ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ : ਕਾਂਗਰਸ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਏ ਜਾਣ ਮਗਰੋਂ ਭੜਕੀ ਭੀੜ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਤਿੰਨ ਵਿਅਕਤੀ ਮਾਰੇ ਗਏ। ਪੁਲੀਸ ਕਮਿਸ਼ਨਰ ਕਮਲ ਪੰਤ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਭੰਨ-ਤੋੜ ਅਤੇ ਹਿੰਸਾ ’ਤੇ ਉਤਾਰੂ ਭੀੜ ’ਤੇ ਕਾਬੂ ਪਾਉਣ ਲਈ ਪੁਲੀਸ ਵੱਲੋਂ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਕੇਸ਼ੀ ਨਗਰ ’ਚ ਵਾਪਰੀ ਹਿੰਸਾ ਦੇ ਸਬੰਧ ’ਚ 110 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਰਾਤ ਤੋਂ ਬੁੱਧਵਾਰ ਤੜਕੇ ਤੱਕ ਜਾਰੀ ਹਿੰਸਾ ’ਚ 50 ਪੁਲੀਸ ਕਰਮੀਆਂ ਸਮੇਤ ਕਈ ਆਮ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਡੀ ਜੇ ਹਾਲੀ ਅਤੇ ਕੇ ਜੀ ਹਾਲੀ ਇਲਾਕਿਆਂ ’ਚ ਕਰਫ਼ਿਊ ਲਗਾ ਦਿੱਤਾ ਹੈ। ਭੜਕੀ ਹੋਈ ਭੀੜ ਨੇ ਕਾਂਗਰਸ ਵਿਧਾਇਕ ਅਖੰਡ ਸ੍ਰੀਨਵਾਸ ਮੂਰਤੀ ਦੀ ਰਿਹਾਇਸ਼ ਅਤੇ ਡੀ ਜੇ ਹਾਲੀ ਪੁਲੀਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ।

ਸ੍ਰੀ ਪੰਤ ਨੇ ਦੱਸਿਆ ਕਿ ਨਵੀਨ, ਜਿਸ ਨੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਈ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੇ ਦੰਗਾਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਮਾਲ ਮੰਤਰੀ ਅਸ਼ੋਕ ਨੇ ਕਾਂਗਰਸ ਵਿਧਾਇਕ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਦੰਗਾ ਸੋਚੀ-ਸਮਝੀ ਸਾਜ਼ਿਸ਼ ਸੀ। ਦੰਗਾਕਾਰੀਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਹੋਰ ਹਿੱਸਿਆਂ ’ਚ ਵੀ ਦੰਗੇ ਭੜਕਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਦੰਗਾਕਾਰੀ ਵਿਧਾਇਕ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਵਿਧਾਇਕ ਨੇ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂ ਸੀਆਈਡੀ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਘਰ ’ਚ ਮੌਜੂਦ ਨਹੀਂ ਸਨ ਅਤੇ ਕਰੀਬ ਤਿੰਨ ਹਜ਼ਾਰ ਵਿਅਕਤੀ ਪੈਟਰੋਲ ਬੰਬਾਂ ਅਤੇ ਲਾਠੀਆਂ ਨਾਲ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਵਾਹਨ ਤੇ ਘਰ ਦਾ ਸਾਮਾਨ ਸਾੜ ਦਿੱਤੇ। ਸੈਰ ਸਪਾਟਾ ਮੰਤਰੀ ਸੀ ਟੀ ਰਵੀ ਨੇ ਕਿਹਾ ਕਿ ਹਿੰਸਾ ਤੋਂ ਸਪੱਸ਼ਟ ਹੈ ਕਿ ਮੁਸਲਮਾਨਾਂ ਨੇ ਸੋਚੇ-ਸਮਝੇ ਢੰਗ ਨਾਲ ਹਮਲਾ ਕੀਤਾ ਸੀ।

ਭਾਜਪਾ ਦੇ ਸੰਸਦ ਮੈਂਬਰ ਸ਼ੋਭਾ ਕਰੰਦਲਜੇ ਨੇ ਟਵੀਟ ਕਰ ਕੇ ਕਿਹਾ ਕਿ ਹਿੰਸਾ ਦੀ ਸਾਜ਼ਿਸ਼ ਪੀਐੱਫਆਈ-ਐੱਸਡੀਪੀਆਈ ਨੇ ਘੜੀ ਸੀ ਅਤੇ ਉਨ੍ਹਾਂ ਸਿਰਫ਼ ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਇਕ ਪੀੜਤ ਦੀ ਪਛਾਣ ਯਾਸਿਨ ਪਾਸ਼ਾ ਵਜੋਂ ਹੋਈ ਹੈ ਜਿਸ ਦੇ ਪਿਤਾ ਅਫ਼ਜ਼ਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਬੇਕਸੂਰ ਸੀ ਅਤੇ ਉਹ ਅਗਜ਼ਨੀ ’ਚ ਸ਼ਾਮਲ ਨਹੀਂ ਸੀ। ਭੜਕੀ ਹੋਈ ਭੀੜ ਨੇ ਪੁਲੀਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਅਤੇ ਕਈ ਵਾਹਨਾਂ ਨੂੰ ਫੂਕ ਦਿੱਤਾ। ਉਨ੍ਹਾਂ ਵਿਧਾਇਕ ਮੂਰਤੀ ਅਤੇ ਉਸ ਦੀ ਭੈਣ ਦੇ ਘਰ ਵੀ ਭੰਨ-ਤੋੜ ਕੀਤੀ। ਵਿਧਾਇਕ ਦੀ ਭੈਣ ਜਯੰਤੀ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਅਤੇ ਪਰਿਵਾਰ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਜਦੋਂ ਹਿੰਸਾ ਹੋਈ ਤਾਂ ਉਹ ਘਰ ਨਹੀਂ ਸਨ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਪਰ ਜਦੋਂ ਹਾਲਾਤ ਵਿਗੜਦੇ ਗਏ ਤਾਂ ਫਾਇਰਿੰਗ ਕੀਤੀ ਗਈ।

Leave a Reply

Your email address will not be published. Required fields are marked *