ਬੈਂਗਲੁਰੂ ਹਿੰਸਾ ‘ਚ 58 ਹੋਰ ਗ੍ਰਿਫ਼ਤਾਰ, ਮਨਾਹੀ ਦੇ ਹੁਕਮਾਂ ਦੀ ਮਿਆਦ ਵਧਾਈ

ਬੈਂਗਲੁਰੂ: ਬੈਂਗਲੁਰੂ ਦੇ ਡੀਜੇ ਹੱਲੀ ਤੇ ਕੇਜੀ ਹੱਲੀ ਇਲਾਕਿਆਂ ਵਿਚ ਬੀਤੇ ਦਿਨੀਂ ਹੋਈ ਹਿੰਸਾ ਦੇ ਮਾਮਲੇ ਵਿਚ 58 ਹੋਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਦੰਗਾ, ਲੁੱਟਮਾਰ, ਅਗਜ਼ਨੀ ਤੇ ਜਨਤਕ ਜਾਇਦਾਦਾਂ ਨੂੰ ਬਰਬਾਦ ਕਰਨ ਸਮੇਤ ਭਾਰਤੀ ਦੰਡਾਵਲੀ ਦੀਆਂ ਕਈ ਧਾਰਾਵਾਂ ਵਿਚ ਕੁੱਲ 52 ਮੁਕੱਦਮੇ ਦਰਜ ਕੀਤੇ ਗਏ ਹਨ। ਉਧਰ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਲਾਗੂ ਧਾਰਾ-144 ਨੂੰ 18 ਅਗਸਤ ਯਾਨੀ ਮੰਗਲਵਾਰ ਸਵੇਰ ਤਕ ਲਈ ਵਧਾ ਦਿੱਤਾ ਗਿਆ ਹੈ।

ਬੈਂਗਲੁਰੂ ਈਸਟ ਦੇ ਪੁਲਿਸ ਉਪ ਕਮਿਸ਼ਨਰ ਐੱਸਡੀ ਸ਼ਰਨੱਪਾ ਨੇ ਐਤਵਾਰ ਨੂੰ ਦੱਸਿਆ ਕਿ ਅਸੀਂ ਸ਼ੁੱਕਰਵਾਰ ਤੋਂ ਹੁਣ ਤਕ 58 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਦੱਗਿਆਂ ਦੇ ਮਾਮਲੇ ਵਿਚ ਹੁਣ ਤਕ 264 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੁਲਜ਼ਮ ਸਾਡੀ ਹਿਰਾਸਤ ਵਿਚ ਹਨ ਅਤੇ ਅਸੀਂ ਉਨ੍ਹਾਂ ਤੋਂ ਪੁੱਛਗਿਛ ਕਰ ਰਹੇ ਹਾਂ। ਬਾਕੀ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਦੰਗਾ ਭੜਕਾਉਣ ਦੇ ਦੋਸ਼ ਵਿਚ ਨਗਾਵਰਾ ਦੀ ਕਾਂਗਰਸੀ ਕੌਂਸਲਰ ਇਰਸ਼ਾਦ ਬੇਗ਼ਮ ਦੇ ਪਤੀ ਕਲੀਮ ਪਾਸ਼ਾ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ।

ਕਰਨਾਟਕ ਦੇ ਪੁਲਕੇਸ਼ੀਨਗਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਅਖੰਡ ਸ਼੍ਰੀਨਿਵਾਸ ਮੂਰਤੀ ਦੇ ਭਤੀਜੇ ਨਵੀਨ ਦੇ ਫੇਸਬੁੱਕ ਪੋਸਟ ਨੂੰ ਲੈ ਕੇ ਲੰਘੇ ਮੰਗਲਵਾਰ ਦੀ ਰਾਤ ਖੇਤਰ ਵਿਚ ਜ਼ਬਰਦਸਤ ਹਿੰਸਾ ਭੜਕ ਗਈ ਸੀ। ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਵਿਧਾਇਕ ਸ਼੍ਰੀਨਿਵਾਸ ਦੀ ਕੋਠੀ ਤਕ ਸਾੜ ਦਿੱਤੀ ਸੀ। ਡੀਜੇ ਹੱਲੀ ਥਾਣੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਹਿੰਸਾ ਵਿਚ 50 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ ਸਨ।

ਦੰਗਾਕਾਰੀਆਂ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ ਸੀ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਛੱਡੀ ਗਈ ਅੱਥਰੂ ਗੈਸ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਸਈਦ ਨਦੀਮ (24) ਦੀ ਵੀ ਸ਼ਨਿਚਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਦੰਗਿਆਂ ਤੋਂ ਬਾਅਦ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ ਤੇ ਤੇ ਸਰਕਾਰੀ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਨੂੰ ਪੇਟ ਵਿਚ ਸੱਟ ਲੱਗੀ ਸੀ।

Leave a Reply

Your email address will not be published. Required fields are marked *