ਪਿੰਡ ਮੁੱਛਲ ਵਿਚ ਭੇਤਭਰੀ ਹਾਲਤ ’ਚ ਪੰਜ ਮੌਤਾਂ

ਜੰਡਿਆਲਾ ਗੁਰੂ : ਨੇੜਲੇ ਥਾਣਾ ਤਰਸਿੱਕਾ ਦੇ ਪਿੰਡ ਮੁੱਛਲ ਵਿਚ ਬੀਤੀ ਰਾਤ ਪੰਜ ਵਿਅਕਤੀਆਂ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕਾਂ ’ਚੋਂ ਚਾਰ ਜਣੇ ਪਿੰਡ ਮੁੱਛਲ ਵਾਸੀ ਸਨ ਜਦਕਿ ਇੱਕ ਮ੍ਰਿਤਕ ਪਿੰਡ ਟਾਂਗਰਾ ਦਾ ਵਸਨੀਕ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਪੋਸਟਮਾਰਟਮ ਕਰਵਾਏ ਲਾਸ਼ਾਂ ਦਾ ਸਸਕਾਰ ਕਰ ਦਿੱਤਾ। ਪੀੜਤ ਪਰਿਵਾਰਾਂ ਨੇ ਇਹ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਣ ਦੇ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ (25) ਪੁੱਤਰ ਸ਼ਿੰਦਰ, ਬਲਵਿੰਦਰ ਸਿੰਘ (70) ਪੁੱਤਰ ਸੂਰਤਾ ਸਿੰਘ, ਦਲਬੀਰ ਸਿੰਘ (65) ਪੁੱਤਰ ਸੋਹਣ ਸਿੰਘ, ਮੰਗਲ ਸਿੰਘ (62) ਪੁੱਤਰ ਸੁਲੱਖਣ ਸਿੰਘ ਸਾਰੇ ਵਾਸੀ ਪਿੰਡ ਮੁੱਛਲ ਅਤੇ ਬਲਦੇਵ ਸਿੰਘ (40) ਪੁੱਤਰ ਸੁਰਜੀਤ ਸਿੰਘ ਵਾਸੀ ਟਾਂਗਰਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਦਲਬੀਰ ਸਿੰਘ ਕਿਸਾਨੀ ਕਰਦਾ ਸੀ ਅਤੇ ਬਾਕੀ ਸਾਰੇ ਮਜ਼ਦੂਰੀ ਕਰਦੇ ਸਨ। ਇਸੇ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਨਾ ਕਰਵਾਏ ਜਾਣ ਕਾਰਨ ਪੁਲੀਸ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ।

ਘਟਨਾ ਬਾਰੇ ਮ੍ਰਿਤਕ ਗੁਰਪ੍ਰੀਤ ਸਿੰਘ, ਜੋ ਅਪਾਹਜ ਸੀ, ਦੀ ਮਾਂ ਨੇ ਦੱਸਿਆ ਕਿ ਇਹ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਹਨ। ਪਿੰਡ ਦੇ ਦੋ ਹੋਰ ਵਿਅਕਤੀਆਂ ਜੋਗਾ ਸਿੰਘ (25) ਪੁੱਤਰ ਬਲਦੇਵ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰ ਦਾਨ ਸਿੰਘ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਜੋਗਾ ਸਿੰਘ ਅਤੇ ਉਸ ਦੀ ਪਤਨੀ ਨੇ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪਿੰਡ ਮੁੱਛਲ ਵਿੱਚ ਜੱਸਾ ਸਿੰਘ ਨਾਂ ਦਾ ਵਿਅਕਤੀ ਸ਼ਰਾਬ ਵੇਚਦਾ ਹੈ ਪਰ ਪੁਲੀਸ ਊਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ। ਇਸ ਮਾਮਲੇ ਵਿਚ ਐੱਸਐੱਚਓ ਬਿਕਰਮਜੀਤ ਸਿੰਘ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਵਾਲੇ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।

Leave a Reply

Your email address will not be published. Required fields are marked *