ਐੱਸਆਈਟੀ ਦੀ ਜਾਂਚ ‘ਚ ਸਿੱਖ ਪ੍ਰਚਾਰਕਾਂ ਸਮੇਤ 23 ਵਿਅਕਤੀ ਬੇਕਸੂਰ

ਫਰੀਦਕੋਟ : ਗੋਲੀਕਾਂਡ ਮਾਮਲਿਆਂ ਦੀ ਪੜਤਾਲ ਕਰ ਰਹੇ ਆਈ.ਜੀ ਕੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਸਪੈਸਲ ਇੰਨਵੈਸਟੀਗੇਸ਼ਨ ਟੀਮ ਨੇ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਵਿੱਚ ਹਿੰਸਕ ਪ੍ਰਦਰਸਨ ਕਰਨ ਦੇ ਇਲਜ਼ਾਮ ਵਿੱਚ ਨਾਮਜ਼ਦ ਸਿੱਖ ਜੱਥੇਬੰਦੀਆਂ ਦੇ ਅਧਿਕਾਰੀਆਂ, ਵਰਕਰਾਂ ਸਮੇਤ 23 ਲੋਕਾਂ ਨੂੰ ਬੇਕਸੂਰ ਪਾਇਆ ਹੈ। ਇਸ ਸਾਰਿਆਂ ਨੂੰ ਸਿੱਟ ਨੇ ਇਸ ਕੇਸ ਦੀ ਠੀਕ ਢੰਗ ਨਾਲ ਜਾਂਚ ਨਹੀਂ ਕਰਨ, ਰਿਕਾਰਡ ਵਿੱਚ ਹੇਰਫੇਰ ਕਰਨ ਦੇ ਮਾਮਲੇ ਵਿੱਚ ਤਤਕਾਲੀਨ ਐੱਸਐੱਚਓ ਅਤੇ ਡੀਐੱਸਪੀ ਦੇ ਖਿਲਾਫ ਅਦਾਲਤ ਵਿੱਚ ਦਰਜ ਚਾਰਜਸ਼ੀਟ ਵਿੱਚ ਬੇਗੁਨਾਹ ਕਰਾਰ ਦਿੰਦੇ ਹੋਏ, ਉਨ੍ਹਾਂ ਨੂੰ ਖਾਨਾ ਨੰਬਰ ਦੋ ਵਿੱਚ ਰੱਖਿਆ ਹੈ।
ਜਾਣਕਾਰੀ ਅਨੁਸਾਰ, ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਥਾਨਾ ਸਿਟੀ ਕੋਟਕਪੂਰਾ ਪੁਲਿਸ ਨੇ ਹਿੰਸਕ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਵਿੱਚ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਅਵਤਾਰ ਸਿੰਘ ਸਾਂਧਾਵਾਲਾ, ਸਿੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਵਿੱਚੋਂ ਸਰਬਜੀਤ ਸਿੰਘ ਧੁੰਦਾ, ਗਿਆਨੀ ਕੇਵਲ ਸਿੰਘ, ਦਲੇਰ ਸਿੰਘ, ਭਾਈ ਹਰਜੀਤ ਸਿੰਘ, ਸੁਖਜੀਤ ਸਿੰਘ ਖੋਸਾ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਢਪਾਲੀ, ਗੁਰਪ੍ਰੀਤ ਸਿੰਘ ਢੱਡਰੀਆਂ, ਗੁਰਸੇਵਕ ਸਿੰਘ ਆਦਿ ਕੁਲ 15 ਨਾਮਜਦ ਅਤੇ ਹੋਰ ਅਗਿਆਤ ਲੋਕਾਂ ਦੇ ਖਿਲਾਫ ਇਰਾਦਾ ਏ ਕਤਲ ਸਮੇਤ ਹੋਰ ਗੰਭੀਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਸੇ ਦਿਨ ਕੇਸ ਵਿੱਚ ਨਾਮਜਦ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੋਂ ਇਲਾਵਾ 8 ਹੋਰ ਲੋਕਾਂ ਮੰਦਰ ਸਿੰਘ ਬਰਨਾਲਾ, ਰਛਪਾਲ ਸਿੰਘ ਕੋਠੇ ਵਡਿੰਗ, ਬਲਪ੍ਰੀਤ ਸਿੰਘ ਮੋਗਾ, ਬਲਕਾਰ ਸਿੰਘ ਬਠਿੰਡਾ, ਬੱਗਾ ਸਿੰਘ ਮਾਨਸਾ, ਜਗਰੂਪ ਸਿੰਘ, ਬੇਅੰਤ ਸਿੰਘ ਕੋਟਕਪੂਰਾ ਅਤੇ ਹਰਵਿੰਦਰ ਸਿੰਘ ਬਰਨਾਲਾ ਨੂੰ ਗਿਰਫਤਾਰ ਕੀਤਾ ਸੀ, ਜਿੰਨ੍ਹਾਂ ਨੂੰ ਦੋ ਦਿਨ ਬਾਅਦ 16 ਅਕਤੂਬਰ ਨੂੰ ਰਿਹਾ ਕੀਤਾ ਗਿਆ ਸੀ। ਹੁਣ ਇਸ ਕੇਸ ਵਿੱਚ ਗੋਲੀਕਾਂਡ ਘਟਨਾਵਾਂ ਦੀ ਪੜਤਾਲ ਕਰ ਰਹੀ ਸਿੱਟ ਦੇ ਪ੍ਰਮੁੱਖ ਮੈਂਬਰ ਅਤੇ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਕੇਸ ਦੇ ਸ਼ਿਕਾਇਤ ਕਰਤਾ ਅਤੇ ਤਤਕਾਲੀਨ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਤਤਕਾਲੀਨ ਡੀਐੱਸਪੀ ਬਲਜੀਤ ਸਿੰਘ ਸਿੱਧੂ ਨੂੰ ਨਾਮਜਦ ਕੀਤਾ ਜਾ ਚੁੱਕਿਆ ਹੈ ਅਤੇ ਤਿੰਨ ਦਿਨ ਪਹਿਲਾਂ ਅਦਾਲਤ ਵਿੱਚ ਇੰਨ੍ਹਾਂ ਦੋਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਵੀ ਦਾਖਲ ਕਰ ਦਿੱਤੀ ਹੈ।

Leave a Reply

Your email address will not be published. Required fields are marked *