ਭਾਰਤੀਆਂ ਨੂੰ ਲੱਗਦਾ ਰਾਫੇਲ ਆਉਣ ਨਾਲ ਸਭ ਸਮੱਸਿਆਵਾਂ ਹੱਲ ਹੋ ਗਈਆਂ –


ਭਾਰਤੀਆਂ ਨੂੰ ਲੜਾਕੂ ਜਹਾਜ ਰਾਫੇਲ ਮਿਲਣ ਨਾਲ ਇੰਝ ਲੱਗਦਾ ਜਿਵੇਂ ਸਿਰਫ ਇੱਕ ਇਹ ਹੀ ਕਮੀਂ ਸੀ,ਜੋ ਕਿ ਹੁਣ ਪੂਰੀ ਹੋ ਗਈ ਹੈ,ਬਾਕੀ ਸਭ ਕੁੱਝ ਤਾਂ ਪਹਿਲਾਂ ਹੀ ਟਾਪੋ-ਟਾਪ ਚੱਲ ਰਿਹਾ ਸੀ।ਮੀਡੀਆ ਵਾਲਿਆਂ ਨੂੰ ਰਾਫੇਲ ਦੀ ਖਬਰ ਤੋਂ ਇਲਾਵਾ ਹੋਰ ਕੁੱਝ ਸੁੱਝ ਹੀ ਨਹੀਂ ਰਿਹਾ ਸੀ।ਕਈ ਐਂਕਰਾਂ ਦੇ ਬੋਲਣ ਤੋਂ ਤਾਂ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਐਂਕਰ ਘੱਟ ਤੇ ਵਿਗਿਆਨੀ ਜਿਆਦਾ ਹੋਣ।ਇਸਦੀਆਂ ਖੁਬੀਆਂ ਜਿੰਨੀਆਂ ਕੁ ਐਂਕਰਾਂ ਨੇ ਗਿਣਵਾ ਦਿੱਤੀਆਂ ਨੇ,ਹੋ ਸਕਦਾ ਕਿ ਫਰਾਂਸ ਦੇ ਵਿਗਿਆਨੀ ਜਿਨ੍ਹਾਂ ਨੇ ਇਸਨੂੰ ਤਿਆਰ ਕੀਤਾ ਹੈ,ਉਹ ਵੀ ਨਾ ਜਾਣਦੇ ਹੋਣ।ਕੇਂਦਰ ਸਰਕਾਰ ਸਾਰੀ ਦੀ ਸਾਰੀ ਪੱਬਾਂ ਭਾਰ ਹੋਈ ਰਹੀ।ਰਾਫੇਲ ਦੀ ਖੁਸ਼ੀ ਕਈਆਂ ਕੋਲੋਂ ਤਾਂ ਸਾਂਭੀ ਨਹੀਂ ਸੀ ਜਾ ਰਹੀ। ਉਨ੍ਹਾਂ ਦੀਆਂ ਹਰਕਤਾਂ ਤੋਂ ਤਾਂ ਇੰਝ ਮਹਿਸੂਸ ਹੋਣ ਲੱਗ ਪਿਆ ਸੀ ਕਿ ਸ਼ਾਇਦ ਇਨ੍ਹਾਂ ਨੂੰ ਚਲਾਉਣ ਲਈ ਉਹਨਾਂ ਨੂੰ ਹੀ ਸੱਦਿਆ ਜਾਵੇਗਾ।
ਐਂਕਰ ਅੱਡੀਆਂ ਚੁੱਕ-ਚੁੱਕ ਕਹਿ ਰਹੇ ਸਨ ਕਿ ਰਾਫੇਲ ਨੇ ਚੀਨੀਆਂ ਦੇ ਸਾਹ ਸੁਕਾ ਦਿੱਤੇ ਹਨ,ਪਾਕਿਸਤਾਨ ਨੂੰ ਕੰਬਣੀਂ ਛਿੜ ਗਈ ਹੈ।ਇਹ ਦੇਸ਼ ਹੁਣ ਭਾਰਤ ਵੱਲ੍ਹ ਵੇਖਣਾ ਤਾਂ ਕੀ,ਇੱਧਰ ਨੂੰ ਮੂੰਹ ਵੀ ਨਹੀਂ ਕਰਨਗੇ।ਬਹੁ-ਗਿਣਤੀ ਮੀਡੀਆ ਚੈਨਲਾਂ ਤੇ ਰਾਫੇਲ-ਰਾਫੇਲ ਹੀ ਹੁੰਦੀ ਰਹੀ।ਬੜੀ ਹੈਰਾਨੀ ਦੀ ਗੱਲ ਹੈ ਕਿ ਕੋਰੜਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ।ਸਰਕਾਰੀ ਵਿਭਾਗਾਂ ਚੋਂ ਕਰਮਚਾਰੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤ ਕੀਤਾ ਜਾ ਰਿਹਾ ਹੈ।ਰੁਜਗਾਰ ਦੇ ਸਾਧਨ ਪੈਦਾ ਨਹੀਂ ਹੋ ਰਹੇ।ਬੇਰੁਜਗਾਰ ਟੈਂਕੀਆਂ ਤੇ ਚੜ੍ਹਕੇ ਜਾਨਾਂ ਦੇਣ ਲਈ ਤਿਆਰ ਬੈਠੇ ਨੇ।ਸਰਕਾਰ ਨਮੋ-ਨਮੋ ਨਾਲ ਲੋਕਾਂ ਨੂੰ ਖੁਸ਼ ਕਰ ਰਹੀ ਹੈ।ਇੱਕ ਪਾਸੇ ਕੋਰੋਨੇ ਨੇ ਲੋਕਾਂ ਦੇ ਸਾਹ ਸੂਤ ਰੱਖੇ ਨੇ,ਦੂਜੇ ਪਾਸੇ ਸਰਕਾਰਾਂ ਭਾਂਡੇ ਖੜਕਾ ਕੇ ਤੇ ਮੋਮਬੱਤੀਆਂ ਜਗਵਾ ਕੇ ਭੋਲੇ-ਭਾਲੇ ਲੋਕਾਂ ਨੂੰ ਬੁੱਧੂ ਬਣਾਉਣ ਦੇ ਰਾਹ ਤੁਰੀ ਹੋਈ ਹੈ।ਨਵੇਂ-ਨਵੇਂ ਆਰਡੀਨੈਂਸ ਜਾਰੀ ਕਰਕੇ ਆਮ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।ਪਹਿਲਾਂ ਤੋਂ ਹੀ ਕਰਜਾਈ ਕਿਸਾਨਾਂ ਤੋਂ ਘੱਟੋ-ਘੱਟ ਮੁੱਲ ਵਾਲਾ ਫਾਰਮੂਲਾ ਖੋਹਿਆ ਜਾ ਰਿਹਾ ਹੈ।
ਭਾਰਤ ਦੇ ਲੋਕਾਂ ਦੇ ਮਨਾਂ’ਚ ਧਰਮ ਦਾ ਮੁਲੱਮਾਂ ਚਾੜ੍ਹਕੇ ਉਹਨਾਂ ਨੂੰ ਉਹਨਾਂ ਦੇ ਮੁੱਢਲੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ।ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ਵੇਲੇ ਸਾਰੇ ਭਾਰਤ ਵਾਸੀਆਂ ਨੂੰ ਅਯੁੱਧਿਆ ਵੱਲ ਮੂੰਹ ਕਰਕੇ ਖੜੇ ਹੋਣ ਦੀ ਅਪੀਲ ਹੋ ਰਹੀ ਹੈ।ਦੇਸ਼ ਦੀ ਵਿਕਾਸ ਦਰ ਘਟ ਰਹੀ ਹੈ।ਰੁਪਈਆ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ।ਕਾਰਖਾਨੇ ਬੰਦ ਹੋ ਰਹੇ ਹਨ। ਗਰੀਬਾਂ ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ।ਮਨ ਦੀ ਬਾਤ ਵਿੱਚ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਭਾਵੁਕ ਕੀਤਾ ਜਾ ਰਿਹਾ ਹੈ।ਮੈਂ ਰਾਫੇਲ ਜਹਾਜਾਂ ਦਾ ਵਿਰੋਧੀ ਨਹੀਂ ਹਾਂ ਪਰ ਸਰਕਾਰਾਂ ਨੂੰ ਭੁੱਖ ਨਾਲ ਮਰ ਰਹੇ ਲੋਕਾਂ ਦੀ ਬਾਂਹ ਵੀ ਫੜਨੀ ਚਾਹੀਦੀ ਹੈ।ਕਿਸੇ ਨੂੰ ਕੋਈ ਕੰਮ ਧੰਦਾ ਵੀ ਮਿਲਣਾ ਚਾਹੀਦਾ ਹੈ।ਰਾਫੇਲ ਨੇ ਭੁੱਖੇ ਲੋਕਾਂ ਦੇ ਪੇਟ ਤਾਂ ਨਹੀਂ ਭਰਨੇ ਹਨ।
ਦੇਸ ਨੂੰ ਅਜਾਦ ਹੋਇਆਂ ਸੱਤਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।ਜਦੋਂ ਵੀ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ ਹਰ ਵਾਰ ਧਰਮ ਦਾ ਮੁੱਦਾ ਜਾਂ ਦੇਸ਼ ਦੀ ਸੁਰੱਖਿਆ ਦਾ ਮੁੱਦਾ ਭਖਾ ਲਿਆ ਜਾਂਦਾ ਹੈ।ਵਿਕਾਸ ਸਿਰਫ ਗੱਲਾਂ ਵਿੱਚ ਹੀ ਹੁੰਦਾ ਹੈ।ਲੋਕਾਂ ਦੀ ਹਾਲਤ ਤੋਂ ਅਜੇ ਵੀ ਇੰਝ ਹੀ ਲੱਗਦਾ ਹੈ ਕਿ ਉਹ ਆਪਣੇ ਹੱਕਾਂ ਪ੍ਰਤੀ ਛੇਤੀ ਕਿਤੇ ਸੁਚੇਤ ਹੋਣ ਵਾਲੇ ਨਹੀਂ ਹਨ।ਸਿਆਸਤਦਾਨਾਂ ਦੀਆਂ ਲੂੰਬੜ ਚਾਲਾਂ ਦਾ ਸ਼ਿਕਾਰ ਹੋਣ ਲਈ ਹਮੇਸ਼ਾ ਤਿਆਰ ਹੀ ਬੈਠੇ ਰਹਿੰਦੇ ਹਨ।