ਤਿਹਾੜ ਜੇਲ ਵਿਚ ਜਨਸੰਘੀਆਂ ਦੀ ਟਹਿਲ ਸੇਵਾ ਤੋਂ ਅਕਾਲੀ ਕੈਦੀ ਬਾਗੋ ਬਾਗ ਹੋਏ-ਸਤਨਾਮ ਸਿੰਘ ਚਾਹਲ

ਜੇਲ ਦੀ ਕੈਦ ਵਰਗਾ ਸ਼ਬਦ ਕੇਵਲ ਉਹਨਾਂ ਲੋਕਾਂ ਲਈ ਹੀ ਇਤਨਾ ਡਰਾਉਣਾ ਤੇ ਭਿਆਨਕ ਸ਼ਬਦ ਹੈ ਜਿਹਨਾਂ ਲੋਕਾਂ ਦੀ ਕੋਈ ਸਿਆਸੀ ਪਹੁੰਚ ਨਹੀਂ ਹੁੰਦੀ। ਲੇਕਿਨ ਜੇਲ ਦੀ ਕੈਦ ਵਾਲਾ ਸ਼ਬਦ ਉਹਨਾਂ ਲੋਕਾਂ ਲਈ ਤਾਂ ਕੇਵਲ ਇਕ ਸੁਸਰਾਲ ਦੇ ਘਰ ਵਰਗਾ ਹੀ ਹੁੰਦਾ ਹੈ ਜਿਹਨਾਂ ਲੋਕਾਂ ਦਾ ਕੋਈ ਸਿਆਸੀ ਕਦ ਕਾਠ ਜਾਂ ਰੁਤਬਾ ਹੁੰਦਾ ਹੈ ਕਿਉਂਕਿ ਅਜਿਹੇ ਕੈਦੀਆਂ ਨੂੰ ਜੇਲ ਵਿਚ ਕੈਦ ਭੁਗਤਣ ਸਮੈਂ ਘਰ ਨਾਲੋਂ ਵੀ ਵਧੀਆ ਸੁਖ ਸਹੂਲਤਾਂ ਉਹਨਾਂ ਦੇ ਅਸਰ ਰਸੂਖ ਜਾਂ ਜੇਲ ਮੈਨੂਅਲ ਅਨੁਸਾਰ ਮਿਲਦੀਆਂ ਰਹਿੰਦੀਆਂ ਹਨ। ਇਸ ਲਈ ਜੇਲਾਂ ਅੰਦਰ ਖਤਰਨਾਕ ਜੁਰਮ ਕਰਨ ਵਾਲੇ ਕੈਦੀ ਵੀ ਕਈ ਵਾਰ ਸ਼ਾਹੀ ਠਾਠ ਨਾਲ ਆਪਣੀ ਕੈਦ ਕਟਦੇ ਰਹਿੰਦੇ ਹਨ।

