ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ : ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤੇ 35ਏ ਤਹਿਤ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਭਲਕੇ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਅੱਜ ਸ੍ਰੀਨਗਰ ਜ਼ਿਲ੍ਹੇ ਵਿੱਚ ਲਾਏ ਕਰਫ਼ਿਊ ਨੂੰ ਦੇਰ ਸ਼ਾਮ ਚੁੱਕ ਲਿਆ ਗਿਆ। ਡਿਪਟੀ ਕਮਿਸ਼ਨਰ ਸ਼ਾਹਿਦ ਚੌਧਰੀ ਨੇ ਕਿਹਾ ਕਿ ਦੇਰ ਸ਼ਾਮ ਖੇਤਰ ਵਿੱਚ ਹਾਲਾਤ ਦੀ ਸਮੀਖਿਆ ਮਗਰੋਂ ਕਰਫਿਊ ਨੂੰ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ ਕਰਫਿਊ ਬੁੱਧਵਾਰ ਤਕ ਆਇਦ ਰਹਿਣਾ ਸੀ। ਹੁਕਮਾਂ ’ਚ ਹਾਲਾਂਕਿ ਸਾਫ਼ ਕਰ ਦਿੱਤਾ ਗਿਆ ਹੈ ਕੋਵਿਡ-19 ਕਰਕੇ ਮੌਜੂੁਦਾ ਹਾਲਾਤ ਦੇ ਮੱਦੇਨਜ਼ਰ ਧਾਰਾ 144 ਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਜਾਰੀ ਪਾਬੰਦੀਆਂ ਦੇ ਹੁਕਮ ਪਹਿਲਾਂ ਵਾਂਗ ਜਾਰੀ ਰਹਿਣਗੇ। ਇਸ ਦੌਰਾਨ ਦਹਿਸ਼ਤਗਰਦਾਂ ਨੇ ਰਾਤ ਨੌਂ ਵਜੇ ਦੇ ਕਰੀਬ ਪੁਲਵਾਮਾ ਜ਼ਿਲ੍ਹੇ ਦੇ ਵਾਨਪੋਰਾ ਵਿੱਚ ਪੁਲੀਸ ਬੰਕਰ ’ਤੇ ਹੱਥਗੋਲਾ ਸੁੱਟਿਆ। ਦਹਿਸ਼ਤਗਰਦਾਂ ਨੇ ਪੁਲੀਸ ਟੁਕੜੀ ’ਤੇ ਫਾਇਰਿੰਗ ਵੀ ਕੀਤੀ, ਜਿਸ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਲੱਗੀਆਂ।

ਇਸ ਤੋਂ ਪਹਿਲਾਂ ਅਥਾਰਿਟੀਜ਼ ਨੇ ਵੱਖਵਾਦੀਆਂ ਤੇ ਪਾਕਿਸਤਾਨ ਦੀ ਸਰਪ੍ਰਸਤੀ ਹਾਸਲ ਜਥੇਬੰਦੀਆਂ ਵੱਲੋਂ 5 ਅਗਸਤ ਨੂੰ ‘ਕਾਲੇ ਦਿਨ’ ਵਜੋਂ ਮਨਾਉਣ ਦੇ ਦਿੱਤੇ ਸੱਦੇ ਕਰਕੇ ਹਿੰਸਕ ਪ੍ਰਦਰਸ਼ਨਾਂ ਦਾ ਖ਼ਦਸ਼ਾ ਪ੍ਰਗਟਾਇਆ ਸੀ। ਇਹਤਿਆਤ ਵਜੋਂ ਵਾਦੀ ਦੇ ਚੱਪੇ ਚੱਪੇ ’ਤੇ ਪੁਲੀਸ ਤੇ ਸੀਆਰਪੀਐੱਫ ਦਾ ਵੱਡਾ ਅਮਲਾ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਵਿੱਚ ਅਮਨ ਭੰਗ ਕਰਨ ਦੀਆਂ ਵੱਖਵਾਦੀਆਂ ਦੀ ਕਿਸੇ ਵੀ ਯੋਜਨਾ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਅਥਾਰਿਟੀਜ਼ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਸ੍ਰੀਨਗਰ ਤੇ ਵਾਦੀ ਦੇ ਹੋਰਨਾਂ ਹਿੱਸਿਆਂ ਵਿੱਚ ਕਰਫਿਊ ਲਾਇਆ ਜਾ ਸਦਾ ਹੈ। ਅਥਾਰਿਟੀਜ਼ ਨੇ ਉਸ ਮੌਕੇ ਵੱਖਵਾਦੀਆਂ ਤੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਜਥੇਬੰਦੀਆਂ ਵੱਲੋਂ 5 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦੇ ਕੀਤੇ ਐਲਾਨ ਦੇ ਹਵਾਲੇ ਨਾਲ ਹਿੰਸਕ ਪ੍ਰਦਰਸ਼ਨਾਂ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਪ੍ਰਗਟਾਇਆ ਸੀ।

ਚੌਧਰੀ ਨੇ ਕਿਹਾ ਕਿ ਵੱਡੇ ਪੱਧਰ ’ਤੇ ਲੋਕਾਂ ਦੇ ਇਕੱਠੇ ਹੋਣ ਨਾਲ ਕੋਵਿਡ ਨੂੰ ਠੱਲ੍ਹਣ ਲਈ ਹੁਣ ਤੱਕ ਕੀਤੇ ਯਤਨਾਂ ਨੂੰ ਨੁਕਸਾਨ ਪੁੱਜ ਸਕਦਾ ਹੈ। ਚੌਧਰੀ ਨੇ ਕਿਹਾ ਕਿ ਲੋਕਾਂ ਦੀ ਆਮਦੋਰਫ਼ਤ ਤੇ ਇਕੱਠੇ ਹੋਣ ’ਤੇ ਪਾਬੰਦੀ, ਲਾਗ ਨੂੰ ਫੈਲਣ ਤੋਂ ਰੋਕਣ ਤੇ ਖਾਸ ਕਰਕੇ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਲਾਈ ਗਈ ਹੈ। ਮੈਡੀਕਲ ਐਮਰਜੈਂਸੀ ਤੇ ਕੋਵਿਡ-19 ਡਿਊਟੀ ਵਿੱਚ ਲੱਗੇ ਸਟਾਫ਼ ਨੂੰ ਆਮਦੋਰਫ਼ਤ ’ਚ ਛੋਟ ਉਨ੍ਹਾਂ ਨੂੰ ਜਾਰੀ ਪਾਸ/ਵੈਧ ਕਾਰਡਾਂ ਤਹਿਤ ਪਹਿਲਾਂ ਵਾਂਗ ਜਾਰੀ ਰਹੇਗੀ।

Leave a Reply

Your email address will not be published. Required fields are marked *