ਬਾਦਲਾਂ ਨੂੰ ਕਿਸਾਨੀ ਵੰਗਾਰ: ਭਾਜਪਾ ਨਾਲੋਂ ਸਾਂਝ ਤੋੜੋ

ਚੰਡੀਗੜ੍ਹ/ਪਟਿਆਲਾ : ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਐਕਟ-2020 ਨੂੰ ਰੱਦ ਕਰਵਾਉਣ, ਤੇਲ ਕੀਮਤਾਂ ’ਚ ਵਾਧੇ ਨੂੰ ਵਾਪਸ ਲੈਣ ਅਤੇ ਜੇਲ੍ਹ ’ਚ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਪੰਜਾਬ ਦੀਆਂ 12 ਕਿਸਾਨ ਜਥੇਬੰਦੀਆਂ ਨੇ ਅੱਜ ਸੂਬੇ ਦੇ 21 ਜ਼ਿਲ੍ਹਿਆਂ ’ਚ ਟਰੈਕਟਰ ਮਾਰਚ ਕੀਤੇ। ਦਸ ਹਜ਼ਾਰ ਤੋਂ ਵੱਧ ਟਰੈਕਟਰਾਂ ਰਾਹੀਂ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਅਕਾਲੀ-ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਗੱਠਜੋੜ ਦੇ ਹੋਰ ਪ੍ਰਮੁੱਖ ਆਗੂਆਂ ਦੀਆਂ ਕੋਠੀਆਂ ਅਤੇ ਦਫ਼ਤਰਾਂ ਦੇ ਘਿਰਾਓ ਵੀ ਕੀਤੇ। ਇਸ ਦੌਰਾਨ ਕੈਪਟਨ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ ਗਿਆ। ਆਪਣੇ ਸੰਬੋਧਨਾਂ ਦੌਰਾਨ ਕਿਸਾਨ ਆਗੂਆਂ ਨੇ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਐਕਟ 2020 ਨੂੰ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ। ਆਰਡੀਨੈਂਸ ਰੱਦ ਨਾ ਕਰਨ ਦੀ ਸੂਰਤ ’ਚ ਕਿਸਾਨਾਂ ਵੱਲੋਂ ‘ਕਰੋ ਜਾਂ ਮਰੋ’ ਦੀ ਨੀਤੀ ਤਹਿਤ ਤਿੱਖੇ ਘੋਲ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਗਈ।

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੂਬਾਈ ਕਨਵੀਨਰ ਡਾ. ਦਰਸ਼ਨਪਾਲ ਨੇ ਦੱਸਿਆ ਕਿ ਟਰੈਕਟਰ ਮਾਰਚ ਦੌਰਾਨ ਹਜ਼ਾਰਾਂ ਕਿਸਾਨਾਂ ਨੇ ਗੋਬਿੰਦ ਸਿੰਘ ਲੌਂਗੋਵਾਲ, ਸੋਮ ਪ੍ਰਕਾਸ਼, ਸ਼ਵੇਤ ਮਲਿਕ, ਵਿਜੈ ਸਾਂਪਲਾ, ਸੁਰਜੀਤ ਜਿਆਣੀ, ਸੁਖਪਾਲ ਨੰਨੂ, ਵਿਜੈ ਪੁਰੀ, ਸਿਕੰਦਰ ਸਿੰਘ ਮਲੂਕਾ, ਆਦੇਸ਼ ਪ੍ਰਤਾਪ ਕੈਰੋਂ, ਬਲਵਿੰਦਰ ਭੂੰਦੜ, ਸੁਰਜੀਤ ਰੱਖੜਾ, ਮਨਤਾਰ ਬਰਾੜ, ਬੰਟੀ ਰੋਮਾਣਾ, ਜਨਮੇਜਾ ਸਿੰਘ ਸੇਖੋਂ, ਹਰੀ ਸਿੰਘ ਜ਼ੀਰਾ, ਇਕਬਾਲ ਸਿੰਘ ਲਾਲਪੁਰਾ, ਤੋਤਾ ਸਿੰਘ, ਸੁਖਵਿੰਦਰ ਸੁੱਖੀ, ਮਨਪ੍ਰੀਤ ਇਆਲੀ, ਬਲਵੀਰ ਸਿੰਘ ਘੁੰਨਸ, ਅਮਰਪਾਲ ਸਿੰਘ ਬੋਨੀ ਆਦਿ ਆਗੂਆਂ ਦੇ ਦਫ਼ਤਰਾਂ ਅਤੇ ਘਰਾਂ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤੇ।