ਜੇਲਾਂ ਅੰਦਰ ਕੈਦ ਕਟ ਰਹੇ ਸਿਆਸੀ ਕੈਦੀਆਂ ਦੀ ਹਾਲਤ ਉਸ ਵਕਤ ਤਰਸਯੌਗ ਹੁੰਦੀ ਹੈ ਜਦੋਂ ਉਹਨਾਂ ਸਿਆਸੀ ਕੈਦੀਆ ਨੂੰ ਜੇਲ ਵਿਚ ਨਜਰਬੰਦ ਕਰਨ ਵਾਲੀ ਸਰਕਾਰ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ। ਲੇਕਿਨ ਜੇਕਰ ਜੇਲ ਦੇ ਪਰਸ਼ਾਂਸ਼ਨ ਉਪਰ ਉਹਨਾਂ ਸਿਆਸੀ ਕੈਦੀਆਂ ਦੀ ਹਮਖਿਆਲੀ ਕਿਸੇ ਸਿਆਸੀ ਪਾਰਟੀ ਦਾ ਦਬਦਬਾ ਹੋਵੇ ਫਿਰ ਤਾਂ ਸਮਝੋ ਇਹਨਾਂ ਸਿਆਸੀ ਕੈਦੀਆਂ ਨੂੰ ਘਰ ਨਾਲੋਂ ਵੀ ਵਧੀਆ ਸੁਖ ਸਹੂਲਤਾਂ ਮਿਲ ਜਾਣੀਆਂ ਕੋਈ ਅਚੰਭੇ ਵਾਲੀ ਗਲ ਨਹੀਂ ਹੁੰਦੀ। ਇਹੋ ਜਿਹੀਆ ਸੁਖ ਸਹੂਲਤਾਂ ਦਾ ਆਨੰਦ ਤਿਹਾੜ ਜੇਲ ਵਿਚ ਨਜਰਬੰਦ ਅਕਾਲੀ ਆਗੂ ਉਸ ਸਮੇਂ ਮਾਣਦੇ ਰਹੇ ਜਦੋ ਦਿੱਲੀ ਦੇ ਪਰਸ਼ਾਸ਼ਨ ਉਪਰ ਉਸ ਵੇਲੇ ਦੀ ਜਨਸੰਘ ਪਾਰਟੀ ਦਾ ਕਬਜਾ ਸੀ। ਦਿਲੀ ਦੇ ਪਰਸ਼ਾਂਸ਼ਨ ਉਪਰ ਜਨਸੰਘ ਦਾ ਕਬਜਾ ਹੋਣ ਕਰਕੇ ਤਿਹਾੜ ਜੇਲ ਦੇ ਪਰਬੰਧ ਨੂੰ ਵੀ ਜਨਸੰਘ ਪਾਰਟੀ ਦੇ ਕਬਜੇ ਵਾਲੀ ਕਾਰਪੋਰੇਸ਼ਨ ਕੰਟਰੋਲ ਕਰਦੀ ਸੀ। ਸੋਲਾਂ ਅਗਸਤ 1971 ਨੂੰ ਜਦੋਂ ਸਾਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਗਰਿਫਤਾਰ ਕੀਤਾ ਗਿਆ ਤਾਂ ਸਾਨੂੰ ਸਭ ਤੋਂ ਪਹਿਲਾਂ ਪਹਾੜਗੰਜ ਦੇ ਪੁਲੀਸ ਸਟੇਸ਼ਨ ਵਿਚ ਲਿਜਾਇਆ ਗਿਆ ਜਿਥੇ ਪੁਲੀਸ ਅਧਿਕਾਰੀਆਂ ਨੇ ਸਾਡੀ ਗਰਿਫਤਾਰੀ ਸਬੰਧੀ ਸਾਰੀਆਂ ਸਰਕਾਰੀ ਕਾਰਵਾਈਆਂ ਨੂੰ ਪੂਰਾ ਕੀਤਾ। ਇਸ ਉਪਰੰਤ ਸਾਨੂੰ ਕੈਦੀਆਂ ਵਾਲੀਆਂ ਇਕ ਮੋਟਰ ਗਡੀ ਵਿਚ ਬਿਠਾ ਕੇ ਤਿਹਾੜ ਜੇਲ ਵਿਚ ਲਿਜਾ ਕੇ ਛਡ ਦਿਤਾ ਗਿਆ।

