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਕਿਉਂਕਿ ਗੈਂਗਸਟਰਾਂ ਦਾ ਹਸ਼ਰ ਆਖਰ ਮਾੜਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਅਪਰਾਧ ਨਾ ਕਰਨ ਵਾਲੇ ਨਾਬਾਲਗਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ। ਪਾਕਿਸਤਾਨ ਰਹਿੰਦੇ ਹਰਿੰਦਰ ਸਿੰਘ ਰਿੰਦਾ ਦੀ ਮੌਤ ਬਾਰੇ ਡੀਜੀਪੀ ਨੇ ਕਿਹਾ ਕਿ ਅਧਿਕਾਰਤ ਤੌਰ ’ਤੇ ਇਸਦੀ ਕੋਈ ਜਾਣਕਾਰੀ ਨਹੀਂ ਹੈ। ਹਥਿਆਰ ਕਲਚਰ ’ਤੇ ਬੋਲਦਿਆਂ ਡੀਜੀਪੀ ਨੇ ਕਿਹਾ ਕਿ ਡਰੋਨ ਰਾਹੀਂ ਆਉਂਦੇ ਹਥਿਆਰਾਂ ਦੇ ਨਾਲ-ਨਾਲ ਹਾਲ ਹੀ ਵਿਚ ਮੱਧ ਪ੍ਰਦੇਸ਼ ਤੋਂ ਆਏ 80 ਅਤੇ 40 ਹਥਿਆਰਾਂ ਦੀਆਂ ਖੇਪਾਂ ਫੜੀਆਂ ਗਈਆਂ ਹਨ।

ਹੁਣ ਗੰਨ ਹਾਊਸਾਂ ਦੀ ਰੈਗੂਲਰ ਚੈਕਿੰਗ ਹੋਵੇਗੀ ਤੇ ਤਿੰਨ ਮਹੀਨੇ ’ਚ ਸਮੁੱਚੇ ਲਾਇਸੰਸਾਂ ਦੀ ਜਾਂਚ ਕਰ ਕੇ ਉਹ ਲਾਇਸੰਸ ਰੱਦ ਕੀਤੇ ਜਾਣਗੇ ਜੋ ਗ਼ਲਤ ਪਤਿਆਂ ਜਾਂ ਫਿਰ ਬਿਨਾਂ ਕਿਸੇ ਠੋਸ ਵਜ੍ਹਾ ਦੇ ਬਣਾਏ ਗਏ ਹਨ। ਡ੍ਰੋਨ ਗਤੀਵਿਧੀਆਂ ਰਾਹੀਂ ਹੋ ਸਮੱਗਲਿੰਗ ਨੂੰ ਨੱਥ ਪਾਉਣ ਲਈ ਬੀਐੱਸਐੱਫ ਨਾਲ ਠੋਸ ਤਾਲਮੇਲ ਹੈ ਜਦੋਂਕਿ ਦੂਸਰੇ ਪੱਧਰ ਦੀ ਡਿਫੈਂਸ ਲਾਈਨ ਨੂੰ ਮਜ਼ਬੂਤ ਕਰਦਿਆਂ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਹੈ। ਸੋਸ਼ਲ ਮੀਡੀਆ ’ਤੇ ਆਪਣੀ ਗੱਲ ਰੱਖਣਾ ਹਰ ਕਿਸੇ ਦਾ ਅਧਿਕਾਰ ਹੈ ਪਰ ਜੇਕਰ ਇਸ ਪਲੇਟਫਾਰਮ ਦੀ ਗ਼ਲਤ ਵਰਤੋਂ ਹੋਵੇਗੀ ਤਾਂ ਕੇਸ ਦਰਜ ਹੋਵੇਗਾ। ਅੰਮ੍ਰਿਤਪਾਲ ਸਿੰਘ ਸਬੰਧੀ ਡੀਜੀਪੀ ਨੇ ਕਿਹਾ ਕਿ ਧਰਮ ਪ੍ਰਚਾਰ ਦਾ ਸਵਾਗਤ ਹੈ। ਪਰ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਪੁਲਿਸ ਐਕਸ਼ਨ ਕਰੇਗੀ। ਇਸ ਮੌਕੇ ਡੀਆਈਜੀ ਰਣਜੀਤ ਸਿੰਘ ਢਿੱਲੋਂ, ਐੱਸਐੱਸਪੀ ਐੱਸਐੱਸ ਮਾਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਨੌਜਵਾਨਾਂ ਨੂੰ ਪੁਲਿਸ ’ਚ ਭਰਤੀ ਹੋਣ ਲਈ ਕੀਤਾ ਜਾਵੇਗਾ ਪ੍ਰੇਰਿਤ

ਇਸੇ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ’ਚ ਹੁਣ ਹਰ ਸਾਲ ਭਰਤੀ ਪ੍ਰਕਿਰਿਆ ਹੋਵੇਗਾ। ਇਸ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਪੁਲਿਸ ’ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਨਾਲ ਹੀ ਨਸ਼ੇ ਦੇ ਵੱਡੇ ਪੱਧਰ ’ਤੇ ਹੋਏ ਪਰਸਾਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ 10 ਹਜਾਰ ਪੁਲਿਸ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਜਾ ਰਹੀ ਹੈ। ਜਿਸ ਨਾਲ ਥਾਣਿਆਂ ’ਚ ਨਫਰੀ ਵਧ ਜਾਵੇਗੀ।

Leave a Reply

Your email address will not be published. Required fields are marked *