ਏਐੱਸਆਈ ਨੇ ਥਾਣੇ ਲਿਆ ਕੇ ਬੱਚਿਆਂ ਨੂੰ ਨੰਗਾ ਕਰਕੇ ਕੀਤੀ ਕੁੱਟਮਾਰ

ਅਜੀਤਵਾਲ : ਥਾਣਾ ਅਜੀਤਵਾਲ ਵਿਖੇ ਮੋਬਾਈਲ ਚੋਰੀ ਦੇ ਸ਼ੱਕ ਵਿਚ ਨਾਬਾਲਿਗ ਬੱਚਿਆਂ ‘ਤੇ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਬੱਚਿਆਂ ਦੇ ਮਾਤਾ ਨਵਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਮਜ਼ਦੂਰੀ ਕਰਦਾ ਹੈ ਤੇ ਉਨ੍ਹਾਂ ਦੇ ਗੁਆਂਢ ਵਿਚ ਕਿਸੇ ਵਿਅਕਤੀ ਦਾ ਕਰੀਬ 4 ਦਿਨ ਪਹਿਲਾਂ ਮੋਬਾਈਲ ਚੋਰੀ ਹੋਇਆ ਸੀ। ਉਨ੍ਹਾਂ ਦੇ ਬੱਚਿਆਂ ਬਲਕਾਰ ਸਿੰਘ (11), ਸ਼ਿਵਰਾਜ ਸਿੰਘ (9), ਆਸ਼ੂ ਰਤਨ ਸਿੰਘ (7) ‘ਤੇ ਚੋਰੀ ਦਾ ਦੋਸ਼ ਲੱਗਾ ਤਾਂ ਉਹ ਤੇ ਉਸ ਦਾ ਪਤੀ ਜਗਜੀਤ ਸਿੰਘ ਬੱਚਿਆਂ ਨੂੰ ਨਾਲ ਲੈ ਕੇ ਥਾਣੇ ਵਿਚ ਸਫ਼ਾਈ ਦੇਣ ਚਲੇ ਗਏ।

ਉਥੇ ਏਐੱਸਆਈ ਬਲਵਿੰਦਰ ਸਿੰਘ ਨੇ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਮੌਜੂਦਗੀ ਵਿਚ ਬੱਚਿਆਂ ਨੂੰ ਕਮਰੇ ਅੰਦਰ ਬੰਦ ਕਰ ਲਿਆ। ਅੰਦਰੋਂ ਉਸ ਦੇ 9 ਅਤੇ 10 ਸਾਲਾਂ ਦੇ ਬੱਚਿਆਂ ਦੀਆਂ ਚੀਕਾਂ ਸੁਣੀਆਂ ਤਾਂ ਨਵਦੀਪ ਕੌਰ ਨੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹ ਦਿੱਤਾ। ਗੁੱਸੇ ‘ਚ ਆਏ ਏਐੱਸਆਈ ਬਲਵਿੰਦਰ ਸਿੰਘ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ।