ਜੇਲ ਵਿਚ ਪਹੁੰਚਣ ਸਮੇਂ ਲਗਭਗ ਰਾਤ ਦੇ ਅਠ ਵਜੇ ਦਾ ਸਮਾਂ ਹੋ ਚੁਕਾ ਸੀ। ਸਾਡੇ ਤੋਂ ਪਹਿਲਾਂ ਜਥੇਦਾਰ ਸੰਤੋਖ ਸਿੰਘ ਤੇ ਸੰਤ ਫਤਹਿ ਸਿੰਘ ਆਪਣੇ ਸਾਥੀਆਂ ਸਮੇਤ ਜੇਲ ਵਿਚ ਨਜਰਬੰਦ ਸਨ। ਜੇਲ ਵਿਚ ਸਾਡੇ ਪਹੁੰਚਣ ਦੀ ਖਬਰ ਪਹੁੰਚਣ ਸਮੇਂ ਜਥੇਦਾਰ ਸੰਤੋਖ ਸਿੰਘ ਦੇ ਸਾਥੀਆਂ ਨੇ ਆਪੋ ਆਪਣੀਆਂ ਬੈਰਕਾਂ ਵਿਚ ਬੋਲੇ ਸੋ ਨਿਹਾਲ ਤੇ ਭਾਰਤ ਸਰਕਾਰ ਮੁਰਦਾਬਾਦ ਦੇ ਨਾਹਰਿਆਂ ਨਾਲ ਅਸਮਾਨ ਸਿਰ ਤੇ ਚੁਕ ਲਿਆ। ਜੇਲ ਅੰਦਰ ਜਥੇਦਾਰ ਸੰਤੋਖ ਸਿੰਘ ਦੇ ਇਹਨਾਂ ਸਾਥੀਆਂ ਨੇ ਜੋਸ਼ ਵਿਚ ਆ ਕੇ ਸਾਨੂੰ ਮਿਲਣ ਆਉਣ ਲਈ ਆਪੋ ਆਪਣੀਆਂ ਬੈਰਕਾਂ ਦੀ ਚਾਰ ਦੀਵਾਰੀ ਦੀਆਂ ਕੰਧਾਂ ਨੂੰ ਟਪਣਾ ਸ਼ੁਰੂ ਕਰ ਦਿਤਾ। ਜੇਲ ਅੰਦਰ ਅਜਿਹਾ ਵਾਤਾਵਰਣ ਦੇਖ ਕੇ ਸ: ਆਤਮਾ ਸਿੰਘ ਮੈਂਨੰ ਸਮਝਾਉਣ ਲਗੇ ਕਿ ਜੇਲ ਅੰਦਰ ਕਿਸੇ ਦੇ ਨਾਹਰਿਆਂ ਦੀ ਭੜਕਾਹਟ ਵਿਚ ਵਿਚ ਕਦੇ ਵੀ ਆਉਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਹਮੇਸ਼ਾਂ ਹੀ ਸ਼ਾਂਤਚਿਤ ਰਹਿਣਾ ਹੈ। ਅਜੇ ਸ: ਆਤਮਾ ਸਿੰਘ ਜੀ ਸਾਨੂੰ ਇਸ ਬਾਰੇ ਸਮਝਾ ਹੀ ਰਹੇ ਸਨ ਕਿ ਜੇਲ ਵਿਚ ਜਥੇਦਾਰ ਸੰਤੋਖ ਸਿੰਘ ਦੇ ਸਾਥੀਆਂ ਦੇ ਖੌਰੂ ਪਾਉਣ ਕਾਰਣ ਜੇਲ ਅਧਿਕਾਰੀਆਂ ਨੂੰ ਜੇਲ ਦਾ ਅਲਾਰਮ ਵਜਾਉਣਾ ਪਿਆ। ਸਾਡੇ ਦੇਖਦਿਆਂ ਹੀ ਦੇਖਦਿਆਂ ਜੇਲ ਅੰਦਰ ਪੁਲੀਸ ਦੀ ਭਾਰੀ ਫੋਰਸ ਪਹੁੰਚ ਗਈ। ਲੇਕਿਨ ਅਕਾਲੀ ਆਗੂਆਂ ਦੀ ਸਿਆਣਪ ਤੇ ਸੂਝਬੂਝ ਕਾਰਣ ਕੋਈ ਭਾਣਾ ਵਰਤਣੋਂ ਟਲ ਗਿਆ। ਅਗਲੇ ਦਿਨ ਜੇਲ ਅੰਦਰ ਸੰਤ ਫਤਹਿ ਸਿੰਘ ਦੀ ਬੈਰਕ ਦੇ ਸਾਹਮਣੇ ਅਸੀਂ ਸਾਰੇ ਇਕਠੇ ਹੋਏ। ਅਕਾਲੀ ਕੈਦੀਆਂ ਨੂੰ ਸੰਤ ਫਤਹਿ ਸਿੰਘ ਤੇ ਸ: ਆਤਮਾ ਸਿੰਘ ਨੇ ਸੰਬੋਧਨ ਕਰਦਿਆਂ ਸਾਰੇ ਹੀ ਅਕਾਲੀ ਕੈਦੀਆਂ ਨੂੰ ਅਪੀਲ ਕੀਤੀ ਕਿ ਉਹ ਜੇਲ ਦੇ ਕਿਸੇ ਵੀ ਕਾਨੂੰਨ ਨੂੰ ਆਪਣੇ ਹਥ ਵਿਚ ਨਾਂ ਲੈਣ ਸਗੋਂ ਇਕ ਜੁੰਮੇਵਾਰ ਸ਼ਹਿਰੀ ਵਾਂਗ ਜੇਲ ਵਿਚ ਆਪਣਾ ਪਰਭਾਵ ਦੇਣ। ਜੇਲ ਵਿਚ ਇਕ ਦੋ ਦਿਨਾਂ ਲਈ ਤਾਂ ਸਾਡੇ ਨਾਲ ਨਾਂ ਤਾਂ ਜੇਲ ਅਧਿਕਾਰੀਆਂ ਵਲੋਂ ਅੱਛਾ ਵਰਤਾਉ ਹੀ ਕੀਤਾ ਗਿਆਂ ਤੇ ਨਾਂ ਹੀ ਜੇਲ ਅੰਦਰ ਸਾਨੂੰ ਕੋਈ ਅੱਛਾ ਖਾਣਾ ਹੀ ਦਿਤਾ ਗਿਆ। ਲੇਕਿਨ ਜਦ ਸ੍ਰੋਮਣੀ ਅਕਾਲੀ ਦਲ ਦੀ ਜੇਲ ਤੋਂ ਬਾਹਰ ਰਹਿਣ ਵਾਲੀ ਲੀਡਰਸ਼ਿਪ ਨੇ ਜੇਲ ਅੰਦਰ ਅਕਾਲੀ ਕੈਦੀਆਂ ਨਾਲ ਜੇਲ ਅਧਿਕਾਰੀਆਂ ਵਲੋਂ ਵਧੀਆ ਵਰਤਾਉ ਨਾ ਕਰਨ ਦੀਆਂ ਸ਼ਿਕਾਇਤਾਂ ਕੀਤੀਆਂ ਤਾਂ ਦਿੱਲੀ ਦੀ ਕਾਰਪੋਰੇਸ਼ਨ ਦਾ ਸਾਰਾ ਪਰਸ਼ਾਂਸ਼ਨ ਹਰਕਤ ਵਿਚ ਆ ਗਿਆ।