ਜਦੋਂ ਵੀ ਹੁਣ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣ ਹੋਣਗੀਆਂ ਉਹਨਾਂ ਚੋਣਾਂ ਵਿੱਚ ਰਾਫੇਲ ਜਹਾਜਾਂ ਦਾ ਗੁਣਗਾਣ ਜਰੂਰ ਹੋਇਆ ਕਰੇਗਾ।ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਚੀਨ ਦੀਆਂ ਦੋ ਸੌ ਦੇ ਕਰੀਬ ਸਾਈਟਾਂ ਬੰਦ ਕਰ ਚੁੱਕੇ ਹਨ।ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਦੇਸ਼ ਵਿੱਚ ੧੩੭ ਕਰੋੜ ਦੀ ਅਬਾਦੀ ਹੋਵੇ,ਉਸ ਦੇਸ਼ ਦੇ ਇੰਜੀਨੀਅਰਾਂ ਵਲੋਂ ਚੀਨ ਦੇ ਮੁਕਾਬਲੇ ਦੀਆਂ ਸਾਈਟਾਂ ਕਿਉਂ ਨਹੀਂ ਬਣਾਈਆਂ ਗਈਆਂ।ਇਹਨਾਂ ਸਾਈਟਾਂ ਦੀ ਭਾਰਤ ਵਿੱਚ ਹੋ ਰਹੀ ਵਰਤੋਂ ਦੀ ਕਮਾਈ ਚੀਨ ਨੂੰ ਜਾ ਰਹੀ ਸੀ।ਇਹਨਾਂ ਸਾਈਟਾਂ ਨੁੰ ਬੰਦ ਕਰਨ ਨੂੰ ਵੀ ਇੱਕ ਵੱਡੀ ਪ੍ਰਾਪਤੀ ਹੀ ਦੱਸਿਆ ਜਾਵੇਗਾ।
ਸਾਡੇ ਦੇਸ਼ ਦੀ ਸਰਕਾਰ ਸਿਰਫ ਗੱਲਾਂ ਦੀ ਖੱਟੀ ਖਾ ਰਹੀ ਹੈ।ਵਿਕਾਸ ਦੀ ਥਾਂ ਵਿਨਾਸ਼ ਹੋ ਰਿਹਾ ਹੈ।ਲੋਕ ਆਪਸ ਵਿੱਚ ਧਰਮਾਂ ਦੇ ਨਾਂ ਤੇ ਦੰਗੇ ਕਰੀ ਜਾ ਰਹੇ ਹਨ।ਜਿਹੜੇ ਲੋਕ ਰਾਫੇਲ ਜਹਾਜਾਂ ਦੀ ਪਹੁੰਚ ਤੇ ਜਸ਼ਨ ਮਨਾਉਣ ਵਿੱਚ ਰੁੱਝੇ ਹੋਏ ਹਨ,ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਫੇਲ ਨੇ ਨਾ ਉਹਨਾਂ ਨੂੰ ਕੋਈ ਰੁਜਗਾਰ ਮੁਹੱਈਆ ਕਰਵਾਉਣਾ ਹੈ ਅਤੇ ਨਾ ਹੀ ਪੇਟ ਭਰਨ ਲਈ ਅਨਾਜ ਦੇਣਾ ਹੈ।ਇਹ ਤਾਂ ਸਿਰਫ ਸਿਆਸਤਦਾਨਾਂ ਲਈ ਵੋਟਾਂ ਬਟੋਰਨ ਦਾ ਸਾਧਨ ਹੀ ਬਣ ਸਕਦਾ ਹੈ,ਇਸ ਤੋਂ ਵੱਧ ਕੁੱਝ ਵੀ ਨਹੀਂ।ਮੀਡੀਆ ਵਾਲਿਆਂ ਨੂੰ ਆਪਣੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਪ੍ਰਚਾਰ ਕਰਨਾ ਚਾਹੀਦਾ ਹੈ।ਐਂਕਰਾਂ ਦੀਆਂ ਬੇ-ਤੁੱਕੀਆਂ ਗੱਲਾਂ ਇਹਨਾਂ ਐਂਕਰਾਂ ਦੀ ਪ੍ਰਤਿਭਾ ਤੇ ਸਵਾਲੀਆ ਚਿੰਨ੍ਹ ਲਾਉਂਦੀਆਂ ਹਨ।ਭਾਰਤ ਦੇ ਲੋਕਾਂ ਨੁੰ ਵੀ ਅਕਲ ਦੇ ਪਰਦੇ ਤੇ ਜੰਮੀਂ ਧੂੜ ਸਾਫ ਕਰਨ ਦੀ ਲੋੜ ਹੈ।ਐਵੇਂ ਹੀ ਚੰਦ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ।

Leave a Reply

Your email address will not be published. Required fields are marked *