ਨੌਕਰੀਆਂ ਲਈ ਹੁਣ ਕੌਮੀ ਏਜੰਸੀ ‘ਐੱਨਆਰਏ’ ਲਏਗੀ ਸਾਂਝਾ ਟੈਸਟ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਅੱਜ ਕੌਮੀ ਭਰਤੀ ਏਜੰਸੀ (ਐੱਨਆਰਏ) ਕਾਇਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਨਆਰਏ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਸਾਂਝਾ ਯੋਗਤਾ ਟੈਸਟ ਲਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਹ ਇਕ ‘ਇਤਿਹਾਸਕ ਸੁਧਾਰ’ ਹੈ। ਨੌਕਰੀ ਲੱਭਣ ਵਾਲਿਆਂ ਨੂੰ ਇਕ ਸਾਂਝਾ ਟੈਸਟ ਦੇਣਾ ਪਵੇਗਾ। ਇਸ ਨਾਲ ਸਮਾਂ ਤੇ ਪੈਸਾ ਦੋਵੇਂ ਬਚਣਗੇ ਜੋ ਕਿ ਕਈ ਪ੍ਰੀਖਿਆਵਾਂ ਦੇਣ ਵੇਲੇ ਖ਼ਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਕਈ ਵਰ੍ਹਿਆਂ ਤੋਂ ਇਸ ਦੀ ਮੰਗ ਕਰ ਰਹੇ ਸਨ। ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਕਿਹਾ ਕਿ ਐਨਆਰਏ ਨਾਲ ਚੋਣ ਕਰਨੀ ਅਤੇ ਨੌਕਰੀ ਮਿਲਣੀ ਸੁਖਾਲੀ ਹੋਵੇਗੀ, ਖ਼ਾਸ ਕਰ ਕੇ ਸਮਾਜ ਦੇ ਉਨ੍ਹਾਂ ਵਰਗਾਂ ਲਈ ਇਹ ਸਹਾਈ ਹੋਵੇਗਾ ਜੋ ਕਈ ਸਹੂਲਤਾਂ ਤੋਂ ਵਾਂਝੇ ਹਨ। ਗਰੀਬ ਵਰਗ ਤੇ ਔਰਤਾਂ ਨੂੰ ਵੀ ਵੱਖ-ਵੱਖ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੇਣ ਲਈ ਲੰਮੇ ਪੈਂਡੇ ਤੈਅ ਨਹੀਂ ਕਰਨੇ ਪੈਣਗੇ। ਐਨਆਰਏ ਸਾਂਝਾ ਯੋਗਤਾ ਟੈਸਟ (ਸੀਈਟੀ) ਲਏਗਾ ਜਿਸ ਨਾਲ ਗਰੁੱਪ ‘ਬੀ’ ਅਤੇ ‘ਸੀ’ (ਗ਼ੈਰ-ਤਕਨੀਕੀ) ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਏਜੰਸੀ ਵਿਚ ਰੇਲ ਤੇ ਵਿੱਤ ਮੰਤਰਾਲੇ, ਐੱਸਐੱਸਸੀ, ਰੇਲਵੇ ਭਰਤੀ ਬੋਰਡ ਅਤੇ ਆਈਬੀਪੀਐੱਸ (ਬੈਂਕਿੰਗ) ਦੇ ਨੁਮਾਇੰਦੇ ਹੋਣਗੇ। ਇਸ ਤੋਂ ਇਲਾਵਾ ਲੰਮੇ ਸਮੇਂ ਲਈ ਸੀਈਟੀ ਦੇ ਅੰਕ ਹੋਰਨਾਂ ਕੇਂਦਰੀ, ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਪ੍ਰਾਈਵੇਟ ਸੈਕਟਰ ਦੀਆਂ ਭਰਤੀ ਏਜੰਸੀਆਂ ਨਾਲ ਵੀ ਸਾਂਝੇ ਕੀਤੇ ਜਾ ਸਕਣਗੇ। ਐਨਆਰਏ ਲਈ ਸਰਕਾਰ ਨੇ 1517.57 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤੇ ਇਸ ਦਾ ਚੇਅਰਮੈਨ ਸਕੱਤਰ ਪੱਧਰ ਦਾ ਅਧਿਕਾਰੀ ਹੋਵੇਗਾ। ਅਗਲੇ ਤਿੰਨ ਸਾਲਾਂ ਦੌਰਾਨ ਐਨਆਰਏ ਦੀ ਸਥਾਪਨਾ ਤੋਂ ਇਲਾਵਾ 117 ਜ਼ਿਲ੍ਹਿਆਂ ਵਿਚ ਪ੍ਰੀਖਿਆ ਢਾਂਚਾ ਵਿਕਸਿਤ ਕੀਤਾ ਜਾਵੇਗਾ। ਮੁੱਢਲੇ ਗੇੜ ਵਿਚ ਸਰਕਾਰ ਦੀ ਯੋਜਨਾ ਪੂਰੇ ਦੇਸ਼ ਵਿਚ 1000 ਪ੍ਰੀਖਿਆ ਕੇਂਦਰ ਬਣਾਉਣ ਦੀ ਹੈ ਜੋ ਸਾਂਝਾ ਟੈਸਟ ਲੈਣਗੇ। ਹਰ ਜ਼ਿਲ੍ਹੇ ਵਿਚ ਇਕ ਪ੍ਰੀਖਿਆ ਕੇਂਦਰ ਹੋਵੇਗਾ।

Leave a Reply

Your email address will not be published. Required fields are marked *