ਉਧਰ ਕਿਸਾਨ ਨੇਤਾ ਜਗਮੋਹਣ ਸਿੰਘ ਪਟਿਆਲਾ ਨੇ ਦੱਸਿਆ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਜਾ ਰਹੇ ਕਾਫਲੇ ਨੂੰ ਪੁਲੀਸ ਨੇ ਬਾਦਲ ਪਿੰਡ ਤੋਂ ਕੁਝ ਕਿਲੋਮੀਟਰ ਪਿਛਾਂਹ ਕਾਲਝਰਾਨੀ ’ਚ ਹੀ ਰੋਕ ਲਿਆ ਤੇ ਕਿਸਾਨਾਂ ਨੇ ਉਥੇ ਹੀ ਰੋਸ ਮੁਜ਼ਾਹਰਾ ਕਰਦਿਆਂ ਐਲਾਨ ਕੀਤਾ ਕਿ ਜੇ ਬਾਦਲਾਂ ਨੇ ਭਾਜਪਾ ਨਾਲ ਸਾਂਝ ਭਿਆਲੀ ਜਾਰੀ ਰੱਖੀ, ਤਾਂ ਬਾਦਲ ਪਰਿਵਾਰ ਦੀ ਰਿਹਾਇਸ਼ ਦਾ ਪੱਕੇ ਤੌਰ ’ਤੇ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਖੇਤੀ ਆਰਡੀਨੈਂਸਾਂ ਰਾਹੀਂ ਘੱਟੋ-ਘੱਟ ਸਮਰਥਨ ਮੁੱਲ ਵੀ ਖਤਮ ਕਰੇਗੀ ਅਤੇ ਪੰਜ ਏਕੜ ਤੋਂ ਘੱਟ ਵਾਲੀ (85 ਫੀਸਦੀ) ਕਿਸਾਨੀ ਖੇਤੀ ਕਿੱਤੇ ਵਿਚੋਂ ਬਾਹਰ ਹੋ ਜਾਵੇਗੀ। ਭਾਰਤ ’ਚ ਫਸਲਾਂ ਦਾ ਮੁੱਲ ਜ਼ਿਆਦਾ ਹੋਣ ਦੇ ਦਿੱਤੇ ਗਏ ਬਿਆਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਆੜੇ ਹੱਥੀਂ ਲਿਆ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸੰਬੋਧਿਤ ਮੁੱਖ ਮੰਗਾਂ ਵਾਲੇ ਦੋ ਵੱਖ-ਵੱਖ ਮੰਗ ਪੱਤਰ ਕੇਂਦਰੀ ਆਗੂਆਂ ਅਤੇ ਅਧਿਕਾਰੀਆਂ ਨੂੰ ਸੌਂਪੇ ਗਏ। ਥਾਂ-ਥਾਂ ਮਤੇ ਪਾਸ ਕਰ ਕੇ ਵਰਵਰਾ ਰਾਓ ਤੇ ਅਨੰਦ ਤੈਲਤੁੰਬੜੇ ਸਮੇਤ ਹੋਰ ਬੁੱਧੀਜੀਵੀਆਂ ਖਿਲਾਫ਼ ਦਰਜ ਝੂਠੇ ਕੇਸ ਵਾਪਸ ਲੈ ਕੇ ਸਾਰੇ ਨਜ਼ਰਬੰਦਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਕਿਸਾਨਾਂ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਸਾਰੇ ਹੀ ਪ੍ਰਦਰਸ਼ਨਕਾਰੀਆਂ ਨੇ ਕਰੋਨਾ ਸਾਵਧਾਨੀਆਂ ਵਰਤੀਆਂ।

ਮਾਨਸਾ, ਮੁਕਤਸਰ ਆਦਿ ਕੁੱਝ ਜ਼ਿਲ੍ਹਿਆਂ ਵਿੱਚ ਭਾਰੀ ਪੁਲੀਸ ਨਫਰੀ ਤਾਇਨਾਤ ਕੀਤੀ ਗਈ ਸੀ ਜਿਨ੍ਹਾਂ ਕਿਸਾਨਾਂ ਨੂੰ ਰੋਕ ਕੇ ਤਪਦੀਆਂ ਸੜਕਾਂ ਉੱਤੇ ਬੈਠਣ ਲਈ ਮਜਬੂਰ ਕੀਤਾ। ਟਰੈਕਟਰ ਮਾਰਚ ਅਤੇ ਘਿਰਾਓ ਦੇ ਪ੍ਰੋਗਰਾਮ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (ਅਜੈ-ਭਵਨ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜੈ ਕਿਸਾਨ ਅੰਦੋਲਨ ਸਮੇਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਅੰਜਾਮ ਦਿੱਤਾ ਗਿਆ। ਇਨ੍ਹਾਂ ਦੀ ਅਗਵਾਈ ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ, ਸਤਨਾਮ ਅਜਨਾਲਾ, ਭੁਪਿੰਦਰ ਸਾਂਭਰ, ਮੇਜਰ ਪੁੰਨ੍ਹਾਂਵਾਲ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਇੰਦਰਜੀਤ ਸਿੰਘ ਕੋਟਬੁੱਢਾ, ਹਰਜਿੰਦਰ ਟਾਂਡਾ, ਗੁਰਬਖ਼ਸ਼ ਸਿੰਘ ਬਰਨਾਲਾ, ਜੋਗਿੰਦਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਫੂਲ, ਸੁਖਦੇਵ ਸਿੰਘ ਕੋਕਰੀ ਕਲਾਂ, ਜਗਮੋਹਣ ਸਿੰਘ ਪਟਿਆਲਾ, ਕੁਲਵੰਤ ਸੰਧੂ, ਗੁਰਮੀਤ ਮਹਿੰਮਾ, ਗੁਰਨਾਮ ਭੀਖੀ, ਹਰਜੀਤ ਰਵੀ, ਬਲਦੇਵ ਸਿੰਘ ਨਿਹਾਲਗੜ੍ਹ, ਨਿਰਵੈਲ ਸਿੰਘ ਡਾਲੇਕੇ, ਜਤਿੰਦਰ ਛੀਨਾ ਅਤੇ ਬਲਦੇਵ ਸਿੰਘ ਜੀਰਾ ਆਦਿ ਨੇ ਕੀਤੀ। 

Leave a Reply

Your email address will not be published. Required fields are marked *