ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਰਸ਼ਪਾਲ ਕੌਰ ਗਿੱਲ-ਪ੍ਰੀਤਮ ਲੁਧਿਆਣਵੀ

ਪੰਜਾਬ ਦੇ ਜਿਲਾ ਨਵਾਂ ਸ਼ਹਿਰ ‘ਚ ਪੈਂਦੇ ਪਿੰਡ ਰੁੜਕੀ ਮੁਗਲਾਂ ਵਿਖੇ ਪਿਤਾ ਸ੍ਰ. ਬਖਤਾਵਰ ਸਿੰਘ ਤੇ ਮਾਤਾ ਕਸ਼ਮੀਰ ਕੌਰ ਸੋਹਲ ਦੇ ਗ੍ਰਹਿ ਨੂੰ ਰੁਸ਼ਨਾਉਣ ਵਾਲੀ ਰਸ਼ਪਾਲ, ਦਸਵੀਂ ਸਰਕਾਰੀ ਹਾਈ ਸਕੂਲ ਰੱਕੜਾਂ ਢਾਹਾਂ ਤੋਂ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ ਕਾਲਜ ਗੜ ਸ਼ੰਕਰ ਤੋਂ ਕਰਦਿਆਂ ਜਿੱਥੇ ਪੜਾਈ ਵਿਚ ਬਹੁਤ ਦਿਲਚਸਪੀ ਹੋਣ ਕਰਕੇ ਹਰ ਕਲਾਸ ਵਿਚੋਂ ਪਹਿਲਾ ਮੁਕਾਮ ਹਾਸਲ ਕਰਦੀ ਰਹੀ, ਉਥੇ ਸਕੂਲ-ਕਾਲਜ ਵਿਚ ਹੋਣ ਵਾਲੇ ਗਿੱਧਾ-ਭੰਗੜਾ, ਸਕਿੱਟਾਂ, ਖੇਡਾਂ ਅਤੇ ਭਾਸ਼ਨ ਮੁਕਾਬਲਿਆਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਮਾਨ-ਸਨਮਾਨ ਬਟੋਰਦੀ ਰਹੀ। 2001 ਵਿਚ ਰਸ਼ਪਾਲ ਦਾ ਵਿਆਹ ਕਨੇਡਾ ਦੇ ਜੰਮਪਲ ਸ੍ਰ. ਜਗਜੀਤ ਸਿੰਘ ਗਿੱਲ ਨਾਲ ਹੋਣ ਤੇ ਉਹ ਕਨੇਡਾ ਪਹੁੰਚ ਗਈ। ਇੱਥੇ ਆ ਕੇ ਉਸ ਨੇ ਨਰਸਿੰਗ ਦੀ ਪੜਾਈ ਕੀਤੀ। ਛੇ ਸਾਲ ਕਨੇਡਾ ਦੇ ਇਕ ਲੋਕ-ਪ੍ਰਿਯ ਪੰਜਾਬੀ ਪ੍ਰੋਗਰਾਮ ਲਿਸ਼ਕਾਰਾ ਟੀ. ਵੀ. ਨਾਲ ਇਕ ਹੋਸਟ ਵਜੋਂ ਕੰਮ ਕੀਤਾ। ਇਸ ਸਮੇਂ ਦੌਰਾਨ ਪੰਜਾਬੀ ਦੇ ਸੁਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਭੱਲਾ, ਗੀਤਕਾਰ ਜਸਵੀਰ ਗੁਣਾਚੌਰੀਆ, ਆਤਮਾ ਬੁੱਢੇਵਾਲ-ਅਮਨ ਰੋਜ਼ੀ, ਬੱਬੂ ਮਾਨ ਅਤੇ ਗਾਇਕ ਕਲਾਕਾਰ ਬਲਬੀਰ ਬੋਪਾਰਾਏ ਆਦਿ ਦੀਆਂ ਜਿੱਥੇ ਮੁਲਾਕਾਤਾਂ ਕਰਨ ਦਾ ਉਸ ਨੂੰ ਮੌਕਾ ਮਿਲਿਆ, ਉਥੇ ਜਸਵਿੰਦਰ ਭੱਲਾ ਜੀ ਹੁਰਾਂ ਨਾਲ ਜਿਊਲਰੀ ਦੀ ਐਡ ਕਰਨ ਦਾ ਵੀ ਉਸਨੂੰ ਸੁਭਾਗ ਹਾਸਲ ਹੋਇਆ। ਅਨੇਕਾਂ ਪੰਜਾਬੀ ਮੂਵੀਜ ਵਿਚ ਵੀ ਮੌਕੇ ਮਿਲਦੇ ਰਹੇ ਪਰ, ਪਰਿਵਾਰ ਪੱਖ ਨੂੰ ਉਸ ਪਹਿਲ ਦਿੱਤੀ। ਮੁਲਾਕਾਤ ਦੌਰਾਨ ਉਸ ਕਿਹਾ, ”ਮੇਰਾ ਮੰਨਣਾ ਇਹੀ ਰਿਹਾ ਕਿ ਪਰਿਵਾਰ ਸਭ ਤੋਂ ਪਹਿਲੇ ਨੰਬਰ ਤੇ ਹੈ। ਇਸ ਫੈਸਲੇ ਨੇ ਮੈਨੂੰ ਹਮੇਸ਼ਾਂ ਇਕ ਅੱਡਰਾ ਸਕੂਨ ਦਿੱਤਾ, ਕਿਉਂਕਿ ਅੱਜ ਮੇਰੇ ਬੱਚੇ ਨੈਤਿਕ ਕਦਰਾਂ-ਕੀਮਤਾਂ ਨਾਲ ਵੱਡੇ ਹੋਏ ਹਨ, ਜੋ ਕਿ ਸ਼ਾਇਦ ਉਨਾਂ ਤੋਂ ਦੂਰ ਰਹਿ ਕੇ ਮੈਂ ਉਨਾਂ ਨੂੰ ਨਾ ਦੇ ਸਕਦੀ। ”
ਰਸ਼ਪਾਲ ਗਿੱਲ ਕਈ ਸੱਭਿਆਚਾਰਕ ਮੇਲਿਆਂ ਦੀ ਵੀ ਪ੍ਰਮੋਟਰ ਰਹੀ। ਜਿਨਾਂ ਵਿਚ ਗੈਰੀ ਸੰਧੂ, ਨਿਮਰਤ ਖਹਿਰਾ ਅਤੇ ਸ਼ੈਰੀ ਮਾਨ ਆਦਿ ਜਿਹੇ ਪ੍ਰਸਿੱਧ ਕਲਾਕਾਰਾਂ ਦੇ ਸ਼ੋਅ ਕਰਵਾਏ ਗਏ। ਬੇਸ਼ੱਕ ਉਹ ਅੱਜ ”ਲਿਸ਼ਕਾਰਾ ਟੀ. ਵੀ.” ‘ਤੇ ਨਹੀ ਵੀ ਹੈ, ਪਰ ਕਨੇਡਾ ਦੇ ਪੰਜਾਬੀ ਮੀਡੀਆ ਵਿਚ ਉਹ ਪੂਰੀ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ। ਫਿਰ, ਸੋਸ਼ਲ-ਮੀਡੀਆ ਫੇਸ-ਬੁੱਕ ‘ਤੇ ਛੋਟੀਆਂ-ਛੋਟੀਆਂ ਮੋਟੀਵੇਸ਼ਨਲ ਸਟੋਰੀਜ ਪਾ ਕੇ ਸਮਾਜ ਨੂੰ ਸੇਧ ਦੇਣ ਦਾ ਉਹ ਇਕ ਨਿਵੇਕਲਾ ਯਤਨ ਕਰ ਰਹੀ ਹੈ, ਜਿਸਨੂੰ ਲੋਕ ਖੂਬ ਹੁੰਗਾਰਾ ਦਿੰਦੇ ਆ ਰਹੇ ਹਨ। ਸਮਾਜ-ਭਲਾਈ ਦੇ ਅਗਲੇ ਕਦਮ ਵਜੋਂ ਅੱਜ-ਕੱਲ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਨੇਡਾ ਵਿਚ ਆ ਰਹੀਆਂ ਉਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਨਾਂ ਦੀ ਮਦਦ ਲਈ ਉਸ 7788479620 ‘ਤੇ ਇਕ ਹੈਲਪ-ਲਾਈਨ ਤਿਆਰ ਕੀਤੀ ਹੈ, ਜਿਸ ਨੂੰ ਕਿ ਇਨਾਂ ਵਿਦਿਆਰਥੀਆਂ ਦੇ ਇੰਡੀਆ ਵਿਚ ਰਹਿ ਰਹੇ ਪੇਰੈਂਟਸ ਵੱਲੋਂ ਵੀ ਬਹੁਤ ਸਲਾਹਿਆ ਜਾ ਰਿਹਾ ਹੈ। ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਕਨੇਡਾ ਭੇਜਕੇ ਫਿਕਰਮੰਦ ਰਹਿੰਦੇ ਸਨ, ਉਨਾਂ ਦੇ ਦਿਲ ਨੂੰ ਕਾਫੀ ਸਕੂਨ ਮਿਲਿਆ ਹੈ, ਇਸ ਹੈਲਪ-ਲਾਈਨ ਤੋਂ। ਉਹ ਰਸ਼ਪਾਲ ਨੂੰ, ”ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ” ਆਖ, ਦੁਆਵਾਂ ਦਿੰਦੇ ਨਹੀ ਥੱਕਦੇ। ਉਸ ਦੀਆਂ ਅਜਿਹੀਆਂ ਸੋਸ਼ਲ ਤੇ ਸਾਹਿਤਕ ਗਤੀ-ਵਿਧੀਆਂ ਉਤੇ ਅੱਜ ਦਿਨ ਨਾ-ਸਿਰਫ ਕੇਨੇਡਾ ਦੀ ਪੰਜਾਬੀ ਕਮਿਊਨਟੀ ਨੂੰ ਹੀ ਮਾਣ ਹੈ, ਬਲਕਿ ਅੱਜ ਪੰਜਾਬ ਵਿਚ ਵਸਦੇ ਹਰੇਕ ਪੰਜਾਬੀ ਨੂੰ ਪੰਜਾਬ ਦੀ ਇਸ ਧੀ ਉਤੇ ਰੱਬ ਵਰਗਾ ਮਾਣ ਹੈ, ਜਿਹੜੀ ਕਿ ਕਨੇਡਾ ਵਿਚ ਰਹਿ ਰਹੇ ਪੰਜਾਬੀਆਂ ਦੇ ਸਟੂਡੈਂਟ ਬੱਚਿਆਂ ਦੇ ਹੱਕ ਵਿਚ ਖੜੀ ਹੈ। ਬੇਸ਼ੱਕ ਰਸ਼ਪਾਲ ਨੂੰ ਦੋ ਦਹਾਕੇ ਦੇ ਕਰੀਬ ਸਮਾਂ ਵਿਦੇਸ਼ ਵਿਚ ਰਹਿੰਦਿਆਂ ਨੂੰ ਹੋ ਗਿਆ ਹੈ, ਪਰ ਫਿਰ ਵੀ ਉਹ ਆਪਣੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਨਹੀ ਭੁੱਲਦੀ ਅਤੇ ਉਨਾਂ ਨੂੰ ਹਮੇਸ਼ਾਂ ਜਿਊਂਦਾ ਰੱਖਣ ਲਈ ਯਤਨਸ਼ੀਲ ਰਹਿੰਦੀ ਹੈ। ਉਹ ਆਖਦੀ ਹੈ, ” ਮੇਰਾ ਸੁਪਨਾ ਹੈ ਕਿ ਸਾਡਾ ਸਮਾਜ ਚੰਗੇ ਵਿਚਾਰਾਂ ਤੇ ਕਿਰਦਾਰਾਂ ਨਾਲ ਭਰਿਆ ਹੋਵੇ। ਜਿਹੜੀਆਂ ਕਦਰਾਂ-ਕੀਮਤਾਂ ਅਸੀਂ ਭੁੱਲਦੇ ਜਾ ਰਹੇ ਹਾਂ ਉਨਾਂ ਨੂੰ ਦੋਬਾਰਾ ਅਪਨਾਉਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਕ ਤੰਦਰੁਸਤ ਤੇ ਸਕਾਰਾਤਮਕ ਸਮਾਜ ਵਿਰਾਸਤ ਵਿਚ ਦੇ ਸਕੀਏ। ਇਹ ਸੋਚ ਮੈਨੂੰ ਮੇਰੀ ਮਾਤਾ ਕਸ਼ਮੀਰ ਕੌਰ ਸੋਹਲ ਜੀ ਪਾਸੋਂ ਵਿਰਸੇ ਵਿਚ ਮਿਲੀ ਹੈ ਅਤੇ ਮੇਰੀ ਮਾਤਾ ਜੀ ਹੀ ਮੇਰੀ ਪ੍ਰੇਰਨਾ ਦਾ ਸਭ ਤੋਂ ਵੱਡਾ ਸਰੋਤ ਹਨ। ਮਾਤਾ ਜੀ ਦੁਆਰਾ ਮਿਲੇ ਸੰਸਕਾਰਾਂ ਸਦਕਾ ਸ਼ੁਰੂ ਤੋਂ ਹੀ ਹਮੇਸ਼ਾਂ ਸਮਾਜ ਨੂੰ ਸਕਾਰਾਤਮਕ ਸੇਧ ਦੇਣ ਦਾ ਮੇਰਾ ਸੁਪਨਾ ਰਿਹਾ। ਜਿਹੜਾ ਕਿ ਸੋਸ਼ਲ-ਮੀਡੀਆ ਦੁਆਰਾ ਮੈਨੂੰ ਸੰਪੂਰਨ ਹੁੰਦਾ ਦਿਸ ਰਿਹਾ ਹੈ।” ਆਪਣਾ ਸੰਦੇਸ਼ ਦਿੰਦਿਆਂ ਉਸ ਕਿਹਾ,” ਜੋ ਅੱਜ-ਕੱਲ ਸਾਡੇ ਸਮਾਜ ਨੂੰ ਅਤੇ ਨਵੀ ਪੀੜੀ ਨੂੰ ਗੀਤਾਂ ਵਿਚ ਅਸ਼ਲੀਲਤਾ ਅਤੇ ਹਥਿਆਰਾਂ ਦੇ ਰੂਪ ਵਿਚ ਪ੍ਰੋਸਿਆ ਜਾ ਰਿਹਾ, ਉਹ ਬਹੁਤ ਹੀ ਚਿੰਤਾ ਜਨਕ ਗੱਲ ਹੈ, ਜਿਸ ਨੂੰ ਨੱਥ ਪਾਓਣ ਲਈ ਸਾਨੂੰ ਸਭਨਾਂ ਨੂੰ ਇਕ-ਜੁੱਟ ਹੋਣ ਦੀ ਅਤੀਅੰਤ ਜਰੂਰਤ ਹੈ। ਇਸ ਦੇ ਨਾਲ ਹੀ ਸਰਕਾਰ ਪੱਧਰ ਤੇ ਵੀ ਕਾਨੂੰਨ ਸਖਤ ਬਣਾਏ ਜਾਣ ਦੀ ਲੋੜ ਹੈ।”
ਕਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਪਿਛਲੇ 19 ਸਾਲਾਂ ਤੋਂ ਆਪਣੇ ਜੀਵਨ-ਸਾਥੀ ਅਤੇ ਗ੍ਰਹਿਸਥੀ ਬਗੀਚੀ ਦੇ ਫੁੱਲ ਅਰਮਾਨ ਅਤੇ ਅਰਜਨ ਨਾਲ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖ਼ਿਆਲ-ਸਮੁੰਦਰਾਂ ਵਿਚ ਅੱਠੇ ਪਹਿਰ ਤਾਰੀਆਂ ਲਾਉਣ ਵਾਲੀ, ਸੂਰਤ ਤੇ ਸੀਰਤ ਦਾ ਸੁਮੇਲ, ਪ੍ਰਵਾਸੀ ਮੁਟਿਆਰ ਰਸ਼ਪਾਲ ਕੌਰ ਗਿੱਲ ਦੀ ਪਾਕਿ-ਪਵਿੱਤਰ ਸੋਚ ਉਤੇ ਜਿੰਨਾ ਮਾਣ ਕੀਤਾ ਜਾਵੇ, ਥੋੜਾ ਹੈ।
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641

#ਬਲਬੀਰ_ਬੋਪਾਰਾਏ

#ਰਸ਼ਪਾਲ_ਕੌਰ_ਗਿੱਲ

#ਗੈਰੀ_ਸੰਧੂ,

#ਨਿਮਰਤ_ਖਹਿਰਾ

#ਸ਼ੈਰੀ_ਮਾਨ

#ਜਸਵਿੰਦਰ_ਭੱਲਾ

Leave a Reply

Your email address will not be published. Required fields are marked *