ਸ਼ੱਕ ਦੇ ਘੇਰੇ ਵਿੱਚ ਐਨ.ਜ਼ੀ.ਓਜ਼ – ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’

ਐਨ.ਜ਼ੀ.ਓ. ਅਜਿਹੀ ਨਾਨ ਗਵਰਨਮੈਂਟਲ ਆਰਗੇਨਾਈਜ਼ੇਸ਼ਨ ਹੁੰਦੀ ਹੈ ਜਿਹੜੀ ਬਿਨਾ ਸਰਕਾਰੀ ਮਦੱਦ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੋਵੇ।ਪੰਜਾਬ ਵਿੱਚ ਇੱਕ ਰਿਵਾਜ ਜਿਹਾ ਹੀ ਚੱਲ ਪਿਆ ਹੈ ਕਿ ਕੋਈ ਐਨ.ਜ਼ੀ.ਓ ਬਣਾਓ, ਫਿਰ ਦੋ-ਚਾਰ ਗਰੀਬ ਗੁਰਬਿਆਂ ਦੀ ਮਦੱਦ ਕਰੋ ਤੇ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀ ਤੇ ਵਾਇਰਲ ਕਰ ਦਿਓ।ਐਨ.ਆਰ.ਆਈ. ਵੀਰਾਂ ਨੂੰ ਮਦੱਦ ਕਰਨ ਲਈ ਪੁਕਾਰ ਲਾ ਦਿਓ।ਪੰਜਾਬੀ ਜਿੱਥੇ ਮਿਹਨਤੀ ਹਨ,ਉੱਥੇ ਹੱਦੋਂ ਵੱਧ ਭਾਵੁਕ ਵੀ ਹਨ।ਭਾਵੁਕਤਾ ਦੇ ਵਹਿਣ ਵਿੱਚ ਵਹਿ ਕੇ ਬਿਨਾ ਕਿਸੇ ਜਾਂਚ ਪੜਤਾਲ ਦੇ ਐਨ.ਆਰ ਆਈ. ਧੜਾਧੜ ਪੈਸਾ ਭੇਜਣਾ ਸ਼ੁਰੂ ਕਰ ਦਿੰਦੇ ਹਨ।ਪੰਜਾਬ ਵਿੱਚ ਹੁਣ ਐਨ.ਜ਼ੀ.ਓਜ਼ ਦਾ ਹੜ੍ਹ ਜਿਹਾ ਆਇਆ ਹੋਇਆ ਹੈ।ਇਸ ਸਾਰੇ ਕੁੱਝ ਲਈ ਸੋਸ਼ਲ ਮੀਡੀਆ ਨੂੰ ਪੌੜੀ ਬਣਾਕੇ ਵਰਤਿਆ ਜਾ ਰਿਹਾ ਹੈ।ਪਿਛਲੇ ਦਿਨੀਂ ਕਿਸੇ ਨੇ ਇੱਕ ਲੜਕੀ ਦੀ ਮਦੱਦ ਸਬੰਧੀ ਸੋਸ਼ਲ ਮੀਡੀਆ ਤੇ ਬੇਨਤੀ ਕੀਤੀ ਤਾਂ ਕੁੱਝ ਦਿਨਾਂ ਵਿੱਚ ਹੀ ਉਸਨੂੰ ਕਰੋੜ ਪਤੀ ਬਣਾ ਦਿੱਤਾ ਗਿਆ।
 ਨਿਰਸਵਾਰਥ ਹੋ ਕੇ ਲੋੜਵੰਦਾਂ ਦੀ ਸੇਵਾ ਕਰਨਾ ਕਿਸੇ ਆਮ ਬੰਦੇ ਦਾ ਕੰਮ ਨਹੀਂ,ਇਹਦੇ ਲਈ ਤਿਆਗ ਦੀ ਭਾਵਨਾ ਦਾ ਹੋਣਾ ਜਰੂਰੀ ਹੁੰਦਾ ਹੈ,ਇਹ ਭਾਵਨਾ ਕਿਸੇ ਵਿਰਲੇ ਟਾਵੇਂ ਦੇ ਹਿੱਸੇ ਹੀ ਆਈ ਹੁੰਦੀ ਹੈ।ਐਨ.ਜ਼ੀ.ਓ. ਚਲਾਉਣ ਵਾਲਾ ਬੰਦਾ ਭਗਤ ਪੂਰਨ ਸਿੰਘ ਵਰਗਾ ਫਕੀਰ ਤੇ ਫੱਕਰ ਹੋਣਾ ਚਾਹੀਦਾ ਹੈ।ਬਹੁ-ਗਿਣਤੀ ਐਨ.ਜ਼ੀ.ਓਜ਼. ਸਿਰਫ ਆਪਣੇ ਸਵਾਰਥ ਲਈ ਚਲਾਈਆਂ ਜਾ ਰਹੀਆਂ ਹਨ।ਕਈ ਐਨ.ਜ਼ੀ.ਓਜ਼ ਵਿੱਚ ਨੌਜਵਾਨਾਂ ਦੀ ਗਿਣਤੀ ਵੇਖਣ ਨੂੰ ਬਹੁਤ ਮਿਲਦੀ ਹੈ,ਇਹ ਨੌਜਵਾਨ ਕੋਈ ਆਪਣਾ ਕੰਮ ਧੰਦਾ ਵੀ ਨਹੀਂ ਕਰਦੇ ਹੁੰਦੇ।ਇਹਨਾਂ ਦੀ ਰੋਟੀ ਰੋਜੀ ਕਿੱਥੋਂ ਚੱਲਦੀ ਹੈ,ਇਹ ਭੇਤ ਵਾਲੀ ਗੱਲ ਹੈ।ਕਈ ਚੈਨਲਾਂ ਨੇ ਐਨ.ਜ਼ੀ.ਓਜ਼ ਚਲਾਉਣ ਵਾਲਿਆਂ ਦਾਂ ਭਾਂਡਾ ਭੰਨ ਕੇ ਪਬਲਿਕ ਵਿੱਚ ਉਹਨਾਂ ਦੇ ਕਿੱਸਿਆਂ ਨੂੰ ਜੱਗ ਜਾਹਰ ਕੀਤਾ ਹੈ।ਕਈ ਐਨ.ਜ਼ੀ.ਓਜ਼ ਦੇ ਸੰਸਥਾਪਕ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਫਿਰਦੇ ਹਨ,ਬਰੈਂਡਿਡ ਕੱਪੜੇ ਪਹਿਨਦੇ ਹਨ,ਵਧੀਆ ਖਾਂਦੇ ਪੀਂਦੇ ਹਨ।ਇਹ ਸਾਰਾ ਕੁੱਝ ਦਾਨੀਆਂ ਦੇ ਸਿਰ ਤੇ ਹੋ ਰਿਹਾ ਹੈ।
  ਐਨ.ਜ਼ੀ.ਓਜ਼ ਚਲਾਉਣ ਵਾਲਿਆਂ ਨੂੰ ਲਗਦਾ ਹੈ ਕਿ ਵਿਦੇਸ਼ਾਂ ਵਿੱਚ ਡਾਲਰ,ਪੌਂਡ ਜਾਂ ਯੂਰੋ ਦਰੱਖਤਾਂ ਨੂੰ ਹੀ ਲੱਗੇ ਹੁੰਦੇ ਹਨ,ਜੀਹਦਾ ਜੀਅ ਕਰਦਾ ਜਿੰਨੇ ਮਰਜੀ ਤੋੜ ਲਵੇ।ਪੈਸਾ ਕਮਾਉਣਾ ਸਭ ਤੋਂ ਸੌਖਾ ਭਾਰਤ ਵਿੱਚ ਹੀ ਹੈ,ਵਿਦੇਸ਼ਾਂ ਵਿੱਚ ਪੈਸਾ ਕਮਾਉਣ ਲਈ ਲੋਕਾਂ ਨੂੰ ਜਾਨ ਤੋੜ ਕੇ ਮਿਹਨਤ ਕਰਨੀ ਪੈਂਦੀ ਹੈ।ਬਾਰਾਂ-ਬਾਰਾਂ ਘੰਟੇ ਲੱਤਾਂ ਭਾਰ ਖੜੇ ਰਹਿ ਕੇ ਸ਼ਿਫਟਾਂ ਲਾਉਣੀਆਂ ਪੈਂਦੀਆਂ ਹਨ।ਲੋਕਾਂ ਦੇ ਗੋਡਿਆਂ ਦੀ ਗਰੀਸ ਮੁੱਕ ਜਾਂਦੀ ਹੈ,ਦਰਦਾਂ ਸ਼ੁਰੂ ਹੋ ਜਾਂਦੀਆਂ ਹਨ,ਫਿਰ ਵਿਚਾਰੇ ਪੰਜਾਬ ਗੋਡੇ ਬਦਲਾਉਣ ਲਈ ਜਾਂਦੇ ਹਨ।ਵਿਦੇਸ਼ ਵਿੱਚ ਪੰਦਰਾਂ ਮਿੰਟ ਦੀ ਬਰੇਕ ਦਾ ਮਤਲਬ ਵੀ ਪੰਦਰਾਂ ਮਿੰਟ ਹੀ ਹੁੰਦਾ ਹੈ,ਸੋਲਵੇਂ ਮਿੰਟ ਤੇ ਕੰਮ ਹੋ ਰਿਹਾ ਹੁੰਦਾ ਹੈ,ਭਾਰਤ ਵਾਂਗ ਨਹੀਂ ਕਿ ਅੱਧੇ ਘੰਟੇ ਦੀ ਬਰੇਕ ਵੀ ਦੋ-ਦੋ ਘੰਟ ਚੱਲਦੀ ਰਹਿੰਦੀ ਹੈ,ਫਿਰ ਵੀ ਉਹਨਾਂ ਨੂੰ ਕਹਿਣ ਵਾਲਾ ਕੋਈ ਨਹੀਂ ਹੁੰਦਾ।ਜਿਹੜੇ ਐਨ.ਆਰ.ਆਈਜ਼ ਪੈਸਾ ਭੇਜਦੇ ਹਨ,ਇਹਦਾ ਅਰਥ ਇਹ ਨਹੀਂ ਕਿ ਉਹਨਾਂ ਕੋਲ ਪੈਸਾ ਵਾਧੂ ਹੋ ਗਿਆ ਹੈ,ਇਹ ਤਾਂ ਸਿਰਫ ਉਹਨਾਂ ਦਾ ਰੂਹ ਤੋਂ ਆਪਣੇ ਵਤਨ ਨਾਲ ਜੁੜੇ ਹੋਣ ਦਾ ਨਤੀਜਾ ਹੈ।ਐਨ.ਆਰ.ਆਈਜ਼ ਵਲੋਂ ਭੇਜੇ ਇੱਕ ਇੱਕ ਪੈਸੇ ਵਿੱਚ ਉਹਨੇ ਦੇ ਮੁੜ੍ਹਕੇ ਦੀ ਖੁਸ਼ਬੋ ਹੁੰਦੀ ਹੈ।
 ਦਾਨ ਕਰਨਾ ਸਾਡੀ ਪਰੰਪਰਾ ਹੈ।ਦਾਨ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਹ ਜਰੂਰ ਘੋਖ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਦਾਨ ਕੀਤਾ ਪੈਸਾ ਜਾਂ ਕੋਈ ਹੋਰ ਵਸਤੂ ਲੋੜਵੰਦ ਤੱਕ ਜਾ ਵੀ ਰਹੀ ਜਾਂ ਫਿਰ ਰਾਹ ਵਿੱਚ ਹੀ ਖੁਰਦ-ਬੁਰਦ ਹੋ ਰਹੀ ਹੈ।ਪਿਛਲੇ ਦਿਨੀਂ ਕੋਰੋਨਾ ਕਾਲ ਵਿੱਚ ਬੰਦ ਦੌਰਾਨ ਕਈ ਘਰਾਂ ਕੋਲ ਸਾਲ-ਦੋ ਸਾਲ ਤੱਕ ਦਾ ਰਾਸ਼ਨ ਜਮ੍ਹਾਂ ਹੋ ਗਿਆ ਹੈ।ਕਈ ਤਾਂ ਖਾਣਾ ਲੈਣ ਵੇਲੇ ਇਹ ਵੀ ਪੁੱਛਣ ਲੱਗ ਪਏ ਸਨ ਕਿ ਖਾਣੇ ਵਿੱਚ ਪਨੀਰ ਜਾਂ ਮੀਟ ਹੈ ਜੇ ਅਜਿਹਾ ਨਹੀਂ ਤਾਂ ਉਹ ਖਾਣਾ ਲੈਣ ਤੋਂ ਹੀ ਨਾਂਹ ਕਰਨ ਲੱਗ ਪਏ ਸਨ।ਕੋਈ ਵੀ ਵਸਤੂ ਲੋੜਵੰਦ ਤੱਕ ਜਾਵੇ ਤਾਂ ਹੀ ਤੁਹਾਡੇ ਦਾਨ ਦਾ ਮਕਸਦ ਪੂਰਾ ਹੁੰਦਾ ਹੈ।ਕੁੱਝ ਸਮਾਂ ਪਹਿਲਾਂ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਮਦੱਦ ਕਰਨ ਲਈ ਸਾਰਾ ਪੰਜਾਬ ਹੀ ਉਮੜ੍ਹ ਪਿਆ ਸੀ।ਉਹਨਾਂ ਲੋਕਾਂ ਕੋਲ ਸਮਾਨ ਰੱਖਣ ਲਈ ਵੀ ਥਾਂ ਨਹੀਂ ਸੀ ਲੱਭਦਾ,ਦਾਨੀਆਂ ਨੇ ਐਨੀ ਖੁੱਲਦਿਲੀ ਵਿਖਾਈ।ਇਹ ਸਾਰਾ ਕੁੱਝ ਭੇਡਚਾਲ ਕਰਕੇ ਹੀ ਹੋ ਰਿਹਾ ਸੀ।ਸਮਾਜ ਵਿੱਚ ਇੱਕ ਦੌੜ ਜਿਹੀ ਲੱਗ ਗਈ ਸੀ ਕਿ ਫਲਾਣੇ ਦੀ ਦਾਨ ਕਰਦੇ ਦੀ ਫੋਟੋ ਅਖਬਾਰ ਵਿੱਚ ਛੱਪ ਗਈ,ਮੈਂ ਰਹਿ ਗਿਆ।ਅਗਲੇ ਦਿਨ ਚਾਰ ਬੰਦੇ ਲੈ ਕੇ ਉਹ ਵੀ ਸਮਾਨ ਦੇਣ ਪਹੁੰਚ ਗਿਆ ਜਦੋਂ ਕਿ ਉਹਨਾਂ ਨੂੰ ਲੋੜ ਵੀ ਨਹੀਂ ਸੀ ਰਹਿ ਗਈ।
 ਐਨ.ਜ਼ੀ.ਓਜ਼ ਚੱਲਣੀਆਂ ਚਾਹੀਦੀਆਂ ਹਨ ਪਰ ਇਹਨਾਂ ਨੂੰ ਚਲਾਉਣ ਲਈ ਉਹੀ ਸਾਹਮਣੇ ਆਉਣ ਜਿਹੜੇ ਆਪਣੇ ਕੋਲੋਂ ਵੀ ਚਾਰ ਛਿੱਲੜ ਦਾਨ ਕਰ ਸਕਦੇ ਹੋਣ,ਨਾ ਕਿ ਉਹ ਲੋਕ ਜਿਹੜੇ ਆਪਣਾ ਤੋਰੀ ਫੁਲਕਾ ਵੀ ਇਹਦੇ ਚੋਂ ਹੀ ਲੱਭਦੇ ਹੋਣ।ਇਹ ਕੋਈ ਵਪਾਰਕ ਸੰਸਥਾ ਨਹੀਂ ਬਣਨੀ ਚਾਹੀਦੀ।ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਐਨ.ਜ਼ੀ.ਓਜ਼. ਦੇ ਅਰਥ ਹੀ ਬਦਲ ਜਾਣ।ਵਿਦੇਸ਼ੀ ਵੀਰਾਂ ਭੈਣਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਵੀ ਉਹ ਦਾਨ ਕਰਨ ਉਦੋਂ ਕੋਈ ਨਾ ਕੋਈ ਵਾਕਫ ਜਰੂਰ ਵੇਖ ਲਿਆ ਕਰਨ ਤਾਂ ਕਿ ਉਹਨਾਂ ਵਲੋਂ ਦਾਨ ਕੀਤਾ ਪੈਸਾ ਸਹੀ ਜਗ੍ਹਾ ਤੇ ਚਲਾ ਜਾਵੇ,ਕਿਤੇ ਇਹ ਨਾ ਹੋਵੇ ਕਿ ਤੁਹਾਡਾ ਦਾਨ ਕਿਸੇ ਭਰੇ ਹੋਏ ਦਾ ਹੀ ਢਿੱਡ ਭਰਦਾ ਰਹੇ।ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਇਸ ਸੰਸਥਾ ਨੂੰ ਕਲੰਕਿਤ ਕਰਨ ਦੇ ਰਾਹ ਤੁਰੇ ਹੋਏ ਹਨ,ਉਹ ਆਪ ਹੀ ਪਿੱਛੇ ਹੱਟ ਜਾਣ, ਕਿਤੇ ਮਿਹਨਤ ਮੁਸ਼ੱਕਤ ਕਰਕੇ ਆਪਣਾ ਗੁਜਾਰਾ ਕਰਨ।ਇਹ ਗੱਲ ਉਹਨਾਂ ਨੂੰ ਜਰੂਰ ਸਮਝ ਲੈਣੀ ਚਾਹੀਦੀ ਹੈ ਕਿ ਦਾਨੀਆਂ ਵਲੋਂ ਹੱਕ ਸੱਚ ਦੀ ਕਮਾਈ ਚੋਂ ਕੀਤਾ ਦਾਨ ਆਪਣੀ ਐਸ਼ੋ-ਇਸ਼ਰਤ ਤੇ ਖਰਚਣ ਨਾਲ ਇੱਕ ਨਾ ਇੱਕ ਦਿਨ ਉਹਨਾਂ ਦੀ ਬਰਬਾਦੀ ਦੀ ਨੀਂਹ ਜਰੂਰ ਬੰਨ੍ਹੇਗਾ।
ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀਆ'
      ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
    ਫੋਨ-੦੦੧-੩੬੦-੪੪੮-੧੯੮੯

Leave a Reply

Your email address will not be published. Required fields are marked *