ਸੁਸ਼ਾਂਤ ਕੇਸ: ਰੀਆ ਦੀ ਅਰਜ਼ੀ ਉਤੇ ਸੁਣਵਾਈ 5 ਨੂੰ

ਨਵੀਂ ਦਿੱਲੀ : ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਵਿਚ ਅਦਾਕਾਰਾ ਰੀਆ ਚਕਰਵਰਤੀ ਦੀ ਅਰਜ਼ੀ ’ਤੇ ਸੁਣਵਾਈ ਸੁਪਰੀਮ ਕੋਰਟ ਪੰਜ ਅਗਸਤ ਨੂੰ ਕਰੇਗਾ। ਰੀਆ ਨੇ ਪਟਨਾ ਵਿਚ ਦਰਜ ਐਫਆਈਆਰ ਨੂੰ ਮੁੰਬਈ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜਸਟਿਸ ਰਿਸ਼ੀਕੇਸ਼ ਰੌਏ ਬੁੱਧਵਾਰ ਨੂੰ ਰੀਆ ਦੀ ਅਰਜ਼ੀ ਉਤੇ ਸੁਣਵਾਈ ਕਰਨਗੇ। ਮਰਹੂਮ ਅਦਾਕਾਰ ਦੇ ਪਿਤਾ ਕੇ.ਕੇ. ਸਿੰਘ ਨੇ ਰੀਆ ਤੇ ਛੇ ਹੋਰਾਂ ਖ਼ਿਲਾਫ਼ ਪਟਨਾ ਵਿਚ ਐਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਰੀਆ ਅਤੇ ਹੋਰਾਂ ਉਤੇ ਅਦਾਕਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਬਿਹਾਰ ਤੇ ਮਹਾਰਾਸ਼ਟਰ ਸਰਕਾਰ ਅਤੇ ਰਾਜਪੂਤ ਦੇ ਪਿਤਾ ਨੇ ਵੀ ਅਦਾਲਤ ਪਹੁੰਚ ਕੀਤੀ ਹੈ। ਰੀਆ ਨੇ ਆਪਣੀ ਅਰਜ਼ੀ ਵਿਚ ਦੋਸ਼ ਲਾਇਆ ਹੈ ਕਿ ਰਾਜਪੂਤ ਦੇ ਪਿਤਾ ਨੇ ਆਪਣਾ ‘ਰਸੂਖ਼’ ਵਰਤ ਕੇ ਉਨ੍ਹਾਂ ਖ਼ਿਲਾਫ਼ ਐਫਆਈਆਰ ਕਰਵਾਈ ਹੈ। ਇਸੇ ਦੌਰਾਨ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਰਾ ਲਈ ਇਨਸਾਫ਼ ਮੰਗਿਆ ਹੈ।     

ਬਿਹਾਰ ਪੁਲੀਸ ਨੇ ਨਾਲ ਹੀ ਕਿਹਾ ਕਿ ਉਹ ਅਦਾਕਾਰਾ ਰੀਆ ਚਕਰਵਰਤੀ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖ ਰਹੇ ਹਨ। ਅਦਾਕਾਰਾ ਤੋਂ ਪੁੱਛਗਿੱਛ ਬਾਰੇ ਹਾਲੇ ਪੁਲੀਸ ਨੇ ਕੁਝ ਸਪੱਸ਼ਟ ਨਹੀਂ ਕੀਤਾ। ਰੀਆ ਨੂੰ ਨੋਟਿਸ ਭੇਜ ਕੇ ਜਾਂਚ ਵਿਚ ਸਹਿਯੋਗ ਲਈ ਕਿਹਾ ਗਿਆ ਹੈ। -ਪੀਟੀਆਈ

ਬਿਹਾਰ ਪੁਲੀਸ ਨੇ ਛੇ ਜਣਿਆਂ ਦੇ ਬਿਆਨ ਦਰਜ ਕੀਤੇ

ਮੁੰਬਈ: ਜਾਂਚ ਲਈ ਮੁੰਬਈ ਪਹੁੰਚੀ ਬਿਹਾਰ ਪੁਲੀਸ ਦੀ ਟੀਮ ਨੇ ਛੇ ਜਣਿਆਂ ਦੇ ਬਿਆਨ ਦਰਜ ਕੀਤੇ ਹਨ। ਟੀਮ ਬੁੱਧਵਾਰ ਮੁੰਬਈ ਪੁੱਜੀ ਸੀ ਹੁਣ ਤੱਕ ਅਦਾਕਾਰ ਦੇ ਦੋਸਤਾਂ, ਕੰਮ ਦੇ ਸਹਿਯੋਗੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਮਿਲ ਚੁੱਕੀ ਹੈ। ਪੁਲੀਸ ਵਰਸੋਵਾ ਰਹਿੰਦੀ ਰਾਜਪੂਤ ਦੀ ਭੈਣ, ਪੁਰਾਣੀ ਦੋਸਤ ਅੰਕਿਤਾ ਲੋਖੰਡੇ ਦੇ ਬਿਆਨ ਵੀ ਲੈ ਚੁੱਕੀ ਹੈ। ਰਾਜਪੂਤ ਦੇ ਸਟਾਫ਼ ਦੇ ਬਿਆਨ ਵੀ ਪੁਲੀਸ ਵੱਲੋਂ ਲੈਣ ਦੀ ਸੰਭਾਵਨਾ ਹੈ। ਅਦਾਕਾਰ ਦੇ ਬੈਂਕ ਖ਼ਾਤਿਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।  

Leave a Reply

Your email address will not be published. Required fields are marked *