ਬਸ ਪਰਸ਼ਾਂਸ਼ਨ ਦੇ ਹਰਕਤ ਵਿਚ ਆਉਣ ਦੀ ਦੇਰ ਹੀ ਸੀ ਕਿ ਜੇਲ ਵਿਚ ਅਕਾਲੀ ਕੈਦੀਆਂ ਨੂੰ ਕੇਵਲ ਵਧੀਆ ਖਾਣਾ ਹੀ ਮਿਲਣ ਨਹੀਂ ਲਗਾ ਸਗੋਂ ਸਰਕਾਰੀ ਸਹੂਲਤਾਂ ਤੇ ਜੇਲ ਦੇ ਕਾਨੂੰਨ ਵਿਚ ਮਿਲੀ ਢਿਲ ਦਾ ਫਾਇਦਾ ਉਠਾਉਂਦੇ ਹੋਏ ਬਹੁਤ ਸਾਰੇ ਸੀਨੀਅਰ ਅਕਾਲੀ ਕੈਦੀ ਮੁਲਾਕਾਤ ਲਈ ਆਈਆਂ ਆਪਣੀਆਂ ਪਤਨੀਆਂ ਨੂੰ ਵੀ ਜੇਲ ਵਿਚ ਗੈਰ ਕਾਨੂਂਨੀ ਤੌਰ ਤੇ ਰਖਦੇ ਰਹੇ। ਅਕਾਲੀ ਕੈਦੀਆਂ ਨੂੰ ਵਧੀਆ ਜੇਲ ਸਹੂਲਤਾਂ ਤੇ ਜੇਲ ਕਾਨੂੰਨ ਵਿਚ ਢਿਲ ਕੇਵਲ ਜਨਸੰਘ ਦੀ ਨਵੀਂ ਦਿਲੀ ਕਾਰਪੋਰੇਸ਼ਨ ਉਪਰ ਕਬਜੇ ਕਾਰਣ ਹੀ ਸੰਭਵ ਹੋ ਸਕੀ ਸੀ। ਕਿਉਂਕਿ ਜਨਸੰਘ ਸਿੱਖ ਭਾਈਚਾਰੇ ਨੂੰ ਆਪਣੇ ਨਜਦੀਕ ਲਿਆਉਣ ਦਾ ਕੋਈ ਵੀ ਮੌਕਾ ਹਥੋਂ ਨਹੀਂ ਸੀ ਗੁਆਉਣਾ ਨਹੀਂ ਚਾਹੁੰਦੀ ਸੀ। ਜੇਲ ਵਿਚ ਅਕਾਲੀ ਕੈਦੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਜੇਲ ਅਧਿਕਾਰੀਆਂ ਨੇ ਜੇਲ ਅੰਦਰ ਹੀ ਅਕਾਲੀਆਂ ਨੂੰ ਆਪਣਾ ਖਾਣਾ ਆਪ ਤਿਆਰ ਕਰਨ ਦਾ ਪਰਬੰਧ ਕਰ ਦਿਤਾ ਤੇ ਇਸ ਲਈ ਵਖ ਵਖ ਜੁਰਮਾਂ ਅਧੀਨ ਕੈਦ ਕਟ ਰਹੇ ਕੈਦੀਆਂ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆ। ਜੇਲ ਅਧਿਕਾਰੀਆਂ ਦਾ ਇਹ ਫੈਸਲਾ ਜੇਲ ਦੇ ਕੈਦੀਆਂ ਲਈ ਵੀ ਵਰਦਾਨ ਸਾਬਤ ਹੋਇਆਂ ਕਿਉਂਕਿ ਹੁਣ ਉਹਨਾਂ ਨੂੰ ਵੀ ਅਕਾਲੀ ਕੈਦੀਆਂ ਵਾਲਾ ਖਾਣਾ ਖਾਣ ਲਈ ਮਿਲ ਜਾਂਦਾ ਸੀ ਜਿਸ ਕਾਰਣ ਬਹੁਤ ਸਾਰੇ ਕੈਦੀ ਆਪਸ ਵਿਚ ਇਹ ਗਲਾਂ ਕਰਦੇ ਸੁਣੇ ਗਏ ਕਿ ਰਬ ਕਰੇ ਇਹ ਅਕਾਲੀਆਂ ਦਾ ਮੋਰਚਾ ਸਾਡੇ ਕੈਦ ਕਟਣ ਤਕ ਦੇ ਸਮੇਂ ਤਕ ਖਤਮ ਨਾ ਹੋਵੇ।

ਉਧਰ ਸਰਕਾਰ ਦੀ ਇਸ ਟਹਿਲ ਸੇਵਾ ਤੋਂ ਅਕਾਲੀ ਕੈਦੀ ਬਾਗੋ ਬਾਗ ਹੁੰਦੇ ਹੋਏ ਜੇਲ ਦੀਆਂ ਸੁਖ ਸਹੂਲਤਾਂ ਦਾ ਆਨੰਦ ਮਾਣਦੇ ਹੋਏ ਆਪੌ ਆਪਣੇ ਘਰਾਂ ਦੀ ਯਾਦ ਵੀ ਭੁਲਾਈ ਬੈਠੇ ਦਿਖਾਈ ਦੇ ਰਹੇ ਸਨ

#ਸਤਨਾਮ_ਸਿੰਘ_ਚਾਹਲ

#ਤਿਹਾੜ_ਜੇਲ

Leave a Reply

Your email address will not be published. Required fields are marked *