ਅਮਰੀਕਾ ਤੋਂ ਆਏ ਐੱਨਆਰਆਈ ਦਾ ਜਲੰਧਰ ’ਚ ਕਤਲ

ਜਲੰਧਰ : ਅਮਰੀਕਾ ਤੋਂ ਭਾਰਤ ਆਏ ਐੱਨਆਰਆਈ ਨੂੰ ਫ਼ੋਨ ਕਰ ਕੇ ਲੁਧਿਆਣਾ ਤੋਂ ਜਲੰਧਰ ਬੁਲਾ ਕੇ ਹੱਤਿਆ ਕਰ ਦਿੱਤੀ ਗਈ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸਤਲੁਜ ਦਰਿਆ ਕੰਢੇ ਝਾੜੀਆਂ ‘ਚ ਸੁੱਟ ਦਿੱਤਾ ਗਿਆ। ਲਾਸ਼ ਦੀ ਪਛਾਣ ਹੋਣ ਤੋਂ ਬਾਅਦ ਪੁਲਿਸ ਨੇ ਥਾਣਾ ਮਹਿਤਪੁਰ ‘ਚ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਕੇਸ ਦਰਜ ਕਰ ਲਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਸ੍ਰੀ ਹਰਗੋਬਿੰਦਪੁਰ ‘ਚ ਆਉਂਦੇ ਪਿੰਡ ਚੀਮਾ ਖੁੱਡੀ ਦੇ ਹਰਦੀਪ ਸਿੰਘ ਨੇ ਮਹਿਤਪੁਰ ਪੁਲਿਸ ਨੂੰ ਦੱਸਿਆ ਕਿ ਉਹ ਵਾਟਰ ਸਪਲਾਈ ‘ਚ ਪੰਪ ਆਪ੍ਰੇਟਰ ਦਾ ਕੰਮ ਕਰਦਾ ਹੈ ਤੇ ਉਸ ਦਾ ਇਕ ਭਰਾ ਤੇ ਚਾਰ ਭੈਣਾਂ ਹਨ। ਉਸ ਦੀ ਇਕ ਭੈਣ ਸਰਬਜੀਤ ਕੌਰ ਦਾ ਵਿਆਹ 13 ਸਾਲ ਪਹਿਲਾਂ ਅੰਮਿ੍ਤਸਰ ਦੇ ਬਿਆਸ ਥਾਣੇ ‘ਚ ਆਉਂਦੇ ਪਿੰਡ ਚੀਮਾ ਬਾਠ ਦੇ ਰਹਿਣ ਵਾਲੇ ਜਰਨੈਲ ਸਿੰਘ ਨਾਲ ਹੋਇਆ ਸੀ। ਉਹ ਪੱਕੇ ਤੌਰ ‘ਤੇ ਅਮਰੀਕਾ ‘ਚ ਰਹਿੰਦਾ ਸੀ। ਵਿਆਹ ਤੋਂ ਬਾਅਦ ਉਸ ਦੀ ਭੈਣ ਵੀ ਅਮਰੀਕਾ ਚਲੀ ਗਈ। 28 ਜੁਲਾਈ ਨੂੰ ਜਰਨੈਲ ਸਿੰਘ ਅਮਰੀਕਾ ਤੋਂ ਭਾਰਤ ਪਰਤਿਆ ਸੀ। ਉਹ ਲੁਧਿਆਣਾ ‘ਚ ਆਪਣੇ ਦੋਸਤ ਗੁਰਦੇਵ ਸਿੰਘ ਕੋਲ ਹੈਬੋਵਾਲ ਕਲਾਂ ਲੁਧਿਆਣਾ ‘ਚ ਠਹਿਰਿਆ ਸੀ। 16 ਅਗਸਤ ਦੀ ਸ਼ਾਮ ਉਸ ਨੂੰ ਕੋਈ ਫੋਨ ਆਇਆ ਤੇ ਉਹ ਜਲੰਧਰ ਆ ਗਿਆ। ਇਸ ਤੋਂ ਬਾਅਦ ਉਸ਼ ਦੀ ਲਾਸ਼ ਪਿੰਡ ਰਾਏਪੁਰ ਏਰੀਆ ‘ਚ ਧੁੱਸੀ ਬੰਨ੍ਹ ਸਤਲੁਜ ਦਰਿਆ ਕੋਲ ਝਾੜੀਆਂ ‘ਚੋਂ ਬਰਾਮਦ ਹੋਇਆ, ਜਿਸ ਦੀ ਸੂਚਨਾ ਉਸ ਨੂੰ ਪੁਲਿਸ ਨੇ ਦਿੱਤੀ। ਪਰਿਵਾਰ ਨੇ ਦੋਸ਼ ਲਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਜਰਨੈਲ ਸਿੰਘ ਦੀ ਹੱਤਿਆ ਕਰ ਕੇ ਲਾਸ਼ ਝਾੜੀਆਂ ‘ਚ ਸੁੱਟ ਦਿੱਤੀ।

ਥਾਣਾ ਮਹਿਤਪੁਰ ਦੇ ਐੱਸਐੱਚਓ ਇੰਸਪੈਕਟਰ ਲਖਵੀਰ ਸਿੰਘ ਨੇ ਕਿਹਾ ਕਿ ਅਗਲੇ ਕੁਝ ਦਿਨਾਂ ‘ਚ ਹੀ ਮੁਲਜ਼ਮਾਂ ਬਾਰੇ ਪਰਦਾਫਾਸ਼ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *