ਪ੍ਰਸ਼ਾਂਤ ਭੂਸ਼ਨ ਦੇ ਹੱਕ ਵਿੱਚ ਨਿੱਤਰੇ ਸਮਾਜਿਕ ਕਾਰਕੁਨ

ਚੰਡੀਗੜ੍ਹ : ਨਾਮਵਰ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਅਦਾਲਤੀ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਅੱਜ ਚਿੰਤਾ ਪ੍ਰਗਟਾਈ ਹੈ। ਇਸ ਸਬੰਧੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਸ਼ਾਂਤ ਭੂਸ਼ਨ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਵਾਲਾ ਲੋਕਪੱਖੀ ਬੁੱਧੀਜੀਵੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਬਾਕੀ ਮੈਂਬਰਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਜੇਲ੍ਹਾਂ ਵਿੱਚ ਬੰਦ ਉੱਘੇ ਲੇਖਕਾਂ, ਚਿੰਤਕਾਂ, ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਕੇ ‘ਪ੍ਰਗਟਾਵੇ ਦੀ ਆਜ਼ਾਦੀ’ ਅਤੇ ਲੋਕਤਾਂਤਰਿਕ ਹੱਕਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਭੂਸ਼ਨ ਜਾਂ ਕਿਸੇ ਹੋਰ ਬੁੱਧੀਜੀਵੀ ਵੱਲੋਂ ਅਦਾਲਤਾਂ ਦੀ ਕਾਰਜਸ਼ੈਲੀ ਤੇ ਭਰੋਸੇਯੋਗਤਾ ਬਾਰੇ ਕੀਤੀਆਂ ਇੱਕਾ-ਦੁੱਕਾ ਟਿੱਪਣੀਆਂ ਦੀ ਥਾਂ ਸਰਬਉੱਚ ਅਦਾਲਤ ਹਰ ਰੋਜ਼ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਨਸ਼ਰ ਹੁੰਦੀਆਂ ਸੰਪ੍ਰਦਾਇਕ ਨਫ਼ਰਤ ਫੈਲਾਉਣ ਵਾਲੀਆਂ ਟਿੱਪਣੀਆਂ ਅਤੇ ਬਿਆਨਾਂ ਨੂੰ ਗੰਭੀਰਤਾ ਨਾਲ ਲੈ ਕੇ ਸਰਕਾਰੀ ਤੰਤਰ ਅਤੇ ਸੰਪ੍ਰਦਾਇਕ ਨੀਤੀਆਂ ਵਾਲੇ ਰਾਜਸੀ ਤੇ ਸਮਾਜਿਕ ਸੰਗਠਨਾਂ ਦੀਆਂ ਆਪਹੁਦਰੀਆਂ ’ਤੇ   ਠੱਲ੍ਹ ਪਾਵੇ। 

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਭੱਲਾ ਦੀ ਪ੍ਰਧਾਨਗੀ ਹੇਠ ਵਿਰਸਾ ਵਿਹਾਰ ਵਿੱਚ ਹੋਈ। ਇਸ ਮੌਕੇ ਪ੍ਰੋ. ਪਰਮਿੰਦਰ, ਅਮਰਜੀਤ ਬਾਈ, ਯਸ਼ਪਾਲ ਝਬਾਲ ਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਨਾਲ ਅਜਿਹਾ ਵਤੀਰਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇ ਅਦਾਲਤਾਂ ਵੀ ‘ਵਿਚਾਰਾਂ ਦੀ ਆਜ਼ਾਦੀ’ ਨੂੰ ਕੁਚਲਣ ਵਰਗੇ ਫੈਸਲੇ ਕਰ ਕੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨਾ ਸ਼ੁਰੂ ਕਰ ਦੇਣ ਤਾਂ ਜਨਤਾ ਦਾ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਜਾਵੇਗਾ। ਜਮਹੂਰੀ ਸਭਾ ਨੇ ਮੰਗ ਕੀਤੀ ਕਿ ਇਸ ਫ਼ੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਸੈਂਕੜੇ ਲੇਖਕਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਸੁਖਰਾਜ ਸਿੰਘ ਸਰਕਾਰੀਆ, ਬਲਦੇਵ ਰਾਜ ਵੇਰਕਾ, ਅਸ਼ਵਨੀ ਅਵਸਥੀ, ਰਮੇਸ਼ ਯਾਦਵ, ਅਮਰਜੀਤ ਵੇਰਕਾ, ਗੁਰਬਚਨ ਸਿੰਘ, ਮੇਜਰ ਸਿੰਘ, ਬਲਬੀਰ ਸਿੰਘ ਮੂਧਲ, ਸਵਿੰਦਰ ਭੰਗਾਲੀ ਹਾਜ਼ਰ ਸਨ। 

ਪਟਿਆਲਾ (ਸਰਬਜੀਤ ਸਿੰਘ ਭੰਗੂ): ਉੱਘੇ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਮਾਣਹਾਨੀ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਵਿਰੁੱਧ ਅੱਜ ਇੱਥੇ ਆਲ ਇੰਡੀਆ ਲਾਇਰਜ਼ ਯੂਨੀਅਨ, ਡੈਮੋਕਰੈਟਿਕ ਲਾਇਰਜ਼ ਐਸੋਸੀਏਸ਼ਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਨੇ ਸਾਂਝੇ ਤੌਰ ’ਤੇ ਰੋਸ ਪ੍ਰਰਦਸ਼ਨ ਕੀਤਾ। ਵਕੀਲ ਸਰਬਜੀਤ ਸਿੰਘ ਵਿਰਕ, ਰਾਜੀਵ ਲੋਹਟਬੱਦੀ ਅਤੇ ਨਵਦੀਪ ਸਿੰਘ ਨੇ ਕਿਹਾ ਕਿ ਇਹ ਫੈਸਲਾ ਗ਼ਲਤ ਪ੍ਰਪੰਰਾਵਾਂ ਨੂੰ ਜਨਮ ਦੇਵੇਗਾ। 

ਵਕੀਲਾਂ ਵੱਲੋਂ ਪ੍ਰਸ਼ਾਂਤ ਭੂਸ਼ਨ ਦੇ ਹੱਕ ’ਚ ਪ੍ਰਦਰਸ਼ਨ

ਲੁਧਿਆਣਾ : ਵਕੀਲਾਂ ਦੀ ਜਥੇਬੰਦੀ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਖ਼ਿਲਾਫ਼ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਜੁਡੀਸ਼ੀਅਲ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ। ਇਸ ਮੌਕੇ ਵਕੀਲ ਹਰੀਸ਼ ਰਾਏ ਢਾਂਡਾ, ਸਾਬਕਾ ਬਾਰ ਦੇ ਪ੍ਰਧਾਨ ਨਵਲ ਕਿਸ਼ੋਰ ਛਿੱਬੜ ਅਤੇ ਕੁਲਦੀਪ ਸਿੰਘ ਗਰੇਵਾਲ ਨੇ ਪ੍ਰਸ਼ਾਂਤ ਭੂਸ਼ਨ ਖ਼ਿਲਾਫ਼ ਕਾਰਵਾਈ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰ ਵਿਰੁੱਧ ਦੱਸਿਆ। ਐਡਵੋਕੇਟ ਗੁਰਮੀਤ ਸਿੰਘ ਰੱਤੂ, ਹਰਪ੍ਰੀਤ ਸਿੰਘ ਜੀਰਖ, ਬੀਪੀ ਸਿੰਘ ਗਿੱਲ ਨੇ ਸੁਪਰੀਮ ਕੋਰਟ ਦੇ ਬੈਂਚ ਨੂੰ ਅਪੀਲ ਕੀਤੀ ਕਿ ਪ੍ਰਸ਼ਾਂਤ ਭੂਸ਼ਨ ਖ਼ਿਲਾਫ਼ ਕਾਰਵਾਈ ਵਾਪਸ ਲਈ ਜਾਵੇ।

Leave a Reply

Your email address will not be published. Required fields are marked *