ਪੰਜਾਬ ਭਾਜਪਾ ਆਗੂ ਅਕਾਲੀਆਂ ਨਾਲ ਗੱਠਜੋੜ ਦੇ ਸਖ਼ਤ ਖ਼ਿਲਾਫ਼

ਪਟਿਆਲਾ/ਪਾਤੜਾਂ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਧੜੱਲੇਦਾਰ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਅੱਜ ਆਖਿਆ ਹੈ ਕਿ ਕੇਂਦਰੀ ਭਾਜਪਾ ਹਾਈਕਮਾਂਡ ਪੰਜਾਬ ਅੰਦਰ ਕਦੇ ਵੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ ਅਤੇ ਨਾ ਹੀ ਪੰਜਾਬ ਭਾਜਪਾ ਦੇ ਨੇਤਾ ਇਸ ਲਈ ਤਿਆਰ ਹਨ।

ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਸੁਖਬੀਰ ਬਾਦਲ ਦੇ ਹੁੰਦਿਆਂ ਅਕਾਲੀ ਦਲ ਇਸ ਸਮੇਂ ਡੁੱਬਦੀ ਹੋਈ ਕਿਸ਼ਤੀ ਹੈ ਤੇ ਆਉਣ ਵਾਲੇ ਸਮੇਂ ਅੰਦਰ ਅਕਾਲੀ ਦਲ ਖੇਰੂੰ-ਖੇਰੂੰ ਹੋ ਕੇ ਰਹਿ ਜਾਵੇਗਾ ਕਿਉਂਕਿ ਪੰਥਕ ਪਾਰਟੀ ਨੂੰ ਇਸ ਸਮੇਂ ਇੱਕ ਪਰਿਵਾਰ ਦੀ ਪਾਰਟੀ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦਾ ਪੰਜਾਬ ਅੰਦਰ ਕੋਈ ਜਨ ਅਧਾਰ ਨਹੀਂ ਹੈ ਤੇ ਆ ਰਹੀਆਂ ਚੋਣਾਂ ਵਿੱਚ ਇਹ ਗੱਲ ਅਕਾਲੀ ਦਲ ਨੂੰ ਭਲੀਭਾਂਤ ਪਤਾ ਚੱਲ ਜਾਵੇਗੀ।

ਹਰਜੀਤ ਗਰੇਵਾਲ ਨੇ ਦਾਅਵਾ ਕੀਤਾ ਕਿ ਗੁਜਰਾਤ ਅਤੇ ਹਿਮਾਚਲ ਵਿੱਚ ਬਹੁਮਤ ਨਾਲ ਸਰਕਾਰਾਂ ਬਣਾਕੇ ਭਾਜਪਾ ਪੰਜਾਬ ਅਤੇ ਦਿੱਲੀ ਦੀਆਂ ਐੱਮ. ਸੀ. ਚੋਣਾਂ ਅੰਦਰ ਵੀ ਆਪਣੇ ਮੇਅਰ ਬਣਾਵੇਗੀ। ਉਨ੍ਹਾਂ ਆਖਿਆ ਕਿ ਭਾਜਪਾ ਆਪਣੇ ਦਮ ‘ਤੇ ਪੰਜਾਬ ਅੰਦਰ ਚੋਣਾਂ ਲੜੇਗੀ ਤੇ ਇਸ ਲਈ ਉਨ੍ਹਾਂ ਨੇ ਤਿਆਰੀ ਆਰੰਭ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਸੂਬੇ ਦੇ ਲੋਕ ਭਾਜਪਾ ਨੂੰ ਚਾਹੁੰਦੇ ਹਨ ਤੇ ਆਉਣ ਵਾਲੇ ਸਮੇਂ ਅੰਦਰ ਅਕਾਲੀ ਦਲ ਦੇ ਬਹੁਤ ਸੀਨੀਅਰ ਨੇਤਾ ਭਾਜਪਾ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।

ਹਰਜੀਤ ਗਰੇਵਾਲ ਨੇ ਆਖਿਆ ਕਿ ਪੰਜਾਬ ਵਿੱਚ ਝਾੜੂ ਤੀਲਾ ਤੀਲਾ ਹੋਣ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਗੁਜਰਾਤ ਤੇ ਹਿਮਾਚਲ ਅੰਦਰ ਤਾਂ ਇਨ੍ਹਾਂ ਦੀਆਂ ਜ਼ਮਾਨਤਾਂ ਵੀ ਜਬਤ ਹੋ ਜਾਣਗੀਆਂ। ਗਰੇਵਾਲ ਨੇ ਆਖਿਆ ਕਿ ਲੋਕਾਂ ਨੇ ਬੇਸ਼ੱਕ ਬਦਲਾਅ ਲਈ ਵੋਟਾਂ ਪਾਈਆਂ ਪਰ 8 ਮਹੀਨਿਆਂ ਵਿੱਚ ਹੀ ਲੋਕਾਂ ਨੂੰ ਸਮਝ ਪੈ ਚੁੱਕੀ ਹੈ ਕਿ ਇਹ ਬਦਲਾਅ ਨਹੀਂ ਬਦਲਾ ਲਊ ਸਰਕਾਰ ਹੈ, ਜਿਸ ਕੋਲੋਂ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬਣਾ ਕੇ ਨਹੀਂ ਰੱਖੀ ਜਾ ਰਹੀ ਹੈ। ਗਰੇਵਾਲ ਨੇ ਆਖਿਆ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਚਾਹੁੰਦੇ ਹਨ ਤੇ ਬਹੁਤ ਸਾਰੇ ਵੱਡੇ ਅਕਾਲੀ ਨੇਤਾ ਹੁਣ ਪੰਜਾਬ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।ਗਰੇਵਾਲ ਨੇ ਇਹ ਸ਼ਬਦ ਅੱਜ ਇੱਥੇ ਉੱਘੇ ਸਮਾਜ ਸੇਵਕ ਅਤੇ ਨੇਤਾ ਜਨਕ ਰਾਜ ਕਲਵਾਨੂੰ ਦੀ ਭਰਜਾਈ ਦੇ ਸ਼ੋਕ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਗਿੰਨੀ ਢਿੱਲੋਂ ਵੀ ਹਾਜਰ ਸਨ।

Leave a Reply

Your email address will not be published. Required fields are marked *