ਭਾਰਤ-ਚੀਨ ਤਣਾਅ ਲੰਮਾ ਖਿਚਣ ਦੀ ਸੰਭਾਵਨਾ: ਰੱਖਿਆ ਮੰਤਰਾਲਾ

ਨਵੀਂ ਦਿੱਲੀ : ਭਾਰਤ ਦੇ ਰੱਖਿਆ ਮੰਤਰਾਲੇ ਨੇ ਚਿਤਾਵਨੀ ਦਿੱਤੀ ਸੀ ਕਿ ਚੀਨ ਨਾਲ ਕਈ ਗੇੜਾਂ ਦੀ ਗੱਲਬਾਤ ਦੇ ਬਾਵਜੂਦ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਇਲਾਕੇ ਸਬੰਧੀ ਚੱਲ ਰਿਹਾ ਵਿਵਾਦ ਅਜੇ ਹੋਰ ਲੰਮਾ ਜਾ ਸਕਦਾ ਹੈ ਹਾਲਾਂਕਿ ਇਹ ਬਿਆਨ ਮੰਤਰਾਲੇ ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ।

ਮੰਤਰਾਲੇ ਨੇ ਜੂਨ ਮਹੀਨੇ ਦੀ ਪਾਈ ਜਾਣਕਾਰੀ (ਜੋ ਕਿ ਹੁਣ ਹਟਾ ਦਿੱਤੀ ਗਈ ਹੈ) ’ਚ ਕਿਹਾ ਸੀ ਕਿ ਚੀਨੀ ਫੌਜਾਂ ਨੇ 17-18 ਮਈ ਨੂੰ ਲੱਦਾਖ ’ਚ ਭਾਰਤੀ ਮਲਕੀਅਤ ਵਾਲੇ ਕੁਗਰੰਗ ਨਾਲਾ ਤੇ ਗੋਗਰਾ ਇਲਾਕੇ ਅਤੇ ਪੈਂਗੌਂਗ ਝੀਲ ਵਾਲੇ ਇਲਾਕੇ ’ਚ ਘੁਸਪੈਠ ਕੀਤੀ ਸੀ। ਰੱਖਿਆ ਮੰਤਰਾਲੇ ਨੇ ਕਿਹਾ ਸੀ, ‘ਚੀਨ ਨਾਲ ਸਹਿਮਤੀ ਬਣਾਉਣ ਲਈ ਫੌਜੀ ਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਜਾਰੀ ਹੈ ਪਰ ਮੌਜੂਦਾ ਵਿਵਾਦ ਲੰਮਾ ਚੱਲਣ ਦੇ ਆਸਾਰ ਹਨ।’ ਮੰਤਰਾਲੇ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਸਰਕਾਰ ਨੇ ਕਿਹਾ ਸੀ ਕਿ ਚੀਨ ਨਾਲ ਹਿੰਸਕ ਝੜਪ ’ਚ 20 ਭਾਰਤੀ ਜਵਾਨਾਂ ਦਾ ਜਾਣਾ ਗਆਂਢੀ ਮੁਲਕ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਹਿੰਸਕ ਘਟਨਾ ਹੈ। ਦੂਜੇ ਪਾਸੇ ਚੀਨ ਨੇ ਇਸ ਘਟਨਾ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ’ਚ ਚੀਨ ਦੇ ਲਗਾਤਾਰ ਘੁਸਪੈਠ ਕੀਤੇ ਜਾਣ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਹਾਲਾਤ ਨਾਲ ਨਜਿੱਠਣ ਲਈ ਇਸ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਕਾਰਵਾਈ ਕਰਨ ਦੀ ਲੋੜ ਹੈ। ਮੰਤਰਾਲੇ ਅਨੁਸਾਰ ਪੰਜ ਮਈ ਤੋਂ ਬਾਅਦ ਕੰਟਰੋਲ ਰੇਖਾ ਨੇੜੇ ਅਤੇ ਗਲਵਾਨ ਘਾਟੀ ’ਚ ਚੀਨ ਦੀ ਘੁਸਪੈਠ ਲਗਾਤਾਰ ਵੱਧ ਰਹੀ ਹੈ ਅਤੇ 17 ਤੇ 18 ਮਈ ਨੂੰ ਚੀਨ ਨੇ ਕੁਗਰੰਗ ਨਾਲਾ, ਗੋਗਰਾ ਤੇ ਪੈਂਗੌਗ ਝੀਲ ਕੇ ਉੱਤਰੀ ਕਿਨਾਰੇ ’ਚ ਘੁਸਪੈਠ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਮਸਲਾ ਸੁਲਝਾਉਣ ਲਈ ਜ਼ਮੀਨੀ ਪੱਧਰ ਦੀ ਗੱਲਬਾਤ ਵੀ ਕੀਤੀ ਗਈ। 6 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਵੀ ਕੀਤੀ ਗਈ ਪਰ 15 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਰਿਪੋਰਟ ਅਨੁਸਾਰ ਕੋਰ ਕਮਾਂਡਰ ਪੱਧਰ ਦੀ ਦੂਜੀ ਮੀਟਿੰਗ 22 ਜੂਨ ਨੂੰ ਹੋਈ, ਜਿਸ ’ਚ ਫੌਜਾਂ ਪਿੱਛੇ ਹਟਾਉਣ ਬਾਰੇ ਚਰਚਾ ਕੀਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਫੌਜੀ ਤੇ ਕੂਟਨੀਤਕ ਪੱਧਰ ਦੀ ਗੱਲਬਾਤ ਜਾਰੀ ਰਹਿਣ ਦੇ ਬਾਵਜੂਦ ਦੋਵਾਂ ਮੁਲਕਾਂ ਵਿਚਾਲੇ ਚੱਲ ਰਿਹਾ ਵਿਵਾਦ ਲੰਮਾ ਖਿੱਚਿਆ ਜਾ ਸਕਦਾ ਹੈ। ਇਸ ਰਿਪੋਰਟ ਦੇ ਅਖੀਰ ’ਚ ਕਿਹਾ ਗਿਆ, ‘ਹਾਲਾਤ ਨੂੰ ਦੇਖਦਿਆਂ ਹੋਇਆ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’

ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਹੁਣ ਗੱਲਬਾਤ ਦੇ ਪੰਜ ਗੇੜ ਮੁਕੰਮਲ ਹੋ ਚੁੱਕੇ ਹਨ। ਇਸ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਚੀਨ ਦਾ ਪੂਰਬੀ ਲੱਦਾਖ ’ਚੋਂ ਫੌਜਾਂ ਪਿੱਛੇ ਹਟਾਉਣ ਦਾ ਕੋਈ ਇਰਾਦਾ ਨਹੀਂ ਹੇ ਤੇ ਭਾਰਤੀ ਅਧਿਕਾਰੀਆਂ ਵੱਲੋਂ ਫੌਜਾਂ ਨੂੰ ਲੰਮੇ ਸਮੇਂ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।

ਦਸਤਾਵੇਜ਼ ਹਟਾਉਣ ਨਾਲ ਸੱਚ ਨਹੀਂ ਬਦਲਣਾ: ਰਾਹੁਲ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਉਹ ਰਿਪੋਰਟ ਕਿਉਂ ਹਟਾ ਦਿੱਤੀ ਗਈ ਹੈ ਜਿਸ ’ਚ ਖੁਲਾਸਾ ਕੀਤਾ ਗਿਆ ਸੀ ਕਿ ਮਈ ਮਹੀਨੇ ਚੀਨ ਨੇ ਪੂਰਬੀ ਲੱਦਾਖ ’ਚ ਘੁਸਪੈਠ ਕੀਤੀ ਸੀ। ਪਾਰਟੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵੈੱਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਸੱਚ ਨਹੀਂ ਬਦਲ ਜਾਣਾ। ਸ੍ਰੀ ਗਾਂਧੀ ਨੇ ਟਵੀਟ ਕੀਤਾ, ‘ਭਾਰਤ ਦੇ ਪ੍ਰਧਾਨ ਮੰਤਰੀ ’ਚ ਚੀਨ ਦਾ ਨਾਂ ਲੈਣ ਦਾ ਵੀ ਹੌਸਲਾ ਨਹੀਂ ਹੈ। ਚੀਨ ਦੇ ਭਾਰਤੀ ਇਲਾਕੇ ’ਚ ਘੁਸਪੈਠ ਕਰਨ ਤੋਂ ਮੁਨਕਰ ਹੋਣ ਤੇ ਵੈੱਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਸੱਚਾਈ ਨਹੀਂ ਬਦਲ ਜਾਣੀ।’ ਇਸੇ ਦੌਰਾਨ ਕਾਂਗਰਸ ਦੇ ਬੁਲਾਰੇ ਅਜੈ ਮਾਕਨ ਨੇ ਕਿਹਾ ਕਿ ਸਰਕਾਰ ਨੂੰ ਦੇਸ਼ ਨੂੰ ਚੀਨ ਦੀ ਘੁਸਪੈਠ ਬਾਰੇ ਸੱਚ ਦੱਸਣਾ ਚਾਹੀਦਾ ਹੈ। 

Leave a Reply

Your email address will not be published. Required fields are marked *