ਸੰਗਤਾਂ ‘ਚ ਭਾਰੀ ਰੋਸ : ਦੋਖੀਆਂ ਨੇ ਗੁਰਦੁਆਰਾ ਸਾਹਿਬ ’ਚ ਲਹਿਰਾ ਦਿੱਤਾ ਤਿਰੰਗਾ

ਮੋਗਾ : ਪਿੰਡ ਢੁੱਡੀਕੇ ਵਿਖੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅਜ਼ਾਦੀ ਦਿਹਾੜੇ ਤੇ ਤਿਰੰਗਾ ਝੰਡਾ ਲਹਿਰਾਏ ਜਾਣ ਦੀ ਖਬਰ ਹੈ । ਪਹਿਰੇਦਾਰ ਵਲੋਂ ਇੱਕਤਰ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ 15 ਅਗਸਤ ਨੂੰ ਪਿੰਡ ਢੁੱਡੀਕੇ ਵਿਖੇ ਗੁਰਦੁਆਰਾ ਬਾਬਾ ਭਗਤ ਰਾਮ ਦੇ ਵਿਹੜੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ ਅਸਥਾਨ ਦੇ ਬਿਲਕੁਲ ਸਾਹਮਣੇ ਪੀ ਐਨ ਬੀ ਸੈਂਟੀਨਰੀ ਪੇਂਡੂ ਵਿਕਾਸ ਟਰੱਸਟ ਢੁੱਡੀਕੇ ਦੇ ਮੈਂਬਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ । ਇਸ ਸਾਰੀ ਕਾਰਵਾਈ ਦਾ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਤਾਂ ਟਰੱਸਟ ਮੈਂਬਰ ਤੁਰੰਤ ਤਿਰੰਗੇ ਝੰਡੇ ਨੂੰ ਲਾਹਕੇ ਲੈ ਗਏ । ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਪ੍ਰੀਤ ਸਿੰਘ ਨੇ ਪਹਿਰੇਦਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਅੰਦਰ ਟਰੱਸਟ ਲਈ ਜਗ੍ਹਾ ਦਿੱਤੀ ਸੀ ਜਿਸ ਨੂੰ ਨਵੀ ਕਮੇਟੀ ਨੇ ਭੰਗ ਕਰ ਦਿੱਤਾ ਸੀ ਕੁਝ ਦਿਨ ਪਹਿਲਾਂ ਟਰੱਸਟ ਨੇ ਥੋੜੇ ਸਮੇਂ ਲਈ ਜਗ੍ਹਾ ਮੰਗੀ ਜਿਸ ਤੇ ਕੁਝ ਪਿੰਡ ਆਦਮੀਆਂ ਅਤੇ ਪੀ ਐਨ ਬੀ ਬੈਂਕ ਦੇ ਮੁਲਾਜਮਾਂ ਸਮੇਤ ਟਰੱਸਟੀਆਂ ਨੇ ਅਜ਼ਾਦੀ ਦਿਹਾੜੇ ਤੇ ਤਿਰੰਗਾ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬਿਨਾਂ ਕਮੇਟੀ ਦੀ ਆਗਿਆ ਦੇ ਲਹਿਰਾ ਦਿੱਤਾ ਜਦੋਂ ਕੇ ਪਹਿਲਾਂ ਇਹ ਝੰਡਾ ਹਰ ਸਾਲ ਲਾਲਾ ਲਾਜਪਤ ਰਾਏ ਮੈਮੋਰੀਅਲ ਵਿਖੇ ਝੂਲਾਇਆ ਜਾਂਦਾ ਹੈ ।
ਗੁਰਦੁਆਰਾ ਸਾਹਿਬ ਚ ਇਸ ਦਾ ਅਸੀਂ ਮੌਕੇ ਤੇ ਵਿਰੋਧ ਕੀਤਾ ਅਤੇ ਇਥੋਂ ਪੀ ਐਨ ਬੀ ਬੈਂਕ ਦੇ ਮੁਲਾਜਮ ਅਤੇ ਟਰੱਸਟੀ ਝੰਡਾ ਉਤਾਰਕੇ ਲੈ ਗਏ । ਇਸ ਘਟਨਾਂ ਪਿੱਛੋਂ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ ਅਤੇ ਪੀ ਐਨ ਬੀ ਟਰੱਸਟ ਦੇ ਇੱਕ ਮੈਂਬਰ ਵਲੋਂ ਕਮੇਟੀ ਤੋਂ ਅਸਤੀਫਾ ਦੇਣ ਦੀ ਵੀ ਖਬਰ ਹੈ ਜਿਸਦੀ ਪੁਸਟੀ ਨਹੀਂ ਹੋ ਸਕੀ । ਗੁਰਦੁਆਰਾ ਕਮੇਟੀ ਨੇ ਇੱਕ ਲਿਖਤੀ ਸਿਕਾਇਤ ਇਹਨਾਂ ਲੋਕਾਂ ਖਿਲਾਫ ਥਾਣਾ ਅਜੀਤਵਾਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਗਈ ਹੈ। ਪਹਿਰੇਦਾਰ ਨਾਲ ਗੱਲਬਾਤ ਕਰਦੇ ਹੋਏ ਸਤਵਿੰਦਰ ਸਿੰਘ ਟੋਨੀ, ਕਮਲਜੀਤ ਸਿੰਘ ਲਾਲੀ, ਹਰਜੋਤ ਸਿੰਘ ਅਤੇ ਹਰਭਲਿੰਦਰ ਸਿੰਘ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਇਸ ਘਟਨਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਕੌਮ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ । ਉਹਨਾਂ ਕਿਹਾ ਕਿ ਅਜਿਹੇ ਲੋਕ ਪਿੰਡ ਅਤੇ ਕੌਮਾਂ ਵਿੱਚ ਵੰਡੀਆਂ ਪਾ ਦਿੰਦੇ ਹਨ । ਇਸ ਸੰਬੰਧੀ ਪੀ ਐਨ ਬੀ ਟਰੱਸਟੀਆਂ ਨਾਲ ਸੰਪਰਕ ਨਹੀਂ ਹੋ ਸਕਿਆ ।