ਜਯਾ ਜੇਤਲੀ ਅਤੇ ਦੋ ਹੋਰਾਂ ਨੂੰ ਚਾਰ ਸਾਲ ਦੀ ਸਜ਼ਾ

ਨਵੀਂ ਦਿੱਲੀ : ਇਥੋਂ ਦੀ ਅਦਾਲਤ ਨੇ ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਤਲੀ, ਗੋਪਾਲ ਪਚਰਵਾਲ ਅਤੇ ਮੇਜਰ ਜਨਰਲ (ਸੇਵਾਮੁਕਤ) ਐੱਸ ਪੀ ਮੁਰਗਈ ਨੂੰ ਰੱਖਿਆ ਸੌਦੇ ਨਾਲ ਸਬੰਧਤ ਕਰੀਬ 20 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਚਾਰ-ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਵੀਰੇਂਦਰ ਭੱਟ ਨੇ ਤਿੰਨੋਂ ਦੋਸ਼ੀਆਂ ਨੂੰ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ ਅਤੇ ਉਨ੍ਹਾਂ ਨੂੰ ਅੱਜ ਸ਼ਾਮ ਪੰਜ ਵਜੇ ਤੋਂ ਪਹਿਲਾਂ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ। ਬਾਅਦ ’ਚ ਦਿੱਲੀ ਹਾਈ ਕੋਰਟ ਨੇ ਹੁਕਮਾਂ ’ਤੇ ਰੋਕ ਲਗਾ ਦਿੱਤੀ। ਅਦਾਲਤ ਨੇ ਕਿਹਾ ਕਿ ਰੱਖਿਆ ਖ਼ਰੀਦ ਸੌਦਿਆਂ ’ਚ ਭ੍ਰਿਸ਼ਟਾਚਾਰ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਮੁਲਕ ਦੀ ਆਜ਼ਾਦੀ ਅਤੇ ਖੁਦਮੁਖਤਿਆਰੀ ’ਤੇ ਸਿੱਧਾ ਅਸਰ ਪੈਂਦਾ ਹੈ। ਉਨ੍ਹਾਂ ਦੋਸ਼ੀਆਂ ਵੱਲੋਂ ਕੀਤੇ ਗਏ ਜੁਰਮ ਨੂੰ ਸਿਖਰਲੇ ਦਰਜੇ ਦਾ ਕਰਾਰ ਦਿੱਤਾ। ਜਨਵਰੀ 2001 ’ਚ ਨਿਊਜ਼ ਪੋਰਟਲ ਤਹਿਲਕਾ ਨੇ ਸਟਿੰਗ ‘ਅਪਰੇਸ਼ਨ ਵੈਸਟਐਂਡ’ ਕੀਤਾ ਸੀ ਜਿਸ ’ਚ ਥਰਮਲ ਇਮੇਜਰਾਂ ਦੀ ਖ਼ਰੀਦ ’ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਗਿਆ ਸੀ।

ਅਦਾਲਤ ਨੇ ਕਿਹਾ ਕਿ ਪਚਰਵਾਲ ਅਤੇ ਜੇਤਲੀ ਸਾਜ਼ਿਸ਼ ਘੜਨ ਦੇ ਦੋਸ਼ੀ ਵੀ ਹਨ। ਉਨ੍ਹਾਂ ਕਿਹਾ ਕਿ ਜੇਤਲੀ ਨੇ ਪਚਰਵਾਲ ਰਾਹੀਂ ਦੋ ਲੱਖ ਰੁਪਏ ਫਰਜ਼ੀ ਕੰਪਨੀ ਵੈਸਟਐਂਡ ਇੰਟਰਨੈਸ਼ਨਲ ਦੇ ਨੁਮਾਇੰਦੇ ਮੈਥਿਊ ਸੈਮੂਅਲ ਤੋਂ ਲਏ ਸਨ ਜਦਕਿ ਮੁਰਗਈ ਨੂੰ 20 ਹਜ਼ਾਰ ਰੁਪਏ ਮਿਲੇ ਸਨ। ਇਸ ’ਚ ਸੁਰੇਂਦਰ ਕੁਮਾਰ ਸੁਰੇਖਾ ਦਾ ਨਾਮ ਵੀ ਆਇਆ ਸੀ ਪਰ ਉਹ ਬਾਅਦ ’ਚ ਸਰਕਾਰੀ ਗਵਾਹ ਬਣ ਗਿਆ ਸੀ।

Leave a Reply

Your email address will not be published. Required fields are marked *