ਉਨ੍ਹਾਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਸੀ ਤਾਂ ਬੱਚੇ ਬਿਲਕੁਲ ਨੰਗੇ ਸਨ, ਉਨ੍ਹਾਂ ਦੇ ਕੁੱਟਮਾਰ ਦੇ ਨਿਸ਼ਾਨ ਸਾਫ ਦੇਖੇ ਜਾ ਰਹੇ ਸਨ। ਇਸ ਮਗਰੋਂ ਪੁਲਿਸ ਬੱਚਿਆਂ ਨੂੰ ਜਿਥੋਂ ਮੋਬਾਈਲ ਚੋਰੀ ਹੋਇਆ ਸੀ, ਉਥੇ ਵੀ ਲੈ ਕੇ ਗਈ।
ਕੁੱਟਮਾਰ ਕਰਦੇ ਸਮੇਂ ਦੋ ਹਵਾਲਾਤੀਆਂ ਨੇ ਵੀ ਬੱਚਿਆਂ ‘ਤੇ ਢਾਹੇ ਜਾ ਰਹੇ ਕਹਿਰ ‘ਤੇ ਆਖਿਆ, ‘ਉਨ੍ਹਾਂ ਨੂੰ ਕੁੱਟ ਲਵੋ ਪਰ ਬੱਚਿਆਂ ਨੂੰ ਛੱਡ ਦੇਵੋ’ ਪਰ ਪੁਲਿਸ ਨੇ ਇੰਨਾ ਕਹਿਰ ਵਰਤਾਇਆ ਕਿ ਬੱਚਿਆਂ ਦਾ ਮਲਮੂਤਰ ਵਿਚੇ ਹੀ ਨਿਕਲ ਗਿਆ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੇ ਮੈਡੀਕਲ ਕਰਵਾਉਣ ਜਾਣ ਲੱਗੇ ਤਾਂ ਪਿੰਡ ਦੇ ਦੋ ਮੋਹਤਬਰਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਪੀੜਤ ਪਰਿਵਾਰ ਨੇ ਦੱਸਿਆ ਕਿ ਮੋਬਾਈਲ ਚੋਰੀ ਹੋਣ ਦਾ ਸਮਾਂ ਸ਼ਾਮ ਪੰਜ ਵਜੇ ਦੱਸਿਆ ਗਿਆ ਹੈ ਜਦਕਿ ਉਹ ਦੁਪਹਿਰੇ ਦੋ ਵਜੇ ਬੱਚਿਆਂ ਨੂੰ ਲੈ ਕੇ ਜਗਰਾਓਂ ਦੇ ਨੇੜੇ ਸ਼ੇਖ ਦੌਲਤ ਡੇਰੇ ‘ਚ ਗਏ ਸਨ। ਡੇਰੇ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਦੁਪਹਿਰੇ 2:36 ਮਿੰਟ ‘ਤੇ ਉਨ੍ਹਾਂ ਦੇ ਦਾਖ਼ਲ ਹੋਣ ਦੀ ਫੁਟੇਜ ਵੀ ਹੈ। ਉਨ੍ਹਾਂ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਰਾਹੀਂ ਇਨਸਾਫ਼ ਦੀ ਮੰਗ ਕੀਤੀ ਹੈ।

ਨਹੀਂ ਮਿਲ ਰਹੇ ਪੁਲਿਸ ਵਾਲਿਆਂ ਦੇ ਬਿਆਨ!
ਉਧਰ, ਪੁਲਿਸ ਮੁਲਾਜ਼ਮਾਂ ਨੇ ਜੋ ਬਿਆਨ ਦਿੱਤੇ ਹਨ, ਉਹ ਆਪਸ ਵਿਚ ਹੀ ਨਹੀਂ ਮਿਲ ਰਹੇ ਹਨ। ਇਸ ਬਾਰੇ ਏਐੱਸਆਈ ਬਲਵਿੰਦਰ ਸਿੰਘ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਬੱਚਿਆਂ ਨੂੰ ਖ਼ੁਦ ਥਾਣੇ ਲੈ ਕੇ ਆਏ ਸਨ। ਉਨ੍ਹਾਂ ਕੋਲੋਂ ਪੁੱਛ-ਪੜਤਾਲ ਜ਼ਰੂਰ ਕੀਤੀ ਸੀ ਪਰ ਉਨ੍ਹਾਂ ਨੂੰ ਕੁੱਟਿਆ ਨਹੀਂ।
ਉਧਰ, ਥਾਣਾ ਮੁਖੀ ਜਸਵਿੰਦਰ ਸਿੰਘ ਨੇ ਸਾਫ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਨਹੀਂ ਅਤੇ ਨਾ ਹੀ ਬੱਚਿਆਂ ਕੋਲੋਂ ਥਾਣੇ ਅੰਦਰ ਕੋਈ ਪੁੱਛ-ਪੜਤਾਲ ਕੀਤੀ ਹੈ ਅਤੇ ਨਾ ਹੀ ਥਾਣੇ ਲਿਆਂਦਾ ਹੈ।

Leave a Reply

Your email address will not be published. Required fields are marked *